ਪੈਰਿਟੀ ਰੋਡ ਵਿਖੇ ਤੀਆਂ ਦਾ ਮੇਲਾ

Teeyanਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਬੀਤੇ ਐਤਵਾਰ, ਬਰੈਂਪਟਨ ਦੇ ਪੈਰਿਟੀ ਰੋਡ ਨੇੜਲੀਆਂ ਪੰਜਾਬਣਾਂ ਨੇ ਨਵੇਂ ਬਣੇ ਪਾਰਕ ਵਿਚ ਤੀਆਂ ਦਾ ਤਿਉਹਾਰ ਮਨਾਇਆ। ਉਨ੍ਹਾਂ ਬੜੇ ਉਤਸ਼ਾਹ ਨਾਲ ਰਲ ਮਿਲ ਕੇ ਇਸ ਦਾ ਸਾਰਾ ਇੰਤਜ਼ਾਮ ਕੀਤਾ, ਜਿਸ ਵਿਚ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਹੋਇਆ ਸੀ।
ਪੰਜਾਬਣਾਂ, ਸੌਣ ਮਹੀਨੇ ਦੀ ਤੀਜ ਤੋਂ ਪੂਰਨਮਾਸ਼ੀ ਤੱਕ ਮਨਾਈਆਂ ਜਾਂਦੀਆਂ ਤੀਆਂ ਨੂੰ, ਜੋ 50-60 ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਬੜੀਆਂ ਪ੍ਰਚੱਲਤ ਸਨ, ਬੜੀ ਉਤਸੁਕਤਾ ਨਾਲ ਉਡੀਕਦੀਆਂ। ਇਹ ਉਹ ਦਿਨ ਹੁੰਦੇ ਸਨ, ਜਦ ਔਰਤਾਂ ਪੇਕੇ ਜਾਣਾ ਆਪਣਾ ਹੱਕ ਸਮਝਦੀਆਂ ਸਨ। ਖੇਤਾਂ ਵਿਚ ਔਰਤਾਂ ਦੇ ਕਰਨ ਵਾਲੇ ਕੰਮ ਵੀ ਇਹਨੀ ਦਿਨੀ ਘੱਟ ਹੁੰਦੇ। ਭਰਾ ਅਪਣੀਆਂ ਭੈਣਾਂ ਨੂੰ ਉਨ੍ਹਾਂ ਦੇ ਸੁਹਰਿਓਂ ਲੈ ਕੇ ਆਉਂਦੇ। ਆਪਣੇ ਵਿਆਹ ਤੋਂ ਬਾਅਦ ਵੱਖੋ ਵੱਖਰੀਆਂ ਥਾਂਵਾਂ ਤੇ ਖਿਲਰੀਆਂ ਸਹੇਲੀਆਂ ਨੂੰ ਫਿਰ ਤੋਂ ਬੈਠ, ਰਲ ਮਿਲ ਸੁੱਖ ਦੁੱਖ ਦੀਆਂ ਗੱਲਾਂ ਕਰਨ ਦਾ ਇਹ ਵਧੀਆ ਮੌਕਾ ਹੁੰਦਾ।
ਆਪਣੇ ਵਿਰਸੇ ਨੂੰ ਯਾਦ ਕਰਦਿਆਂ, ਪੰਜਾਬਣਾਂ ਵਲੋਂ ਅੱਜ ਕਲ੍ਹ ਵਿਦੇਸ਼ਾਂ ਵਿਚ ਸਗੋਂ ਪੰਜਾਬ ਨਾਲੋਂ ਵੀ ਵੱਧ ਚੱੜ੍ਹ ਕੇ ਇਸ ਤਿਉਹਾਰ ਨੂੰ ਕਈ ਦਿਨ ਤਾਂ ਨਹੀਂ, ਪਰ ਕਿਸੇ ਇੱਕ ਦਿਨ ਮਨਾਇਆ ਜਾਣ ਲੱਗਾ ਹੈ। ਜਦ ਪੁਰਾਣੇ ਜਮਾਨੇ, ਇਹਨੀ ਦਿੱਨੀਂ ਘਰਾਂ ਵਿਚ ਮਾਲ੍ਹ ਪੂੜੇ, ਗੁਲਗਲੇ ਆਦਿ ਬਣਾਏ ਜਾਂਦੇ, ਇਥੇ ਬਣੇ ਬਣਾਏ ਲੱਡੂ, ਜਲੇਬੀਆਂ, ਗੁਲਾਬ ਜਾਮਣਾਂ, ਸਮੋਸੇ ਤੇ ਪਕੌੜੇ ਖੁਲ੍ਹੇ ਵਰਤਾਏ ਜਾਂਦੇ ਹਨ। ਬੱਚੇ ਇਸ ਮੌਕੇ ਕੋੋਕੇ ਕੋਲੇ ਦੀਆਂ ਵੱਡੀਆਂ ਬੋਤਲਾਂ ਦਾ ਆਨੰਦ ਮਾਣਦੇ ਹਨ। ਪੰਜਾਬ ਵਾਂਗ ਜੁੜੀਆਂ ਔਰਤਾਂ, ਖਾਸ ਕਰ ਵੱਡੀ ਉਮਰ ਦੀਆਂ, ਪੁਰਾਣੀਆਂ ਬੋਲੀਆਂ, ਗਿੱਧਾ ਪਾਉਂਦੀਆਂ ਅਤੇ ਨਚਦੀਆਂ ਹਨ। ਇਸ ਤੀਆਂ ਦੇ ਮੇਲੇ ਵਿਚ ਵੀ ਇਸ ਤਰ੍ਹਾਂ ਦੀਆਂ ਬੋਲੀਆਂ ਨੇ ਚੰਗੀ ਰੌਣਕ ਬਣਾਈ ਰੱਖੀ। ਇਸ ਸਮਾਗਮ ਵਿਚ ਖਾਣ ਪੀਣ ਦਾ ਪ੍ਰਬੰਧ ਬਲਵਿੰਦਰ ਕੌਰ, ਮਨਜੀਤ ਕੌਰ, ਅਮ੍ਰਿਤਪਾਲ ਕੌਰ ਅਤੇ ਸਿਮਰਨਜੀਤ ਕੌਰ ਨੇ ਕੀਤਾ ਅਤੇ ਚਾਹ ਪਾਣੀ ਵਰਤਾਉਣ ਵਿਚ ਮੁੱਖ ਭੂਮਿਕਾ ਕੈਪਟਨ ਇਕਬਾਲ ਸਿੰਘ ਵਿਰਕ, ਹਰਬੰਸ ਸਿੰਘ ਸਿੱਧੂ, ਜਸਵੰਤ ਸਿੰਘ ਗਿੱਲ ਅਤੇ ਰਾਜਿੰਦਰ ਸਿੰਘ ਗਰੇਵਾਲ ਨੇ ਨਿਭਾਈ।