ਪੋਪ ਫਰਾਂਸਿਸ ਦੇ ਸਭ ਤੋਂ ਨੇੜੂ ਅਧਿਕਾਰੀ ਉੱਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ

ਕਾਰਡੀਨਲ ਜਾਰਜ ਪੇਲ

ਕਾਰਡੀਨਲ ਜਾਰਜ ਪੇਲਮਿਲਾਨ (ਇਟਲੀ), 2 ਜੁਲਾਈ (ਪੋਸਟ ਬਿਊਰੋ)- ਇਸਾਈਆਂ ਵਿੱਚ ਇੱਕ ਆਜ਼ਾਦ ‘ਧਾਰਮਿਕ ਦੇਸ਼’ ਵਜੋਂ ਮੰਨੇ ਜਾਂਦੇ ਵੈਟੀਕਨ ਸਿਟੀ ਦੇ ਇੱਕ ਸਰਕਾਰੀ ਅਧਿਕਾਰੀ ਉੱਤੇ ਸੋਸ਼ਣ ਦੇ ਦੋਸ਼ ਲੱਗੇ ਹਨ।
ਵੈਟੀਕਨ ਸਿਟੀ ਵਿੱਚ ਤੀਸਰੇ ਨੰਬਰ ਦੇ ਅਧਿਕਾਰੀ ਕਾਰਡੀਨਲ ਜਾਰਜ ਪੇਲ ਉੱਤੇ ਸਰੀਰਕ ਸੋਸ਼ਣ ਦੇ ਦੋਸ਼ ਉਨ੍ਹਾਂ ਦੇ ਆਪਣੇ ਦੇਸ਼ ਆਸਰੇਲੀਆ ਵਿੱਚ ਲਾਏ ਗਏ ਹਨ। ਪੇਲ ਨੇ ਕਿਹਾ ਹੈ ਕਿ ਪੋਪ ਨੇ ਉਨ੍ਹਾਂ ਨੂੰ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰਨ ਦੀ ਛੁੱਟੀ ਦਿੱਤੀ ਹੈ। ਆਸਟਰੇਲੀਆ ਵਿੱਚ ਵਿਕਟੋਰੀਆ ਸਟੇਟ ਦੀ ਪੁਲਸ ਨੇ ਕਿਹਾ ਹੈ ਕਿ ਵਕੀਲਾਂ ਨਾਲ ਸਲਾਹ-ਮਸ਼ਵਰੇ ਪਿੱਛੋਂ ਕਾਰਡੀਨਲ ਉੱਤੇ ਦੋਸ਼ ਤੈਅ ਕੀਤੇ ਗਏ ਹਨ। ਪੁਲਸ ਅਧਿਕਾਰੀ ਸ਼ੇਨ ਪੇਟਨ ਨੇ ਕਿਹਾ ਕਿ ਕਾਰਡੀਨਲ ਪੇਲ ਨੂੰ ਅਗਲੀ 18 ਜੁਲਾਈ ਨੂੰ ਮੈਲਬਰਨ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਕੇਸ ਵਿੱਚ ਹੁਣ ਤੱਕ ਦੋਸ਼ਾਂ ਨਾਲ ਜੁੜੀ ਜਾਣਕਾਰੀ ਨੂੰ ਜਨਤਕ ਨਹੀਂ ਕੀਤਾ ਗਿਆ। ਕਾਰਡੀਨਲ ਪੇਲ ਸਿਰਫ ਆਸਟਰੇਲੀਆ ਦੇ ਸਭ ਤੋਂ ਉਤਮ ਪਾਦਰੀ ਹੀ ਨਹੀਂ, ਕੈਥੋਲਿਕ ਚਰਚ ਦੀ ਦੁਨੀਆ ਵਿੱਚ ਸਭ ਤੋਂ ਵੱਡੇ ਅਧਿਕਾਰੀਆਂ ਵਿੱਚੋਂ ਇੱਕ ਹਨ ਤੇ ਉਨ੍ਹਾ ਨੇ ਆਸਟਰੇਲੀਆ ਵਿੱਚ ਲੱਗਦੇ ਸਰੀਰਕ ਸੋਸ਼ਣ ਦੇ ਮਾਮਲਿਆਂ ‘ਚ ਚਰਚ ਵੱਲੋਂ ਅਧਿਕਾਰਕ ਪ੍ਰਤੀਕਿਰਿਆ ਦੇਣ ਦੀ ਜ਼ਿੰਮੇਵਾਰੀ ਵੀ ਨਿਭਾਈ ਹੋਈ ਸੀ।