ਪ੍ਰਧਾਨ ਮੰਤਰੀ ਜੀ, ਸਮਾਂ ਕੌਣ ਵਿਚਾਰੇ!

Justin Tredeauਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੂੰ ਅਫ਼ਸੋਸ ਹੈ ਕਿ ਉਹਨਾਂ ਨੇ ਅਮਰੀਕਾ ਦੇ ਸੈਲੀਬਰਟੀ ਰਿਸਾਲੇ ਰੋਲਿੰਗ ਸਟੋਨ ਨੂੰ ਦਿੱਤੀ ਇੰਟਰਵਿਊ ਵਿੱਚ ਕੈਨੇਡਾ ਦੇ ਮੂਲਵਾਸੀ ਭਾਈਚਾਰੇ ਨਾਲ ਸਬੰਧਿਤ ਸੀਨੇਟਰ ਪੈਟਰਿਕ ਬਰਾਜ਼ੂਅ ਨਾਲ 2012 ਵਿੱਚ ਹੋਏ ਇੱਕ ਬਾਕਸਿੰਗ ਮੈਚ ਬਾਰੇ ਅਜਿਹੇ ਸ਼ਬਦ ਬੋਲੇ ਜਿਹੜੇ ਨਹੀਂ ਸਨ ਬੋਲੇ ਜਾਣੇ ਚਾਹੀਦੇ। ਚੇਤੇ ਰਹੇ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਦਿਨੀਂ ਰੀਲੀਜ਼ ਹੋਏ ਰੋਲਿੰਗ ਸਟੋਨ ਰਿਸਾਲੇ ਦਾ ਮੁੱਖ ਵਿਸ਼ਾ ਸਨ।

ਵੇਖਦੇ ਹਾਂ ਕਿ ਟਰੂਡੋ ਹੋਰਾਂ ਨੇ ਸੀਨੇਟਰ ਪੈਟਰਿਕ ਬਰਾਜ਼ੂਆ ਨਾਲ ਹੋਏ ਆਪਣੇ ਬਾਕਸਿੰਗ ਮੈਚ ਬਾਰੇ ਕੀ ਆਖਿਆ ਸੀ, “ਸਾਨੂੰ ਇੱਕ ਅਜਿਹੇ ਆਦਮੀ ਦੀ ਲੋੜ ਸੀ ਜੋ ਇੱਕ ਬੋਦੂ  (good foil) ਹੁੰਦਾ, ਅਤੇ ਸਾਨੂੰ ਮੂਲਵਾਸੀ ਕਮਿਊਨਿਟੀ ਨਾਲ ਸਬੰਧਿਤ ਇੱਕ ਅਣਘੜ ਪਰ ਤੱਕੜਾ (Scrappy tough-guy)  ਸੀਨੇਟਰ ਲੱਭ ਗਿਆ। ਉਹ ਸਾਡੀ ਲੋੜ ਉੱਤੇ ਪੂਰਾ ਸਹੀ ਢੁੱਕਦਾ ਸੀ, ਅਤੇ (ਸਾਡੇ ਲਈ) ਉਸਨੂੰ ਇੱਕ ਖੂਬਸੂਰਤ ਬੋਦੇ ਵਿਰੋਧੀ ਵਜੋਂ ਲੈਣਾ ਬਹੁਤ ਚੰਗੀ ਗੱਲ ਸੀ। ਅਜਿਹੇ ਬੰਦੋਬਸਤ ਵਿੱਚ ਮੈਨੂੰ ਇੱਕ ਸਹੀ ਕਹਾਣੀ ਦੱਸਣ ਦਾ ਰਾਹ ਲੱਭ ਗਿਆ ਸੀ”।

