ਪੈਰਾਡਾਈਜ਼ ਪੇਪਰਜ਼ ਮਾਮਲਾ : ਬਰੌਂਫਮੈਨ ਦੀ ਸਫਾਈ ਉੱਤੇ ਟਰੂਡੋ ਵੱਲੋਂ ਪ੍ਰਗਟਾਈ ਸੰਤੁਸ਼ਟੀ ਤੋਂ ਵਿਰੋਧੀ ਧਿਰਾਂ ਨੂੰ ਇਤਰਾਜ਼


ਹਨੋਈ, ਵੀਅਤਨਾਮ, 8 ਨਵੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਖਿਆ ਕਿ ਪੈਰਾਡਾਈਜ਼ ਪੇਪਰਜ਼ ਮਾਮਲੇ ਵਿੱਚ ਲਿਬਰਲ ਫੰਡਰੇਜ਼ਰ ਦਾ ਨਾਂ ਆਉਣ ਤੋਂ ਬਾਅਦ ਉਸ ਵੱਲੋਂ ਜਨਤਕ ਤੌਰ ਉੱਤੇ ਦਿੱਤੀ ਗਈ ਸਫਾਈ ਤੋਂ ਉਹ ਸੰਤੁਸ਼ਟ ਹਨ। ਪਰ ਟਰੂਡੋ ਦੇ ਕੰਜ਼ਰਵੇਟਿਵ ਤੇ ਐਨਡੀਪੀ ਵਿਰੋਧੀ ਇਸ ਗੱਲ ਨਾਲ ਇਤਫਾਕ ਨਹੀਂ ਰੱਖਦੇ।
ਐਪੈਕ ਮੀਟਿੰਗ ਲਈ ਇਸ ਹਫਤੇ ਵੀਅਤਨਾਮ ਪਹੁੰਚ ਚੁੱਕੇ ਟਰੂਡੋ ਦਾ ਕਹਿਣਾ ਹੈ ਕਿ ਤਥਾ ਕਥਿਤ ਪੈਰਾਡਾਈਜ਼ ਪੇਪਰਜ਼ ਦੇ ਸਬੰਧ ਵਿੱਚ ਸਟੀਫ ਬਰੌਂਫਮੈਨ ਵੱਲੋਂ ਦਿੱਤੀ ਗਈ ਸਫਾਈ ਨੂੰ ਉਨ੍ਹਾਂ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਬਰੌਂਫਮੈਨ ਇਹ ਸਪਸ਼ਟ ਕਰ ਚੁੱਕੇ ਹਨ ਕਿ ਨਾ ਹੀ ਉਨ੍ਹਾਂ ਵੱਲੋਂ ਕਿਸੇ ਵਿਦੇਸ਼ੀ ਟਰਸਟ ਨੂੰ ਫੰਡ ਮੁਹੱਈਆ ਕਰਵਾਏ ਗਏ ਹਨ ਤੇ ਨਾ ਹੀ ਆਪਣੇ ਸਰਮਾਏ ਨੂੰ ਟੈਕਸਾਂ ਤੋਂ ਬਚਾਉਣ ਲਈ ਵਿਦੇਸ਼ਾਂ ਵਿੱਚ ਲੁਕੋਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕੈਨੇਡੀਅਨ ਟਰਸਟਸ ਵੱਲੋਂ ਸਾਰੇ ਫੈਡਰਲ ਟੈਕਸ ਸਮੇਂ ਸਿਰ ਭਰੇ ਜਾਂਦੇ ਰਹੇ ਹਨ।
ਇਹ ਪੁੱਛੇ ਜਾਣ ਉੱਤੇ ਕਿ ਉਨ੍ਹਾਂ ਦੇ ਨਜ਼ਦੀਕੀ ਦੋਸਤ ਅਜੇ ਵੀ ਲਿਬਰਲ ਫੰਡਰੇਜ਼ਰ ਕਿਉਂ ਬਣੇ ਹੋਏ ਹਨ ਤਾਂ ਪ੍ਰਧਾਨ ਮੰਤਰੀ ਨੇ ਸਿੱਧੇ ਤੌਰ ਉੱਤੇ ਇਸ ਦਾ ਜਵਾਬ ਨਹੀਂ ਦਿੱਤਾ ਤੇ ਨਾ ਹੀ ਬਰੌਂਫਮੈਨ ਦਾ ਉਨ੍ਹਾਂ ਨਾਂ ਲਿਆ। ਟਰੂਡੋ ਨੇ ਵੀਅਤਨਾਮ ਦੇ ਰਾਸ਼ਟਰਪਤੀ ਪੈਲੇਸ ਵਿੱਚ ਰੱਖੀ ਨਿਊਜ਼ ਕਾਨਫਰੰਸ ਦੌਰਾਨ ਆਖਿਆ ਕਿ ਜਿਸ ਮਾਮਲੇ ਦਾ ਇੱਥੇ ਜਿ਼ਕਰ ਕੀਤਾ ਜਾ ਰਿਹਾ ਹੈ ਉਸ ਸਬੰਧ ਵਿੱਚ ਸਾਨੂੰ ਇਹ ਯਕੀਨ ਦਿਵਾਇਆ ਗਿਆ ਹੈ ਕਿ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ। ਜਨਤਕ ਤੌਰ ਉੱਤੇ ਬਿਆਨ ਜਾਰੀ ਕਰਕੇ ਪਰਿਵਾਰ ਵੱਲੋਂ ਇਸ ਤਰ੍ਹਾਂ ਦਾ ਭਰੋਸਾ ਦਿਵਾਇਆ ਗਿਆ ਹੈ ਤੇ ਅਸੀਂ ਇਸ ਤੋਂ ਸੰਤੁਸ਼ਟ ਹਾਂ।
