ਪੈਰਿਸ ਸਮਝੌਤੇ ਦੀ ਹਿਫਾਜ਼ਤ ਲਈ ਈਯੂ ਨੇ ਕੈਨੇਡਾ ਤੋਂ ਮੰਗਿਆ ਸਾਥ

ca 2
ਓਟਵਾ, 2 ਮਾਰਚ (ਪੋਸਟ ਬਿਊਰੋ) : ਪੈਰਿਸ ਕਲਾਈਮੇਟ ਚੇਂਜ ਸਮਝੌਤੇ ਦੀ ਹਿਫਾਜ਼ਤ ਲਈ ਯੂਰਪੀਅਨ ਯੂਨੀਅਨ ਦੇ ਐਨਵਾਇਰਮੈਂਟ ਕਮਿਸ਼ਨਰ ਕੈਨੇਡਾ ਦਾ ਸਾਥ ਚਾਹੁੰਦੇ ਹਨ। ਅਜਿਹਾ ਅਮਰੀਕਾ ਵਿੱਚ ਡੌਨਲਡ ਟਰੰਪ ਦੇ ਪ੍ਰਸ਼ਾਸਨ ਕਾਰਨ ਅਸਥਿਰ ਸਿਆਸੀ ਮਾਹੌਲ ਕਾਰਨ ਕੀਤਾ ਜਾ ਰਿਹਾ ਹੈ।
ਵੀਰਵਾਰ ਨੂੰ ਓਟਵਾ ਪਹੁੰਚੇ ਈਯੂ ਕਲਾਈਮੇਟ ਐਕਸ਼ਨ ਐਂਡ ਐਨਰਜੀ ਕਮਿਸ਼ਨਰ ਮਿਗੂਅਲ ਏਰੀਆਸ ਕੈਨੇਟੇ ਨੇ ਆਖਿਆ ਕਿ ਕੈਨੇਡਾ ਤੇ ਯੂਰਪੀਅਨ ਯੂਨੀਅਨ ਪੈਰਿਸ ਸਮਝੌਤਾ ਲਾਗੂ ਕਰਨ ਲਈ ਵਚਨਬੱਧ ਹਨ। ਸਾਡੇ ਕੋਲ ਸਾਂਝਾ ਟੀਚਾ ਹੈ ਤੇ ਸਾਨੂੰ ਪੈਰਿਸ ਸਮਝੌਤੇ ਦੇ ਨਿਯਮਾਂ ਨੂੰ ਲਾਗੂ ਕਰਨਾ ਹੋਵੇਗਾ। ਕੈਨੇਟੇ ਨੇ ਇਹ ਵੀ ਆਖਿਆ ਕਿ ਈਯੂ ਟਰੰਪ ਪ੍ਰਸ਼ਾਸਨ ਨਾਲ ਰਲ ਕੇ ਉਸਾਰੂ ਢੰਗ ਨਾਲ ਕੰਮ ਕਰਨਾ ਚਾਹੁੰਦਾ ਹੈ ਪਰ ਇਹ ਨਹੀਂ ਆਖਿਆ ਜਾ ਸਕਦਾ ਕਿ ਭਵਿੱਖ ਵਿੱਚ ਕੀ ਲੁਕਿਆ ਹੋਇਆ ਹੈ। ਇੱਕ ਗੱਲ ਦੀ ਉਨ੍ਹਾਂ ਗਾਰੰਟੀ ਦਿੱਤੀ ਕਿ 28 ਮੁਲਕਾਂ ਦਾ ਯੂਰਪੀਅਨ ਬਲਾਕ ਪੈਰਿਸ ਸਮਝੌਤੇ ਲਈ ਜ਼ਰੂਰ ਸੰਘਰਸ਼ ਕਰੇਗਾ। ਅਜਿਹਾ ਕਰਨ ਲਈ ਸਾਨੂੰ ਕੈਨੇਡਾ ਸਮੇਤ ਹੋਰਨਾਂ ਦੇਸ਼ਾਂ ਨਾਲ ਵੀ ਭਾਈਵਾਲੀ ਕਰਨੀ ਹੋਵੇਗੀ।