ਇਸ ਉਸ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸ਼ਬਦ ਹਨ ਜਿਹਨਾਂ ਨੇ ਮੂਲਵਾਸੀਆਂ ਨੂੰ ਸਨਮਾਨ ਦੇਣ ਦਾ ਪ੍ਰਣ ਹੀ ਨਹੀਂ ਹੋਇਆ ਬਲਿਕ ਆਪਣੇ ਪ੍ਰਣ ਦਾ ਜੱਗ ਵਿਖਾਵਾ ਵੀ ਵਧਾ ਚੜਾ ਕੇ ਕੀਤਾ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਮੂਲਵਾਸੀਆਂ ਨਾਲ ਕੀਤੇ ਪ੍ਰਣ ਨੂੰ ਪੂਰਾ ਕਰਨ ਦੇ ਗੋਹਟੇ ਵਿੱਚੋਂ ਹਾਲੇ ਪਹਿਲੀ ਪੂਣੀ ਵੀ ਚੰਗੇ ਤਰੀਕੇ ਨਹੀਂ ਕੱਤੀ ਹੈ।

ਜਿਸ ਬਾਕਸਿੰਗ ਮੈਚ ਦਾ ਹਵਾਲਾ ਜਸਟਿਨ ਟਰੂਡੋ ਹੋਰਾਂ ਨੇ ਡੋਨਲਡ ਟਰੰਪ ਦੇ ਦੇਸ਼ ਵਿੱਚ ਜਾ ਕੇ ਰੋਲਿੰਗ ਸਟੋਨ ਰਿਸਾਲੇ ਕੋਲ ਕੀਤਾ, ਉਹ 2012 ਵਿੱਚ ਵਾਪਰਿਆ ਸੀ। ਇਸ ਮੈਚ ਵਿੱਚ ਟਰੂਡੋ ਹੋਰੀਂ ਟੈਟੂਆਂ ਨਾਲ ਲੱਦੇ, ਕਰਾਟੇ ਵਿੱਚ ਬਲੈਕ ਬੈਲਟ, ਕੈਨੇਡਾ ਦੇ ਸੱਭ ਤੋਂ ਘੱਟ ਉਮਰ ਦੇ ਸੀਨੇਟਰ ਪੈਟਰਿਕ ਬਰਾਜ਼ੂਅ ਤੋਂ ਜਿੱਤ ਗਏ ਸਨ। ਟਰੂਡੋ ਹੋਰਾਂ ਵੱਲੋਂ ਬੋਲੇ ਸ਼ਬਦਾਂ ਉੱਤੇ ਮੂਲਵਾਸੀ ਭਾਈਚਾਰੇ ਨੂੰ ਹੀ ਹੈਰਾਨੀ ਨਹੀਂ ਹੋ ਰਹੀ ਸਗੋਂ ਸੋਸ਼ਲ ਮੀਡੀਆ ਉੱਤੇ ਟਰੂਡੋ ਦੀ ਸੋਚ ਵਿਰੁੱਧ ਰੋਸ ਜਾਗਿਆ ਪਿਆ ਹੈ ਜਿਸਦੀਆਂ ਕੁੱਝ ਮਿਸਾਲਾਂ ਵੇਖਦੇ ਹਾਂ:

“ਸੋ ਇੱਕ ‘ਅਮਰੀਜ਼ਾਦੇ ਗੋਰੇ ਵਿਅਕਤੀ ਲਈ ਇੱਕ ਮੂਲਵਾਸੀ ਇੰਡੀਅਨ ਨੂੰ ਕੁੱਟਣ ਦਾ ਬਿਰਤਾਂਤ ਸਹੀ ਢੁੱਕਦਾ ਹੈ”।

“ਸੱਤਾ ਦੀ ਕੁਰਸੀ ਉੱਤੇ ਬੈਠਾ ਇੱਕ ਗੋਰਾ ਵਿਅਕਤੀ ਇੱਕ ਮੂਲਵਾਸੀ ਇਨਸਾਨ ਨੂੰ ਇਸ ਲਈ ਕੁੱਟਦਾ ਹੈ ਤਾਂ ਕਿ ਉਸਦੀ ਟੌਹਰ ਬਣੇ, ਉਹ ਇੱਕ ਤੱਕੜਾ ਗੋਰਾ ਹੀਰੋ ਬਣ ਕੇ ਉੱਭਰ ਸਕੇ। ਬਸਤੀਵਾਦ ਦੀ ਬੂਅ ਕਿੰਨੀ ਬਿਹਤਰੀਨ ਜਾਪਦੀ ਹੈ”।

