ਪ੍ਰਵਾਸੀ ਲਾੜਿਆਂ ਨੂੰ ਵਿਆਹ ਤੋਂ ਪਹਿਲਾਂ ਸਰਕਾਰ ਕੋਲੋਂ ‘ਐੱਨ ਓ ਸੀ’ ਲੈਣਾ ਪਵੇਗਾ


ਚੰਡੀਗੜ੍ਹ, 12 ਜੁਲਾਈ, (ਪੋਸਟ ਬਿਊਰੋ)- ਪ੍ਰਵਾਸੀ ਲਾੜਿਆਂ ਵੱਲੋਂ ਪੰਜਾਬ ਵਿਚਲੀਆਂ ਕੁੜੀਆਂ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ‘ਕੋਈ ਇਤਰਾਜ਼ ਨਹੀਂ’ (ਐਨ ਓ ਸੀ) ਸਰਟੀਫ਼ੀਕੇਟ ਲਾਜ਼ਮੀ ਕਰਨ ਲੱਗੀ ਹੈ। ਡਿਪਟੀ ਕਮਿਸ਼ਨਰ (ਡੀ ਸੀ) ਤੋਂ ਐਨ ਓ ਸੀ ਲਏ ਬਿਨਾਂ ਪ੍ਰਵਾਸੀ ਲਾੜਿਆਂ ਦੇ ਵਿਆਹ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੇਗੀ। ਐਨ ਆਰ ਆਈ ਵਿਭਾਗ ਦੀ ਇਹ ਤਜਵੀਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨਜ਼ੂਰ ਕਰ ਲਈ ਹੈ ਅਤੇ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਵਿਚ ਇਸ ਨੂੰ ਅੰਤਮ ਪ੍ਰਵਾਨਗੀ ਲਈ ਪੇਸ਼ ਕੀਤਾ ਜਾਣਾ ਹੈ।
ਵਿਦੇਸ਼ ਵੱਸਦੇ ਪੰਜਾਬੀ ਲਾੜਿਆਂ ਵੱਲੋਂ ਪੰਜਾਬ ਦੀਆਂ ਭੋਲੀਆਂ ਕੁੜੀਆਂ ਨੂੰ ਵਿਆਹ ਦੇ ਬਹਾਨੇ ਧੋਖਾ ਦੇਣ ਦੇ ਕੇਸਾਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਬਾਰੇ ਇਕ ਸੂਚਨਾ ਅਨੁਸਾਰ ਇਸ ਵੇਲੇ 36 ਹਜ਼ਾਰ ਪੰਜਾਬੀ ਕੁੜੀਆਂ ਦੇ ਪ੍ਰਵਾਸੀ ਲਾੜਿਆਂ ਨਾਲ ਵਿਆਹ ਦੇ ਕੇਸ ਚੱਲਦੇ ਹਨ। ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਕੇਂਦਰੀ ਵਿਦੇਸ਼ ਮੰਤਰਾਲੇ ਨੇ ਏਦਾਂ ਦੇ ਪ੍ਰਵਾਸੀ ਲਾੜਿਆਂ ਤੋਂ ਪੰਜਾਬ ਦੀਆਂ ਧੀਆਂ ਬਚਾਉਣ ਲਈ ਸਖ਼ਤ ਕਦਮ ਚੁੱਕੇ ਹਨ। ਖੇਤਰੀ ਪਾਸਪੋਰਟ ਦਫ਼ਤਰ ਚੰਡੀਗੜ੍ਹ ਨੇ ਧੋਖਾ ਦੇਣ ਦੇ ਦੋਸ਼ ਵਿਚ ਇਕ ਪ੍ਰਵਾਸੀ ਲਾੜੇ ਦਾ ਪਾਸਪੋਰਟ ਵੀ ਰੱਦ ਕਰ ਦਿਤਾ ਹੈ।
