ਪ੍ਰਭਜੋਤ ਕੈਂਥ ਨੇ ਆਪਣੀ ਕੈਂਪੇਨ ਦੀ ਕੀਤੀ ਰਸਮੀ ਸੁ਼ਰੂਆਤ


ਬਰੈਂਪਟਨ, 10 ਜੁਲਾਈ (ਪੋਸਟ ਬਿਊਰੋ) : ਆਉਣ ਵਾਲੀਆਂ ਮਿਉਂਸਪਲ ਚੋਣਾਂ ਵਿੱਚ ਪਬਲਿਕ ਸਕੂਲ ਬੋਰਡ ਟਰੱਸਟੀ ਦੇ ਅਹੁਦੇ ਲਈ ਪ੍ਰਭਜੋਤ ਕੈਂਥ ਨੇ ਆਪਣੀ ਕੈਂਪੇਨ ਦੀ ਰਸਮੀ ਤੌਰ ਉੱਤੇ ਸ਼ੁਰੂਆਤ ਕੀਤੀ। ਸੋਮਵਾਰ ਨੂੰ ਬੁਖਾਰਾ ਗ੍ਰਿੱਲ ਤੋਂ ਕੈਂਥ ਨੇ ਆਪਣੇ ਪਰਿਵਾਰ, ਦੋਸਤਾਂ, ਮੀਡੀਆ ਤੇ ਸਮਰਥਕਾਂ ਦਰਮਿਆਨ ਰਸਮੀ ਤੌਰ ਉੱਤੇ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ।
ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਕੈਂਥ ਦੀ ਕੈਂਪੇਨ ਦੀਆਂ ਨੀਤੀਆਂ ਤੇ ਸੁਨੇਹੇ ਬਾਰੇ ਅਹਿਮ ਬੁਲਾਰਿਆਂ ਜਿਵੇਂ ਕਿ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਰਿਟਾਇਰਡ ਐਜੂਕੇਟਰ ਸਟੀਫਨ ਰੁਦਰਫੋਰਡ,ਕਈ ਸਿਆਸੀ ਕੈਂਪੇਨਜ਼ ਲਈ ਕੰਮ ਕਰ ਚੁੱਕੇ ਕਰਨਲ ਐਸਪੀ ਸਿੰਘ, ਯੌਰਕ ਯੂਨੀਵਰਸਿਟੀ ਵਿਖੇ ਫੈਕਲਟੀ ਆਫ ਐਨਵਾਇਰਮੈਂਟ ਸਟੱਡੀਜ਼ ਦੇ ਐਸੋਸਿਏਟ ਪ੍ਰੋਫੈਸਰ ਡਾ. ਜੋਜ਼ ਇਚੈਵਰੀ ਨੇ ਜਾਣੂ ਕਰਵਾਇਆ। ਇਸ ਦੌਰਾਨ ਇੱਕਠੇ ਹੋਏ ਲੋਕਾਂ ਵੱਲੋਂ ਇਸ ਕੈਂਪੇਨ ਨੂੰ ਭਰਵਾਂ ਹੁੰਗਾਰਾ ਤੇ ਸਮਰਥਨ ਦੇਣ ਦਾ ਵਾਅਦਾ ਵੀ ਕੀਤਾ ਗਿਆ।