“ਜਸਟਿਨ ਟਰੂਡੋ! ਇਹ ਕੀ ਹੋ ਰਿਹਾ ਹੈ ਕਿ ਤੁਸੀਂ ਸਮੂਹ ਭਾਈਚਾਰਿਆਂ ਦਰਮਿਆਨ ਬਰਾਬਰਤਾ ਦੇ ਵਾਅਦੇ ਕਰਨ ਤੋਂ ਬਾਅਦ ਉਸ ਕਮਿਉਨਿਟੀ ਨਾਲ ਸਬੰਧਿਤ ਵਿਅਕਤੀ ਨੂੰ ਕੁੱਟਣ ਦੀਆਂ ਫੜ੍ਹਾਂ ਮਾਰਦੇ ਹੋ ਜਿਸ ਕਮਿਉਨਿਟੀ ਦੇ ਹੱਕਾਂ ਲਈ ਲੜਨ ਦੀ ਤੁਸੀਂ ਸਹੁੰ ਚੁੱਕੀ ਸੀ”।

ਜਸਟਿਨ ਟਰੂਡੋ ਹੋਰਾਂ ਦਾ ਇਹ ਟਰੇਡਮਾਰਕ ਹੈ ਕਿ ਉਹ ਕੁੱਝ ਵੀ ਬੋਲ ਕੇ ਮੁਆਫ਼ੀ ਮੰਗਣ ਵਿੱਚ ਦੇਰ ਨਹੀਂ ਲਾਉਂਦੇ। ਮੁਆਫ਼ੀ ਮੰਗਣਾ ਕਿਸੇ ਵੀ ਵਿਅਕਤੀ ਦਾ ਮਹਾਨ ਗੁਣ ਹੁੰਦਾ ਹੈ। ਇਸ ਪੱਖ ਤੋਂ ਵੇਖਿਆਂ ਟਰੂਡੋ ਹੋਰਾਂ ਦਾ ਮੁਆਫੀ ਮੰਗਣਾ ਇੱਕ ਸਹੀ ਅਤੇ ਢੁੱਕਵਾਂ ਕਦਮ ਹੈ। ਪਰ ਮੁਸ਼ਕਲ ਇਸ ਗੱਲ ਵਿੱਚ ਹੈ ਕਿ ਟਰੂਡੋ ਹੋਰੀਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਵਾਗੂੰ ਘੱਟ ਸਗੋਂ ਇੱਕ ਪੌਪ ਸਟਾਰ ਵਾਗੂੰ ਵਿਚਰਨ ਨੂੰ ਵਧੇਰੇ ਤਰਜੀਹ ਦੇਂਦੇ ਹਨ। ਉਹਨਾਂ ਦੀ ਵੋਗ (Vogue) ਰਿਸਾਲੇ ਦੇ ਮੁੱਖ ਪੰਨੇ ਉੱਤੇ ਆਪਣੀ ਪਤਨੀ ਨਾਲ ਫਿਲਮੀ ਐਕਟਰਾਂ ਵਾਗੂੰ ਰੋਮਾਂਟਿਕ ਜੱਫੀ ਪਾਈ ਫੋਟੋ ਦੀ ਜਿੰਨੀ ਚਰਚਾ ਹੋਈ ਸੀ, ਉੱਨੀ ਹੀ ਚਰਚਾ ਉਸ ਵੱਲੋਂ ਟੋਰਾਂਟੋ ਪਰਾਈਡ ਪਰੇਡ ਦੌਰਾਨ ‘ਈਦ ਮੁਬਾਰਕਾਂ’ ਵਾਲੀ ਪਾਈਆਂ ਜੁਰਾਬਾਂ ਦੀ ਚਰਚਾ ਹੋਈ ਸੀ। ਵੈਸੇ ਫੈਸ਼ਨਦਾਰ ਜੁਰਾਬਾਂ ਪਾਉਣ ਦਾ ਟਰੂਡੋ ਹੋਰਾਂ ਨੂੰ ਐਨਾ ਸ਼ੌਕ ਹੈ ਕਿ ਉਹ ਕਿਸੇ ਵੀ ਦਿਨ, ਕਿਸੇ ਵੀ ਵੇਲੇ, ਕਿਹੋ ਜਿਹੀਆਂ ਵੀ ਜੁਰਾਬਾਂ ਪਾ ਕੇ ਕਿਸੇ ਵੀ ਫੰਕਸ਼ਨ ਉੱਤੇ ਜਾ ਸਕਦੇ ਹਨ।

