ਪੌਰਟਰ ਏਅਰਲਾਈਨ ਦੇ ਅਮਲਾ ਮੈਂਬਰਾਂ ਨੇ ਯਾਤਰੀਆਂ ਨਾਲ ਕੀਤੀ ਧੱਕੇਸ਼ਾਹੀ


ਟੋਰਾਂਟੋ, 9 ਜਨਵਰੀ (ਪੋਸਟ ਬਿਊਰੋ) : ਪਿਛਲੇ ਸ਼ੁੱਕਰਵਾਰ ਬੋਸਟਨ ਤੋਂ ਟੋਰਾਂਟੋ ਆ ਰਹੇ ਪੌਰਟਰ ਏਅਰਲਾਈਨ ਦੇ ਯਾਤਰੀਆਂ ਦਾ ਕਹਿਣਾ ਹੈ ਕਿ ਉਡਾਨ ਰੱਦ ਹੋਣ ਤੋਂ ਬਾਅਦ ਏਅਰਲਾਈਨ ਦੇ ਅਮਲਾ ਮੈਂਬਰਾਂ ਵੱਲੋਂ ਗੇਟ ਉੱਤੇ ਉਨ੍ਹਾਂ ਨਾਲ ਕੀਤੀ ਗਈ ਬਦਤਮੀਜ਼ੀ ਦੀ ਰਿਕਾਰਡਿੰਗ ਨੂੰ ਡਲੀਟ ਨਾ ਕਰਨ ਦੀ ਸੂਰਤ ਵਿੱਚ ਯਾਤਰੀਆਂ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਗਈ।
ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਰਿਕਾਰਡਿੰਗ ਕਰਨ ਵਾਲੀ ਕੀਰਾ ਵੈਗਲਰ ਨੇ ਦੱਸਿਆ ਕਿ ਯਾਤਰੀਆਂ ਨੂੰ ਜਹਾਜ਼ ਚੜ੍ਹਨ ਦੀ ਇਜਾਜ਼ਤ ਦਿੱਤੇ ਜਾਣ ਤੋਂ ਪਹਿਲਾਂ ਉਡਾਨ ਤਿੰਨ ਘੰਟੇ ਲੇਟ ਸੀ। ਫਿਰ ਲਗੇਜ ਵਾਲਾ ਡੋਰ ਬੰਦ ਨਾ ਹੋਣ ਦੀ ਗੱਲ ਆਖ ਕੇ ਉਨ੍ਹਾਂ ਨੂੰ ਦੋ ਘੰਟੇ ਹੋਰ ਉਡੀਕ ਕਰਵਾਈ ਗਈ। ਯਾਤਰੀਆਂ ਨੂੰ ਇਹ ਵੀ ਆਖਿਆ ਗਿਆ ਕਿ ਜੇ ਇਹ ਸਮੱਸਿਆ ਸਮਾਂ ਰਹਿੰਦਿਆਂ ਠੀਕ ਨਹੀਂ ਹੁੰਦੀ ਤੇ ਐਨੇ ਵਿੱਚ ਜੇ ਕਰਮਚਾਰੀਆਂ ਦੀ ਸਿ਼ਫਟ ਦਾ ਸਮਾਂ ਮੁੱਕ ਜਾਂਦਾ ਹੈ ਤਾਂ ਫਲਾਈਟ ਰੱਦ ਵੀ ਹੋ ਸਕਦੀ ਹੈ।
ਫਿਰ ਹੌਲੀ ਹੌਲੀ ਯਾਤਰੀਆਂ ਨੂੰ ਆਖਿਆ ਗਿਆ ਕਿ ਉਨ੍ਹਾਂ ਨੂੰ ਜਹਾਜ਼ ਵਿੱਚੋਂ ਉਤਰਨਾ ਹੋਵੇਗਾ ਤੇ ਵਧੇਰੇ ਜਾਣਕਾਰੀ ਲਈ ਗੇਟ ਉੱਤੇ ਜਾਣਾ ਹੋਵੇਗਾ। ਫਿਰ ਸਾਰੇ ਯਾਤਰੀ ਜਹਾਜ਼ ਵਿੱਚੋਂ ਉਤਰ ਆਏ ਤੇ ਉਨ੍ਹਾਂ ਨੂੰ ਦੋ ਹੋਰ ਘੰਟਿਆਂ ਲਈ ਲਾਈਨ ਵਿੱਚ ਲੱਗ ਕੇ ਉਡੀਕ ਕਰਨੀ ਪਈ। ਯਾਤਰੀਆਂ ਲਈ ਕੋਈ ਅਨਾਊਂਸਮੈਂਟ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਲਾਊਡਸਪੀਕਰ ਟੁੱਟਿਆ ਹੋਇਆ ਸੀ ਤੇ ਇਸ ਲਈ ਉਹ ਯਾਤਰੀਆਂ ਨਾਲ ਰਾਬਤਾ ਕਾਇਮ ਨਹੀਂ ਕਰ ਸਕੇ। ਇਸ ਲਈ ਜਿਹੜੇ ਯਾਤਰੀ ਸੱਭ ਤੋਂ ਮੂਹਰੇ ਖੜ੍ਹੇ ਸੀ ਸਿਰਫ ਉਨ੍ਹਾਂ ਨੂੰ ਹੀ ਜਾਣਕਾਰੀ ਮਿਲੀ।
