ਪ੍ਰਧਾਨ ਮੰਤਰੀ ਮੋਦੀ ਦੀ ਕੌੜੀ ਭਾਸ਼ਾ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਰਾਸ਼ਟਰਪਤੀ ਨੂੰ ਸ਼ਿਕਾਇਤ

ਨਵੀਂ ਦਿੱਲੀ, 14 ਮਈ, (ਪੋਸਟ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪਾਰਟੀ ਦੇ ਕੁਝ ਹੋਰ ਸੀਨੀਅਰ ਆਗੂਆਂ ਨੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਉੱਤੇ ਨਿੱਜੀ ਹਮਲਿਆਂ ਲਈ ‘ਗ਼ੈਰ ਲੋੜੀਂਦੀ, ਡਰਾਉਣ ਵਾਲੀ ਤੇ ਧਮਕੀਆਂ ਭਰੀ’ ਸ਼ਬਦਾਵਲੀ ਦੀ ਵਰਤੋਂ ਕਰਨ ਤੋਂ ਖ਼ਬਰਦਾਰ ਕਰਨ।
ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ ਆਗੂਆਂ ਨੂੰ ਦਿੱਤੀ ਗਈ ‘ਧਮਕੀ’ ਦੀ ਨਿਖੇਧੀ ਕਰਨੀ ਬਣਦੀ ਹੈ ਕਿਉਂਕਿ 130 ਕਰੋੜ ਲੋਕਾਂ ਵੱਲੋਂ ਸੰਵਿਧਾਨਕ ਤੌਰ ਉੱਤੇ ਚੁਣੇ ਗਏ ਪ੍ਰਧਾਨ ਮੰਤਰੀ ਨੂੰ ਅਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ। ਇਸ ਪੱਤਰ ਉੱਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਸਾਬਕਾ ਕੇਂਦਰੀ ਮੰਤਰੀ ਏ ਕੇ ਐਂਟਨੀ, ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ, ਪੀ. ਚਿਦੰਬਰਮ, ਅਸ਼ੋਕ ਗਹਿਲੋਤ, ਮਲਿਕਾਰਜੁਨ ਖੜਗੇ, ਡਾ: ਕਰਨ ਸਿੰਘ, ਅੰਬਿਕਾ ਸੋਨੀ, ਕਮਲ ਨਾਥ, ਆਨੰਦ ਸ਼ਰਮਾ, ਮੋਤੀਲਾਲ ਵੋਰਾ, ਦਿਗਵਿਜੇ ਸਿੰਘ ਅਤੇ ਮੁਕੁਲ ਵਾਸਨਿਕ ਨੇ ਦਸਖ਼ਤ ਕੀਤੇ ਹਨ। ਕਾਂਗਰਸ ਦੇ ਆਗੂਆਂ ਨੇ ਕਰਨਾਟਕ ਦੇ ਹੁਬਲੀ ਵਿੱਚ 6 ਮਈ ਨੂੰ ਨਰਿੰਦਰ ਮੋਦੀ ਵੱਲੋਂ ਦਿੱਤੇ ਭਾਸ਼ਣ ਦਾ ਹਵਾਲਾ ਦਿੱਤਾ ਹੈ, ਜਿਥੇ ਉਨ੍ਹਾਂ ਨੇ ਕਿਹਾ ਸੀ, ‘ਕਾਂਗਰਸ ਕੇ ਨੇਤਾ ਕਾਨ ਖੋਲ ਕਰ ਸੁਨ ਲੀਜੀਏ, ਅਗਰ ਸੀਮਾਓਂ ਕੋ ਪਾਰ ਕਰੋਗੇ ਤੋ ਯੇ ਮੋਦੀ ਹੈ, ਲੇਨੇ ਕੇ ਦੇਨੇ ਪੜ ਜਾਏਂਗੇ।’ ਪੱਤਰ ਦੇ ਨਾਲ ਭਾਸ਼ਣ ਦਾ ਯੂਟਿਊਬ ਲਿੰਕ ਵੀ ਦਿੱਤਾ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ‘ਨਿੱਜੀ ਅਤੇ ਸਿਆਸੀ’ ਹਿੱਤਾਂ ਦੀ ਪੂਰਤੀ ਲਈ ਤਾਕਤਾਂ ਦੀ ਦੁਰਵਰਤੋਂ ਕਰ ਰਹੇ ਹਨ।
ਇਸ ਪੱਤਰ ਵਿੱਚ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਦੇਸ਼ ਦੇ ਸਾਰੇ ਪ੍ਰਧਾਨ ਮੰਤਰੀ ਅਹੁਦੇ ਦੀ ਮਰਿਆਦਾ ਨੂੰ ਕਾਇਮ ਰੱਖਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਤੇ ਉਸ ਨੇ ਕਈ ਚੁਣੌਤੀਆਂ ਅਤੇ ਧਮਕੀਆਂ ਦਾ ਸਾਹਮਣਾ ਕੀਤਾ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਦੀਆਂ ਧਮਕੀਆਂ ਨਾਲ ਨਾ ਪਾਰਟੀ ਅਤੇ ਨਾ ਉਨ੍ਹਾਂ ਦੇ ਆਗੂਆਂ ਨੂੰ ਡਰਾਇਆ ਜਾ ਸਕਦਾ ਹੈ। ਪੱਤਰ ਦੇ ਮੁਤਾਬਕ ਸੰਵਿਧਾਨ ਮੁਤਾਬਕ ਰਾਸ਼ਟਰਪਤੀ ਦੇਸ਼ ਦੇ ਮੁਖੀ ਹਨ ਅਤੇ ਉਹ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਨੂੰ ਸਲਾਹ ਅਤੇ ਨਿਰਦੇਸ਼ ਦੇ ਸਕਦੇ ਹਨ।