ਪ੍ਰਭਜੋਤ ਕੁਆਲੀਟੇਟਿਵ ਐਂਡ ਕੁਆਂਟੀਟੇਟਿਵ ਰਿਸਰਚਰ, ਡੌਕਿਊਮੈਂਟਰੀ ਫਿਲਮਮੇਕਰ, ਮੋਟੀਵੇਸ਼ਨਲ ਸਪੀਕਰ, ਐਨਵਾਇਰਮੈਂਟਲ ਤੇ ਮਨੁੱਖੀ ਅਧਿਕਾਰਾਂ ਸਬੰਧੀ ਐਕਟੀਵਿਸਟ ਹੈ। ਉਨ੍ਹਾਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਤੋਂ ਆਪਣੀ ਪੜ੍ਹਾਈ ਕੀਤੀ ਤੇ ਪੋਸਟ ਸੈਕੰਡਰੀ ਸਿੱਖਿਆ ਯੌਰਕ ਯੂਨੀਵਰਸਿਟੀ ਤੋਂ ਹਾਸਲ ਕੀਤੀ। ਉਹ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਸੀਨੀਅਰਜ਼ ਤੇ ਨੌਜਵਾਨਾਂ ਨਾਲ ਵੀ ਕੰਮ ਕਰ ਚੁੱਕੀ ਹੈ ਤੇ ਕਈ ਕੌਮਾਂਤਰੀ ਕਾਨਫਰੰਸਾਂ ਉੱਤੇ ਕੈਨੇਡਾ ਦੀ ਅਗਵਾਈ ਵੀ ਕਰ ਚੁੱਕੀ ਹੈ। ਉਨ੍ਹਾਂ ਨੂੰ ਲੈਫਟੀਨੈਂਟ ਗਵਰਨਰ ਜਨਰਲ ਕਮਿਊਨਿਟੀ ਵਾਲੰਟੀਅਰ ਐਵਾਰਡ, ਕੈਨੇਡਾ 150 ਐਵਾਰਡ, ਮਨੁੱਖਤਾ ਲਈ ਕੀਤੇ ਕੰਮ ਬਦਲੇ ਮੈਰਿਟ ਐਵਾਰਡ ਆਫ ਅਵੇਅਰਨੈੱਸ ਤੇ ਕਈ ਹੋਰ ਐਵਾਰਡ ਵੀ ਮਿਲ ਚੁੱਕੇ ਹਨ।
ਉਨ੍ਹਾਂ ਦਾ ਜਿ਼ੰਦਗੀ ਦਾ ਨਜ਼ਰੀਆ ਤਬਦੀਲੀ ਲਈ ਸਿੱਖਿਅਤ ਕਰਨਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਿਆ ਅਜਿਹਾ ਅਹਿਮ ਸੰਦ ਹੈ ਜਿਸ ਦੀ ਵਰਤੋਂ ਗਲੋਬਲ ਮੁੱਦਿਆਂ ਨੂੰ ਹੱਲ ਕਰਨ ਲਈ ਕੀਤੀ ਜਾ ਸਕਦੀ ਹੈ। ਉਹ ਪੀਲ ਦੇ ਫੇਅਰ ਸ਼ੇਅਰ, ਸਕੂਲਾਂ ਵਿੱਚ ਵਿਦਿਆਰਥੀਆਂ ਦੇ ਮੁਕਾਬਲੇ ਅਧਿਆਪਕਾਂ ਦਾ ਅਨੁਪਾਤ ਠੀਕ ਕਰਨ, ਵਿਦਿਆਰਥੀਆਂ ਲਈ ਐਕਸਟ੍ਰਾਕਿਊਰਿਕੁਲਰ ਪ੍ਰੋਗਰਾਮਜ਼ ਸ਼ੁਰੂ ਕਰਨ, ਸਕੂਲਿੰਗ ਵਿੱਚ ਐਨਵਾਇਰਮੈਂਟ ਐਜੂਕੇਸ਼ਨ, ਪਬਲਿਕ ਸਕੂਲ ਸਿਸਟਮ ਵਿੱਚ ਰਿਸਰਚ ਤੇ ਵਿਕਾਸ ਰਾਹੀਂ ਨਿਵੇਕਲਾਪਨ ਤੇ ਊਰਜਾ ਵਾਪਿਸ ਲਿਆਉਣ ਦੀ ਪੈਰਵੀ ਕਰੇਗੀ। ਜੇ ਉਹ ਚੁਣੀ ਜਾਂਦੀ ਹੈ ਤਾਂ ਉਹ ਕਮਿਊਨਿਟੀ ਦੀ ਦਮਦਾਰ ਆਵਾਜ਼ ਬਣੇਗੀ।