ਇਸ ਮੁੱਦੇ ਉੱਤੇ ਸਾਨੂੰ ਟੋਰਾਂਟੋ ਸਟਾਰ ਦੇ ਵਿਨੇ ਮੈਨਨ ਨਾਲ ਸਹਿਮਤ ਹੋਣ ਵਿੱਚ ਉੱਕਾ ਹਰਜ਼ ਨਹੀਂ ਹੈ। ਵਿਨੇ ਮੈਨਨ ਦਾ ਆਖਣਾ ਹੈ ਕਿ ਅੱਜ ਕੱਲ ਸਥਿਤੀ ਇਹ ਬਣ ਚੁੱਕੀ ਹੈ ਕਿ ਸਰਕਾਰ ਦੀਆਂ ਪਾਲਸੀਆਂ ਅਤੇ ਪ੍ਰਾਪਤੀਆਂ ਬਾਰੇ ਟਰੂਡੋ ਹੋਰਾਂ ਦੇ ਗੱਲ ਕਰਨ ਨਾਲੋਂ ਟਰੂਡੋ ਹੋਰਾਂ ਦੇ ਜੁਰਾਬਾਂ ਨਾਲ ਸਿ਼ੰਗਾਰੇ ਗਿੱਟੇ ਵਧੇਰੇ ਗੱਲਾਂ ਕਰਦੇ ਹਨ।

ਜਿਸ ਦੌਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੂਲਵਾਸੀਆਂ ਦੇ ਮਨੁੱਖੀ ਅਧਿਕਾਰਾਂ, ਆਰਥਕਤਾ ਦੇ ਨਿੱਤ ਡਿੱਗਦੇ ਗਰਾਫ਼ ਵਰਗੇ ਗੰਭੀਰ ਮੁੱਦਿਆਂ ਬਾਰੇ ਗੱਲ ਕਰਨ ਨਾਲੋਂ ਮੂਲਵਾਸੀਆਂ ਨੂੰ ਮਜਾਕ ਦਾ ਮੁੱਦਾ ਬਣਾਉਣ ਜਾਂ ਜੁਰਾਬਾਂ ਨੂੰ ਸਟੇਟਮੈਂਟ ਵਜੋਂ ਵਰਤਣ ਨੂੰ ਸਵੀਕਾਰ ਕੀਤਾ ਜਾਣ ਲੱਗ ਪਵੇ, ਉੱਥੇ ਕੰਮ ਚਲਾਊ ਸੋਚ ਹੀ ਜੀਵਨ ਦਾ ਧੁਰਾ ਬਣ ਜਾਂਦੀ ਹੈ। ਅਫਸੋਸ ਕਿ ਸਮੇਂ ਦੀ ਨਜ਼ਾਕਤ ਵਿਚਾਰਨ ਨਾਲੋਂ ਅਜਿਹੀ ਪਹੁੰਚ ਨੂੰ ਸਵੀਕਾਰ ਕਰਨਾ ਵੀ ਫੈਸ਼ਨ ਬਣਦਾ ਜਾ ਰਿਹਾ ਹੈ।