ਟਰੂਡੋ ਨੇ ਆਖਿਆ ਕਿ ਟੈਕਸਾਂ ਤੋਂ ਬਚਣ ਜਾਂ ਟੈਕਸ ਚੋਰੀ ਦੇ ਮਾਮਲਿਆਂ ਨੂੰ ਰੋਕਣ ਲਈ ਅਸੀਂ ਕਾਫੀ ਕੁੱਝ ਕਰ ਰਹੇ ਹਾਂ। ਪਰ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਤੋਂ ਅਸੀਂ ਝਿਜਕਦੇ ਨਹੀਂ ਸਗੋਂ ਕੈਨੇਡਾ ਦੀ ਰੈਵਨਿਊ ਏਜੰਸੀ ਬੜੀ ਚੰਗੀ ਤਰ੍ਹਾਂ ਆਪਣੀ ਜਿ਼ੰਮੇਵਾਰੀ ਨਿਭਾਅ ਰਹੀ ਹੈ ਤੇ ਇਸ ਦੇ ਬਾਵਜੂਦ ਉਨ੍ਹਾਂ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਟੈਕਸਾਂ ਤੋਂ ਬਚਣ ਵਾਲਿਆਂ ਜਾਂ ਟੈਕਸ ਚੋਰੀ ਕਰਨ ਵਾਲਿਆਂ ਨੂੰ ਬਖਸਿ਼ਆ ਨਹੀਂ ਜਾਵੇਗਾ ਤੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਰ ਇਸ ਦੌਰਾਨ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਆਖਿਆ ਕਿ ਕੈਨੇਡਾ ਦੀ ਰੈਵਨਿਊ ਏਜੰਸੀ ਵੱਲੋਂ ਟੈਕਸਾਂ ਤੋਂ ਬਚਣ ਲਈ ਆਪਣੀ ਦੌਲਤ ਨੂੰ ਵਿਦੇਸ਼ੀ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਵਾਲਿਆਂ ਖਿਲਾਫ ਸਖ਼ਤ ਕਦਮ ਚੁੱਕਣ ਦਾ ਭਾਵੇਂ ਜਿ਼ਕਰ ਕੀਤਾ ਜਾ ਰਿਹਾ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਟਰੂਡੋ ਨੇ ਬਿਨਾਂ ਕਿਸੇ ਠੋਸ ਜਾਂਚ ਪੜਤਾਲ ਦੇ ਬਰੌਂਫਮੈਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸ਼ੀਅਰ ਨੇ ਸਵਾਲ ਕੀਤਾ ਕਿ ਇਸ ਤਰ੍ਹਾਂ ਦੇ ਫੈਸਲੇ ਨਾਲ ਕੈਨੇਡਾ ਦੀ ਰੈਵਨਿਊ ਏਜੰਸੀ ਤੇ ਇਸ ਮਾਮਲੇ ਦਾ ਮੁਲਾਂਕਣ ਕਰ ਰਹੇ ਲੋਕਾਂ ਨੂੰ ਕਿਹੋ ਜਿਹਾ ਸੁਨੇਹਾ ਮਿਲੇਗਾ? ਕੈਨੇਡੀਅਨਜ਼ ਨੂੰ ਇਸ ਤੋਂ ਕਿਹੋ ਜਿਹਾ ਸੁਨੇਹਾ ਮਿਲੇਗਾ?
ਸ਼ੀਅਰ ਨੇ ਆਖਿਆ ਕਿ ਇਸ ਗੱਲ ਨੂੰ ਲੈ ਕੇ ਕੈਨੇਡੀਅਨ ਜ਼ਰੂਰ ਖਫਾ ਹੋਣਗੇ ਕਿ ਪ੍ਰਧਾਨ ਮੰਤਰੀ ਜਾਂ ਲਿਬਰਲ ਮੰਤਰੀਆਂ ਤੇ ਉਨ੍ਹਾਂ ਦੇ ਦੋਸਤਾਂ ਲਈ ਵੱਖਰੇ ਨਿਯਮ ਹਨ ਤੇ ਹੋਰ ਸਾਰਿਆਂ ਲਈ ਵੱਖਰੇ ਨਿਯਮ ਹਨ। ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਇਸ ਮਾਮਲੇ ਵਿੱਚ ਹੋਰ ਜਾਂਚ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਪੈਰਾਡਾਈਜ਼ ਪੇਪਰਜ਼ ਦਾ ਕੀ ਬਣਿਆ ਇਹ ਸਮਝਣਾ ਬਹੁਤ ਮੁਸ਼ਕਲ ਹੈ ਤੇ ਇਹ ਵੀ ਕਿ ਕੈਨੇਡੀਅਨ ਕਾਨੂੰਨ ਅਮੀਰਾਂ ਨੂੰ ਟੈਕਸਾਂ ਤੋਂ ਬਚਣ ਦੀ ਇਜਾਜ਼ਤ ਕਿਉਂ ਦੇ ਰਿਹਾ ਹੈ? ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਆਖ ਰਹੇ ਹਨ ਕਿ ਬਰੌਂਫਮੈਨ ਦੀ ਸਫਾਈ ਤੋਂ ਉਹ ਸੰਤੁਸ਼ਟ ਹਨ ਪਰ ਕੈਨੇਡੀਅਨ ਸੰਤੁਸ਼ਟ ਨਹੀਂ ਹਨ।