ਉਨ੍ਹਾਂ ਅੱਗੇ ਆਖਿਆ ਕਿ ਗਲੋਬਲ ਵਾਰਮਿੰਗ ਇੱਕ ਹਕੀਕਤ ਹੈ ਤੇ ਸਾਡੇ ਕੋਲ ਰਹਿਣ ਲਈ ਸਿਰਫ ਇਹੋ ਧਰਤੀ ਹੀ ਹੈ। ਕੈਨੇਟੇ ਨੇ ਐਨਵਾਇਰਮੈਂਟ ਮੰਤਰੀ ਕੈਥਰੀਨ ਮੈਕੇਨਾ ਨਾਲ ਵੀ ਮੁਲਾਕਾਤ ਕੀਤੀ। ਨਵੰਬਰ ਵਿੱਚ ਟਰੰਪ ਦੀ ਜਿੱਤ ਤੋਂ ਬਾਅਦ ਤੋਂ ਹੀ ਮੈਕੇਨਾ ਬਹੁਤੀ ਚਰਚਾ ਵਿੱਚ ਨਹੀਂ ਹਨ। ਪਰ ਉਨ੍ਹਾਂ ਬੁੱਧਵਾਰ ਨੂੰ ਆਪਣੇ ਹਮਰੁਤਬਾ ਅਮਰੀਕੀ ਅਧਿਕਾਰੀ ਸਕਾਟ ਪਰੁਇਟ ਨਾਲ ਫੋਨ ਉੱਤੇ ਜ਼ਰੂਰ ਗੱਲ ਕੀਤੀ। ਪਰੁਇਟ ਨੂੰ ਪਿੱਛੇ ਜਿਹੇ ਹੀ ਐਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ।
ਓਟਵਾ ਵਿੱਚ ਯੂਰਪੀਅਨ ਯੂਨੀਅਨ ਦੀ ਅੰਬੈਸੀ ਉੱਤੇ ਕੈਨੇਟੇ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਮੈਕੇਨਾ ਨੇ ਆਖਿਆ ਕਿ ਸਾਡੀ ਸਰਕਾਰ ਪੈਰਿਸ ਸਮਝੌਤੇ ਲਈ ਵਚਨਬੱਧ ਹੈ। ਅਸੀਂ ਵਾਤਾਵਰਣ ਨੂੰ ਬਚਾਉਣ ਲਈ ਸੰਜੀਦਗੀ ਨਾਲ ਕਦਮ ਚੁੱਕਾਂਗੇ ਤੇ ਅਸੀਂ ਮੰਨਦੇ ਹਾਂ ਕਿ ਇਹ ਸੱਚਮੁੱਚ ਆਰਥਿਕ ਮੌਕਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਸਾਨੂੰ ਸਾਰਿਆਂ ਨੂੰ ਇਸ ਲਈ ਰਲ ਕੇ ਹੰਭਲਾ ਮਾਰਨਾ ਹੋਵੇਗਾ। ਉਨ੍ਹਾਂ ਆਖਿਆ ਕਿ ਜਦੋਂ ਪੈਰਿਸ ਸਮਝੌਤਾ ਹੋਇਆ ਸੀ ਤਾਂ ਮਾਰਕਿਟ ਵਿੱਚ ਸਕਾਰਾਤਮਕ ਬਦਲਾਵ ਆਏ ਸਨ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਲੋਅਰ ਕਾਰਬਨ ਫਿਊਚਰ ਲਾਜ਼ਮੀ ਹੈ ਤੇ ਇਸ ਸਦਕਾ ਰੋਜ਼ਗਾਰ ਦੇ ਨਵੇਂ ਮੌਕੇ ਵੀ ਮਿਲਣਗੇ।