ਪੈਰਿਸ ਭੇਜਣ ਦੇ ਲਾਰੇ ਨਾਲ ਲੁਧਿਆਣਵੀ ਜੋੜੇ ਨੇ ਨੌਂ ਲੱਖ ਰੁਪਏ ਠੱਗੇ


ਰਾਦੌਰ (ਯਮੁਨਾ ਨਗਰ), 9 ਫਰਵਰੀ (ਪੋਸਟ ਬਿਊਰੋ)- ਪਾਲੇਵਾਲਾ ਦੇ ਇੱਕ ਨੌਜਵਾਨ ਤੋਂ ਪੈਰਿਸ ਭੇਜਣ ਦੇ ਨਾਂਅ ‘ਤੇ ਲੁਧਿਆਣਾ ਦੇ ਇੱਕ ਜੋੜੇ ਸਮੇਤ ਚਾਰ ਜਣਿਆਂ ਨੇ ਨੌਂ ਲੱਖ ਰੁਪਏ ਠੱਗ ਲਏ। ਦੋਸ਼ ਲਾਇਆ ਗਿਆ ਹੈ ਕਿ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਸ ਨੇ ਕੇਸ ਦਰਜ ਨਹੀਂ ਕੀਤਾ। ਸ਼ਿਕਾਇਤਕਰਤਾ ਨੇ ਸੀ ਐੱਮ ਵਿੰਡੋ ਵਿੱਚ ਸ਼ਿਕਾਇਤ ਦੇ ਕੇ ਪੁਲਸ ਉੱਤੇ ਵੀ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਪਾਲੇਵਾਲਾ ਦੇ ਸੰਜੀਵ ਰਾਣਾ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਚਚੇਰਾ ਭਰਾ ਸ਼ੈਂਟੀ ਵਿਦੇਸ਼ ਜਾਣਾ ਚਾਹੁੰਦਾ ਸੀ। ਉਨ੍ਹਾਂ ਦੀ ਮੁਲਾਕਾਤ ਨਾਰਾਇਣਗੜ੍ਹ ਵਾਸੀ ਕ੍ਰਿਸ਼ਨ ਲਾਲ ਨਾਲ ਹੋਈ। ਕ੍ਰਿਸ਼ਨ ਲਾਲ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸ਼ੈਂਟੀ ਨੂੰ ਪੈਰਿਸ ਭਿਜਵਾ ਸਕਦਾ ਹੈ, ਇਸ ਦੇ ਲਈ ਉਨ੍ਹਾਂ ਨੂੰ ਲੁਧਿਆਣਾ ਦੇ ਹਰਪ੍ਰੀਤ, ਉਸ ਦੀ ਪਤਨੀ ਅਤੇ ਲਵਲੀ ਨਾਲ ਮਿਲਵਾਇਆ। ਇਨ੍ਹਾਂ ਲੋਕਾਂ ਉਨ੍ਹਾਂ ਨੂੰ ਸ਼ੈਂਟੀ ਨੂੰ ਪੈਰਿਸ ਭਿਜਵਾਉਣ ਲਈ 11 ਲੱਖ ਰੁਪਏ ਮੰਗੇ। ਸੰਜੀਵ ਰਾਣਾ ਨੇ ਦੱਸਿਆ ਕਿ 27 ਜੁਲਾਈ 2017 ਨੂੰ ਉਨ੍ਹਾਂ ਨੇ ਤਿੰਨ ਲੱਖ ਨਕਦ ਦਿੱਤੇ ਅਤੇ ਛੇ ਲੱਖ ਰੁਪਏ ਦੀ ਆਰ ਟੀ ਜੀ ਐਸ ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਦੇ ਖਾਤੇ ਵਿੱਚ ਕੀਤੀ। 9 ਲੱਖ ਰੁਪਏ ਲੈਣ ਦੇ ਬਾਅਦ ਉਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਸ਼ੇਂਗੇਨ ਵੀਜ਼ਾ ਲਗਵਾ ਕੇ ਦਿੱਤਾ, ਪਰ ਜਦ ਉਨ੍ਹਾਂ ਨੇ ਵੀਜ਼ੇ ਦੀ ਜਾਂਚ ਕਰਵਾਈ ਤਾਂ ਫਰਜ਼ੀ ਨਿਕਲਿਆ। ਇਸ ਦੇ ਬਾਅਦ ਉਨ੍ਹਾਂ ਨੇ ਰੁਪਏ ਵਾਪਸ ਮੰਗੇ, ਪ੍ਰੰਤੂ ਉਨ੍ਹਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਸੀ ਐੱਮ ਵਿੰਡੋ ਵਿੱਚ ਦਿੱਤੀ। ਸ਼ਿਕਾਇਤ ਦੇ ਬਾਅਦ ਪੁਲਸ ਨੇ ਦੋਵਾਂ ਧਿਰਾਂ ਨੂੰ ਜਠਲਾਨਾ ਥਾਣੇ ਵਿੱਚ ਬੁਲਾਇਆ, ਪਰ ਸ਼ਿਕਾਇਤ ਦੇਣ ਦੇ 28 ਦਿਨ ਬਾਅਦ ਵੀ ਪੁਲਸ ਨੇ ਉਨ੍ਹਾਂ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਥਾਣਾ ਜਠਲਾਨਾ ਇੰਚਾਰਜ ਸੰਜੀਵ ਮਲਿਕ ਨੇ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਪੁਲਸ ‘ਤੇ ਰਿਸ਼ਵਤ ਮੰਗਣ ਦਾ ਦੋਸ਼ ਝੂਠਾ ਹੈ। ਪੁਲਸ ਮਾਮਲੇ ਦੀ ਜਾਂਚ ਦੇ ਬਾਅਦ ਉਚਿਤ ਕਾਰਵਾਈ ਕੀਤੀ ਜਾਵੇਗੀ।