ਇਸ ਤੋਂ ਬਾਅਦ ਲੋਕਾਂ ਨੇ ਜਾਣਕਾਰੀ ਲਈ ਡੈਸਕ ਨੂੰ ਘੇਰਾ ਪਾ ਲਿਆ। ਯਾਤਰੀਆਂ ਦਾ ਕਹਿਣਾ ਸੀ ਕਿ ਅਸੀਂ ਘਰ ਜਾਣਾ ਚਾਹੁੰਦੇ ਹਾਂ ਤੇ ਅਸੀਂ ਇਹ ਵੀ ਜਾਨਣਾ ਚਾਹੁੰਦੇ ਹਾਂ ਕਿ ਰਾਤ ਅਸੀਂ ਕਿੱਥੇ ਕੱਟਾਂਗੇ। ਗੁੱਸੇ ਵਿੱਚ ਆਏ ਲੋਕਾਂ ਨੇ ਏਅਰਲਾਈਨ ਵੱਲੋਂ ਦਿੱਤੀ ਜਾ ਰਹੀ ਮਾੜੀ ਕਸਟਮਰ ਸਰਵਿਸ ਸਬੰਧੀ ਰਿਕਾਰਡਿੰਗ ਲਈ ਫੋਨ ਕੱਢ ਲਏ। ਇਸ ਉੱਤੇ ਪੌਰਟਰ ਏਅਰਲਾਈਨ ਦਾ ਅਮਲਾ ਡੈਸਕ ਤੋਂ ਉੱਠ ਕੇ ਬਾਹਰ ਆ ਗਿਆ ਤੇ ਰਿਕਾਰਡਿੰਗਜ਼ ਨੂੰ ਡਲੀਟ ਕਰਨ ਲਈ ਆਖਣ ਲੱਗਿਆ ਤੇ ਇਹ ਧਮਕੀ ਵੀ ਦਿੱਤੀ ਗਈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਕਿਊਰਿਟੀ ਸੱਦੀ ਜਾਵੇਗੀ।
ਵੈਗਲਰ ਨੇ ਆਪਣੀ ਰਿਕਾਰਡਿੰਗ ਡਲੀਟ ਨਹੀਂ ਕੀਤੀ। ਉਸ ਨੇ ਦੱਸਿਆ ਕਿ ਪੌਰਟਰ ਦੇ ਨੁਮਾਇੰਦੇ ਬਹੁਤ ਹੀ ਖਰ੍ਹਵੇ ਤੇ ਅਪਮਾਨਜਨਕ ਢੰਗ ਨਾਲ ਗੱਲ ਕਰ ਰਹੇ ਸਨ। ਇਸ ਮਗਰੋਂ ਯਾਤਰੀ ਸੋਮਵਾਰ ਦੁਪਹਿਰ ਤੋਂ ਪਹਿਲਾਂ ਟੋਰਾਂਟੋ ਦੇ ਬਿਲੀ ਬਿਸ਼ਪ ਏਅਰਪੋਰਟ ਉੱਤੇ ਨਹੀਂ ਪਹੁੰਚ ਸਕੇ। ਬਾਅਦ ਵਿੱਚ ਏਅਰਲਾਈਨ ਨੇ ਫਲਾਈਟ ਵਿੱਚ ਹੋਈ ਦੇਰ ਤੇ ਉਸ ਦੇ ਰੱਦ ਹੋਣ ਲਈ ਇੱਕ ਬਿਆਨ ਜਾਰੀ ਕਰਕੇ ਮੁਆਫੀ ਮੰਗੀ। ਇਹ ਵੀ ਆਖਿਆ ਗਿਆ ਕਿ ਇਹ ਸੱਭ ਖਰਾਬ ਮੌਸਮ ਕਾਰਨ ਹੋਇਆ। ਵੈਗਲਰ ਨੇ ਆਖਿਆ ਕਿ ਇਹ ਮੁਆਫੀ ਮੰਗ ਕੇ ਏਅਰਲਾਈਨ ਵੱਲੋਂ ਖਾਨਾਪੂਰਤੀ ਕੀਤੀ ਗਈ ਹੈ। ਪਰ ਇਸ ਏਅਰਲਾਈਨ ਨੂੰ ਆਪਣੇ ਅਮਲੇ ਨੂੰ ਵੀ ਟਰੇਨਿੰਗ ਦੇਣ ਦੀ ਲੋੜ ਹੈ।