ਪੌੜੀਆਂ ਉੱਤੇ ਬਜ਼ੁਰਗਾਂ ਦੀ ਸੌਖ ਲਈ ਹਰਿਮੰਦਰ ਸਾਹਿਬ ਵਿੱਚ ਚਾਰ ਲਿਫਟਾਂ ਲਾਈਆਂ ਗਈਆਂ


ਅੰਮ੍ਰਿਤਸਰ, 31 ਜਨਵਰੀ (ਪੋਸਟ ਬਿਊਰੋ)- ਸ੍ਰੀ ਹਰਮਿੰਦਰ ਸਾਹਿਬ ਆਉਂਦੇ ਬਜ਼ੁਰਗ ਤੇ ਅਪਾਹਜ ਸ਼ਰਧਾਲੂਆਂ ਲਈ ਪੌੜੀਆਂ ਦੇ ਰਸਤੇ ਪਰਿਕਰਮਾ ਵਿੱਚ ਜਾਣ ਵੇਲੇ ਪੇਸ਼ ਆਉਂਦੀ ਔਖ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਰ ਥਾਵਾਂ ਉੱਤੇ ਕੁਰਸੀ ਵਾਲੀਆਂ ਲਿਫਟਾਂ ਲਗਵਾ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਤਿੰਨ ਕੁਰਸੀ ਲਿਫਟਾਂ ਲੱਗ ਚੁੱਕੀਆਂ ਤੇ ਇੱਕ ਦਾ ਕੰਮ ਚੱਲਦਾ ਹੈ। ਇਸ ਤੋਂ ਬਾਅਦ ਇਨ੍ਹਾਂ ਚਾਰੇ ਕੁਰਸੀ ਲਿਫਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ।
ਵਰਨਣ ਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਦਾਖ਼ਲ ਹੋਣ ਲਈ ਛੇ ਰਸਤੇ ਹਨ, ਜਿਨ੍ਹਾਂ ਵਿੱਚੋਂ ਚਾਰ ਰਸਤਿਆਂ ਤੋਂ ਪੌੜੀਆਂ ਰਾਹੀਂ ਹੇਠਾਂ ਉਤਰ ਕੇ ਪਰਿਕਰਮਾ ਵਿੱਚ ਆਉਣਾ ਪੈਂਦਾ ਹੈ। ਇਨ੍ਹਾਂ ਚਾਰ ਰਾਹਾਂ ਵਿੱਚ ਲੰਗਰ ਵਾਲੀ ਬਾਹੀ ਦਾ ਦਰਵਾਜ਼ਾ, ਆਟਾ ਮੰਡੀ ਡਿਉਢੀ ਅਤੇ ਅਕਾਲ ਤਖ਼ਤ ਦੇ ਨੇੜੇ ਦੋਵੇਂ ਪਾਸੇ ਦੀਆਂ ਡਿਉਢੀਆਂ ਸ਼ਾਮਲ ਹਨ। ਇੱਥੋਂ ਪੌੜੀਆਂ ਰਸਤੇ ਹੇਠਾਂ ਉਤਰਨ ਵਿੱਚ ਖਾਸ ਕਰਕੇ ਬਜ਼ੁਰਗ ਤੇ ਅਪਾਹਜ ਸ਼ਰਧਾਲੂਆਂ ਨੂੰ ਕਾਫ਼ੀ ਸਮੱਸਿਆ ਆਉਂਦੀ ਹੈ। ਇਹ ਸਮੱਸਿਆ ਦੂਰ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਚਾਰ ਥਾਵਾਂ ਉੱਤੇ ਕੁਰਸੀ ਵਾਲੀਆਂ ਲਿਫਟਾਂ ਲਵਾਈਆਂ ਹਨ। ਅਪਾਹਜ ਜਾਂ ਬਜ਼ੁਰਗ ਸ਼ਰਧਾਲੂ ਕੁਰਸੀ ਵਾਲੀ ਲਿਫਟ ਉੱਤੇ ਬੈਠ ਕੇ ਇੱਕ ਬਟਨ ਦੱਬ ਕੇ ਹੇਠਾਂ ਪਰਿਕਰਮਾ ਤਕ ਪੁੱਜ ਜਾਵੇਗਾ। ਇਸੇ ਤਰ੍ਹਾਂ ਪਰਿਕਰਮਾ ਤੋਂ ਉਪਰ ਵੀ ਜਾ ਸਕੇਗਾ।
ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਦੇ ਮੁਤਾਬਕ ਕੁਰਸੀ ਵਾਲੀਆਂ ਲਿਫਟਾਂ ਚਾਰ ਦਿਸ਼ਾਵਾਂ ਤੋਂ ਪਰਿਕਰਮਾ ਵਿੱਚ ਦਾਖਲ ਹੋਣ ਲਈ ਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਲਿਫਟਾਂ ਲੱਗ ਚੁੱਕੀਆਂ ਹਨ ਅਤੇ ਇੱਕ ਦਾ ਕੰਮ ਚੱਲ ਰਿਹਾ ਹੈ। ਅਗਲੇ ਦਸ ਦਿਨਾਂ ਤਕ ਆਖ਼ਰੀ ਲਿਫਟ ਵੀ ਲੱਗ ਜਾਵੇਗੀ ਅਤੇ ਫਿਰ ਲਿਫਟਾਂ ਸ਼ਰਧਾਲੂਆਂ ਲਈ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਇੱਕ ਲਿਫਟ ਦੀ ਕੀਮਤ ਲਗਪਗ ਸਵਾ ਲੱਖ ਰੁਪਏ ਹੈ।