ਪੈਰਿਸ ਦੇ ਰਿਟਜ਼ ਹੋਟਲ ਵਿੱਚ ਪਿਆ ਡਾਕਾ, ਲੱਖਾਂ ਦੇ ਗਹਿਣੇ ਚੋਰੀ

ਪੈਰਿਸ, 11 ਜਨਵਰੀ (ਪੋਸਟ ਬਿਊਰੋ) : ਰਿਟਜ਼ ਹੋਟਲ ਵਿੱਚੋਂ ਲੱਖਾਂ ਦੇ ਗਹਿਣਿਆਂ ਦੀ ਹੋਈ ਚੋਰੀ ਤੋਂ ਬਾਅਦ ਦੋ ਮਸ਼ਕੂਕਾਂ ਦੀ ਪੈਰਿਸ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਵੀਰਵਾਰ ਸਵੇਰੇ ਕਾਮਿਆਂ ਨੇ ਟੁੱਟੀਆਂ ਭੱਜੀਆਂ ਖਿੜਕੀਆਂ ਦਾ ਕੱਚ ਸਾਫ ਕੀਤਾ ਤੇ ਡਾਕੇ ਕਾਰਨ ਹੋਏ ਨੁਕਸਾਨ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ। ਕੇਂਦਰੀ ਪੈਰਿਸ ਵਿੱਚ ਚਿੱਕ ਪਲੇਸ ਵੈਂਡੋਮ ਉੱਤੇ ਪਏ ਇਸ ਡਾਕੇ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਗ੍ਰਿਡਤਾਰ ਕੀਤਾ ਗਿਆ। ਪਰ ਪੁਲਿਸ ਨੇ ਆਖਿਆ ਕਿ ਬੁੱਧਵਾਰ ਸ਼ਾਮ ਨੂੰ ਪਏ ਇਸ ਡਾਕੇ ਤੋਂ ਬਾਅਦ ਦੋ ਹੋਰ ਲੋਕ ਬਚ ਨਿਕਲੇ।
ਫਰੈਂਚ ਮੀਡੀਆ ਦੇ ਅੰਦਾਜ਼ੇ ਮੁਤਾਬਕ ਇਸ ਦੌਰਾਨ ਘੱਟੋ ਘੱਟ 4.5 ਮਿਲੀਅਨ ਯੂਰੋਜ਼ (5.4 ਮਿਲੀਅਨ ਡਾਲਰ) ਦੀ ਚੋਰੀ ਹੋਈ। ਵੀਡੀਓ ਫੁਟੇਜ ਤੋਂ ਸਾਹਮਣੇ ਆਇਆ ਕਿ ਘੁਸਪੈਠੀਏ ਸਾਈਡ ਵਾਲੇ ਦਰਵਾਜ਼ੇ ਤੋਂ ਦਾਖਲ ਹੋਏ ਤੇ ਉਨ੍ਹਾਂ ਬੜੀ ਹੀ ਤਾਲਮੇਲ ਨਾਲ ਕੰਮ ਕਰਦਿਆਂ ਇਹ ਚੋਰੀ ਕੀਤੀ। ਇਸ ਹੋਟਲ, ਜਿੱਥੇ ਇੱਕ ਰਾਤ ਠਹਿਰਣ ਦੇ 1,000 ਯੂਰੋ ਲੱਗਦੇ ਹਨ, ਵਿੱਚ ਵੀਰਵਾਰ ਨੂੰ ਆਮ ਵਾਂਗ ਹੀ ਕੰਮਕਾਰ ਚੱਲਿਆ।