ਪੈਸੇ ਦਾ ਲਾਲਚ ਨਹੀਂ : ਦਿਲਜੀਤ ਦੁਸਾਂਝ


ਪੰਜਾਬ ਦੇ ਮੰਨੇ ਪ੍ਰਮੰਨੇ ਕਲਾਕਾਰ ਦਿਲਜੀਤ ਦੁਸਾਂਝ ਉਚ ਗੁਣਵੱਤਾ ਵਾਲੇ ਸਿਨੇਮਾ ਨਾਲ ਹਿੰਦੀ ਫਿਲਮ ਉਦਯੋਗ ਵਿੱਚ ਸਥਾਪਤ ਹੋਣਾ ਚਾਹੁੰਦੇ ਹਨ। ‘ਉੜਤਾ ਪੰਜਾਬ’ ਨਾਲ ਦੁਸਾਂਝ ਨੇ ਬਾਲੀਵੁੱਡ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪੈਸੇ ਦੇ ਪਿੱਛੇ ਭੱਜਣ ਦੀ ਥਾਂ ਉਹ ਉਨ੍ਹਾਂ ਪ੍ਰੋਜੈਕਟ ਨਾਲ ਜੁੜਨਾ ਚਾਹੁੰਦੇ ਹਨ, ਜੋ ਦਿਲਚਸਪ ਹੋਣ। ਦਿਲਜੀਤ ਦੀ ਅਗਲੀ ਹਿੰਦੀ ਫਿਲਮ ‘ਸੂਰਮਾ’ ਹੈ, ਜੋ ਹਾਕੀ ਦੇ ਖਿਡਾਰੀ ਸੰਦੀਪ ਸਿੰਘ ਦੇ ਜੀਵਨ ‘ਤੇ ਆਧਾਰਤ ਹੈ। ਇੱਕ ਹੋਰ ਫਿਲਮ ‘ਵੈਲਕਮ ਟੂ ਨਿਉ ਯਾਰਕ’ ਵਿੱਚ ਉਸ ਦੇ ਨਾਲ ਸੋਨਾਕਸ਼ੀ ਸਿਨਹਾ ਹੈ। ਇਸ ਦੇ ਇਲਾਵਾ ਉਹ ਨਿਰਮਾਤਾ ਰਮੇਸ਼ ਤੋਰਾਨੀ ਦੇ ਨਾਲ ਵੀ ਇੱਕ ਫਿਲਮ ਕਰ ਰਹੇ ਹਨ। ਇਸ ਫਿਲਮ ਦਾ ਨਵਾਂ ਪੋਸਟਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ।
ਦਿਲਜੀਤ ਨੇ ਇੱਕ ਇੰਟਰਵਿਊ ਵਿੱਚ ਕਿਹਾ, ‘ਬਾਲੀਵੁੱਡ ਵਿੱਚ ਬਹੁਤਾ ਪੈਸਾ ਨਹੀਂ ਕਮਾ ਰਿਹਾ। ਹਿੰਦੀ ਫਿਲਮਾਂ ਦੇ ਮੁਕਾਬਲੇ ਪੰਜਾਬੀ ਫਿਲਮਾਂ ਤੇ ਸ਼ੋਅ ਕਰ ਕੇ ਮੈਂ ਜ਼ਿਆਦਾ ਪੈਸਾ ਕਮਾ ਰਿਹਾ ਹਾਂ। ਬਾਲੀਵੁੱਡ ਵਿੱਚ ਮੈਂ ਪੈਸੇ ਪਿੱਛੇ ਨਹੀਂ ਭੱਜ ਰਿਹਾ। ਮੈਂ ਇਥੇ ਫਿਲਮਾਂ ਤੇ ਭੂਮਿਕਾਵਾਂ ਨਾਲ ਪ੍ਰਯੋਗ ਕਰ ਰਿਹਾ ਹਾਂ।” ਉਨ੍ਹਾਂ ਨੂੰ ਬਹੁਤ ਸਾਰੇ ਆਫਰ ਮਿਲ ਰਹੇ ਹਨ, ਪਰ ਉਹ ਕੇਵਲ ਉਹੀ ਭੂਮਿਕਾਵਾਂ ਕਰਨਾ ਚਾਹੁੰਦੇ ਹਨ, ਜੋ ਫਿਲਮ ਦੀ ਕਹਾਣੀ ਦਾ ਜ਼ਰੂਰੀ ਅੰਗ ਹੋਣ। ਉਨ੍ਹਾਂ ਨੇ ਕਿਹਾ, ‘ਪਿਛਲੇ ਸਾਲ ਬਾਲੀਵੁੱਡ ਵਿੱਚ ਮੈਂ ਜਿੰਨੀਆਂ ਫਿਲਮਾਂ ਨੂੰ ਹਾਂ ਕਹੀ, ਉਸ ਤੋਂ ਵੱਧ ਫਿਲਮਾਂ ਨੂੰ ਨਾਂਹ ਕਿਹਾ ਹੈ। ਇਸ ਦਾ ਕਾਰਨ ਇਹ ਸੀ ਕਿ ਫਿਲਮਾਂ ਚੰਗੀਆਂ ਸਨ, ਪ੍ਰੰਤੂ ਮੇਰੀ ਚਰਿੱਤਰ ਭੂਮਿਕਾ ਕਹਾਣੀ ਦੇ ਲਈ ਮਹੱਤਵ ਪੂਰਨ ਨਹੀਂ ਸੀ।”