ਐਨ ਆਰ ਆਈ ਵਿਭਾਗ ਵਲੋਂ ਇਸ ਬਾਰੇ ਪੇਸ਼ ਕੀਤੀ ਤਜਵੀਜ਼ ਅਨੁਸਾਰ ਪ੍ਰਵਾਸੀ ਲਾੜਿਆਂ ਨੂੰ ਪੰਜਾਬ ਵਿਚਲੀ ਕਿਸੇ ਕੁੜੀ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਅਪਣਾ ਅਸਲ ਪਾਸਪੋਰਟ, ਵੀਜ਼ਾ, ਵੋਟਰ ਕਾਰਡ, ਸੋਸ਼ਲ ਸਕਿਓਰਟੀ ਨੰਬਰ, ਤਿੰਨ ਸਾਲਾਂ ਦੀ ਟੈਕਸ ਰਿਟਰਨ, ਬੈਂਕ ਸਟੇਟਮੈਂਟ, ਡਰਾਈਵਿੰਗ ਲਾਇਸੰਸ, ਜਾਇਦਾਦ ਦੇ ਪੇਪਰ ਤੇ ਅਣਵਿਆਹੇ ਹੋਣ ਦਾ ਸਰਟੀਫ਼ਿਕੇਟ ਸਮੇਤ ਨੌਕਰੀ ਦਾ ਨਿਯੁਕਤੀ ਪੱਤਰ ਡਿਪਟੀ ਕਮਿਸ਼ਨਰ ਨੂੰ ਜਮ੍ਹਾਂ ਕਰਵਾਉਣਾ ਹੋਵੇਗਾ। ਡਿਪਟੀ ਕਮਿਸ਼ਨਰ ਕਾਗ਼ਜ਼ਾਂ ਦੀ ਪੜਤਾਲ ਮਗਰੋਂ ‘ਐੱਨ ਓ ਸੀ’ ਜਾਰੀ ਕਰੇਗਾ।
ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਵਿਦੇਸ਼ ਵਿਚਲਾ ਪਹਿਲਾ ਵਿਆਹ ਲੁਕਾ ਕੇ ਧੋਖੇ ਨਾਲ ਪੰਜਾਬ ਵਿੱਚ ਦੂਸਰਾ ਵਿਆਹ ਕਰਾਉਣ ਵਾਲੇ ਲਾੜੇ ਝਿਜਕਣ ਲੱਗ ਜਾਣਗੇ। ਡੀ ਸੀ ਕੋਲ ਜਾਅਲੀ ਜਾਂ ਗ਼ਲਤ ਕਾਗ਼ਜ਼ ਪੇਸ਼ ਕਰਨ ਵਾਲੇ ਪ੍ਰਵਾਸੀ ਲਾੜੇ ਵਿਰੁੱਧ ਕੇਸ ਦਰਜ ਕਰ ਕੇ ਮੁਕੱਦਮਾ ਚਲਾਇਆ ਜਾਵੇਗਾ। ਇਸ ਨਾਲ ਪ੍ਰਵਾਸੀ ਲਾੜੇ, ਜਿਨ੍ਹਾਂ ਦਾ ਜਨਮ ਵੀ ਵਿਦੇਸ਼ ਵਿਚ ਹੋਇਆ ਹੋਵੇ, ਇਥੇ ਆ ਕੇ ਜਦੋਂ ਐਨ ਓ ਸੀ ਨਾਲ ਵਿਆਹ ਕਰਵਾਉਣ ਪਿੱਛੋਂ ਅਪਣੇ ਦੇਸ਼ ਵਾਪਸ ਜਾ ਕੇ ਉਥੋਂ ਦੀ ਅਦਾਲਤ ਵਿਚ ਤਲਾਕ ਦਾ ਕੇਸ ਪਾ ਦੇਣ ਤਾਂ ਉਨ੍ਹਾਂ ਨੂੰ ਪੰਜਾਬ ਵਿਚਲੀ ਲੜਕੀ ਨੂੰ ਐਕਸ ਪਾਰਟੀ (ਇਕ ਪਾਸੜ) ਕਰਾਰ ਦੇ ਕੇ ਆਪਣਾ ਵਿਆਹ ਤੋੜਨ ਦੀ ਆਗਿਆ ਨਹੀਂ ਮਿਲ ਸਕੇਗੀ।
ਐਨ ਆਰ ਆਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਐਸ ਆਰ ਲੱਧੜ ਦੇ ਮੁਤਾਬਕ ਵਿਦੇਸ਼ਾਂ ਜਾ ਵਸੇ ਪੰਜਾਬੀਆਂ ਨੂੰ ਏਥੇ ਅਪਣੀ ਜਾਇਦਾਦ ਜਾਂ ਹੋਰ ਕਾਨੂੰਨੀ ਕੇਸਾਂ ਵਿਚ ਔਕੜਾਂ ਆ ਰਹੀਆਂ ਹਨ ਤਾਂ ਏਥੇ ਵਸਦੀਆਂ ਕੁੜੀਆਂ ਨਾਲ ਪ੍ਰਵਾਸੀ ਲਾੜਿਆਂ ਵਲੋਂ ਧੋਖਾ ਕਰਨ ਦੇ ਦੋਸ਼ਾਂ ਦੇ ਕੇਸਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਧੋਖੇ ਨਾਲ ਵਿਆਹ ਕਰਨ ਵਾਲੇ ਪ੍ਰਵਾਸੀ ਲਾੜਿਆਂ ਉੱਤੇ ਸਰਕਾਰ ਸਖ਼ਤੀ ਕਰਨ ਲੱਗੀ ਹੈ। ਨਵੀਂ ਤਜਵੀਜ਼ ਨਾਲ ਦੂਸਰੇ ਦੇਸ਼ ਵਿਚ ਪਹਿਲਾਂ ਵਿਆਹੇ ਹੋਏ ਪ੍ਰਵਾਸੀ ਲਾੜੇ ਧੋਖੇ ਨਾਲ ਦੂਸਰਾ ਵਿਆਹ ਨਹੀਂ ਕਰਵਾ ਸਕਣਗੇ।