ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਡੋਵਾਲ ਦੀ ਅਮਰਿੰਦਰ ਸਿੰਘ ਨਾਲ ਮੀਟਿੰਗ ਦੇ ਚਰਚੇ


ਚੰਡੀਗੜ੍ਹ, 12 ਫਰਵਰੀ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਸੱਤ ਫਰਵਰੀ ਸ਼ਾਮ ਨੂੰ ਦਿੱਲੀ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਪ੍ਰਸ਼ਾਸਨਿਕ ਤੇ ਸਿਆਸੀ ਹਲਕਿਆਂ ਲਈ ਵੱਡੀ ਚਰਚਾ ਦਾ ਕੇਂਦਰ ਬਣੀ ਹੋਈ ਹੈ।
ਜਾਣਕਾਰ ਸੂਤਰਾਂ ਅਨੁਸਾਰ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਹੋਈ ਇਸ ਬੈਠਕ ਦੌਰਾਨ ਪੰਜਾਬ ਪੁਲਸ ਦੇ ਦੋ ਬਹੁਤ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਅਜੀਤ ਡੋਵਾਲ ਪ੍ਰਧਾਨ ਮੰਤਰੀ ਦੇ ਅੱਤ ਨਿਕਟਵਰਤੀ ਤੇ ਭਰੋਸੇ ਦੇ ਪਾਤਰ ਮੰਨੇ ਜਾਂਦੇ ਹਨ ਤੇ ਪ੍ਰਧਾਨ ਮੰਤਰੀ ਉਨ੍ਹਾਂ ਤੋਂ ਸੁਰੱਖਿਆ ਮਾਮਲਿਆਂ ਦੇ ਨਾਲ ਅਹਿਮ ਸਿਆਸੀ ਤੇ ਕੌਮਾਂਤਰੀ ਪੱਧਰ ਦੇ ਮੁੱਦਿਆਂ ਉੱਤੇ ਵੀ ਸਲਾਹ ਲੈਂਦੇ ਹਨ। ਉਨ੍ਹਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਪੂਰਥਲਾ ਹਾਊਸ ‘ਚ ਮਿਲਣ ਆਉਣਾ ਅਤੇ ਉਨ੍ਹਾਂ ਨਾਲ ਕਰੀਬ ਦੋ ਘੰਟੇ ਤੱਕ ਵਿਚਾਰ ਵਟਾਂਦਰਾ ਕਰਨਾ ਸਾਰੀਆਂ ਧਿਰਾਂ ਲਈ ਹੈਰਾਨੀ ਜਨਕ ਹੈ। ਪੁਲਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮੌਕੇ ਪੰਜਾਬ ਦੇ ਦੋ ਉਚ ਪੁਲਸ ਅਧਿਕਾਰੀਆਂ ਦਾ ਓਥੇ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇਸ ਮਿਲਣੀ ਦੌਰਾਨ ਪੰਜਾਬ ਨਾਲ ਸਬੰਧਤ ਸੁਰੱਖਿਆ ਤੇ ਸਰਹੱਦ ਪਾਰ ਤੋਂ ਚੱਲਦੀਆਂ ਕਾਰਵਾਈਆਂ ਸਮੇਤ ਕਈ ਅਜਿਹੇ ਮੁੱਦੇ ਵਿਚਾਰ ਦਾ ਵਿਸ਼ਾ ਬਣੇ ਹੋ ਸਕਦੇ ਹਨ, ਜਿਨ੍ਹਾਂ ਬਾਰੇ ਕੇਂਦਰ ਸਰਕਾਰ ਚਿੰਤਤ ਰਹਿੰਦੀ ਹੈ। ਇਨ੍ਹਾਂ ਅਫਸਰਾਂ ਦੀ ਇਹ ਸਮਝ ਹੈ ਕਿ ਪੰਜਾਬ ਦੇ ਪੁਲਸ ਮੁਖੀ ਸੁਰੇਸ਼ ਅਰੋੜਾ ਵੀ ਅਜੀਤ ਡੋਵਾਲ ਦੇ ਨਿਕਟਵਰਤੀਆਂ ਵਿੱਚੋਂ ਹਨ, ਇਸੇ ਲਈ ਉਹ ਕੁਝ ਸਮਾਂ ਪਹਿਲਾਂ ਹਿੰਦੁਸਤਾਨ ਵਿੱਚੋਂ ਇਕੱਲੇ ਇਕੋ-ਇਕ ਡੀ ਜੀ ਪੀ ਨੂੰ ਚੀਨ ‘ਚ ਇਕ ਕੌਮਾਂਤਰੀ ਪੱਧਰ ਦੀ ਮੀਟਿੰਗ ਲਈ ਆਪਣੇ ਨਾਲ ਲੈ ਕੇ ਗਏ ਸਨ। ਏਦਾਂ ਹੀ ਪੁਲਸ ਦੇ ਕੁਝ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਸ ਦੇ ਨਵੀਨੀਕਰਨ ਲਈ ਰਾਜ ਸਰਕਾਰ ਨੇ ਕੇਂਦਰ ਤੋਂ ਵਿੱਤੀ ਮਦਦ ਮੰਗੀ ਹੈ ਤੇ ਉਸ ਦੇ ਲਈ ਅਜੀਤ ਡੋਵਾਲ ਤੋਂ ਮਦਦ ਦੀ ਆਸ ਰੱਖੀ ਜਾ ਰਹੀ ਹੈ, ਪਰ ਕਿਸੇ ਕਾਂਗਰਸੀ ਸਰਕਾਰ ਦੇ ਮੁਖੀ ਵੱਲੋਂ ਡੋਵਾਲ ਨਾਲ ਅਜਿਹੀ ਨੇੜਤਾ ਕਾਂਗਰਸ ਆਗੂਆਂ ਨੂੰ ਰੜਕ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਮਿਲਣੀ ਮੌਕੇ ਹੋਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਨਹੀਂ ਸੀ ਤੇ ਇਸ ਮੀਟਿੰਗ ਬਾਰੇ ਮੁੱਖ ਮੰਤਰੀ ਸਕੱਤਰੇਤ ਵੱਲੋਂ ਕਿਸੇ ਤਰ੍ਹਾਂ ਦਾ ਸਪੱਸ਼ਟੀਕਰਨ ਜਾਂ ਜਾਣਕਾਰੀ ਦੇਣੀ ਵੀ ਠੀਕ ਨਹੀਂ ਸਮਝੀ ਗਈ, ਜਿਸ ਕਾਰਨ ਕਾਂਗਰਸੀ ਹਲਕਿਆਂ ਵਿਚਲੀ ਬੇਚੈਨੀ ਹੋਰ ਵਧਦੀ ਜਾ ਰਹੀ ਹੈ।