ਪੈਨਸ਼ਨ ਨਾਲ ਵਿਆਹ

-ਸੰਜੀਵ ਸਿੰਘ
ਕਈ ਦਿਨਾਂ ਬਾਅਦ ਅੱਜ ਪਿੰਡ ਗਿਆ ਸੀ, ਸਾਰੇ ਦੋਸਤਾਂ ਤੇ ਬਜ਼ੁਰਗਾਂ ਨੂੰ ਮਿਲਿਆ ਤੇ ਸੁੱਖ-ਦੁੱਖ ਫਰੋਲੇ। ਸੱਥ ‘ਚ ਧੁੱਪ ਸੇਕਦੇ-ਸੇਕਦੇ ਕਈ ਤਾਸ਼ ਖੇਡ ਰਹੇ ਸਨ, ਕੁਝ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ, ਕੁਝ ਅਖਬਾਰ ਪੜ੍ਹ ਰਹੇ ਸਨ, ਕੁਝ ਆਪਣੀਆਂ ਨੂੰਹਾਂ-ਪੁੱਤਾਂ ਨੂੰ ਕੋਸ ਰਹੇ ਸਨ। ਮੈਂ ਉਨ੍ਹੰ ਕੋਲ ਜਾ ਕੇ ਸਾਈਕਲ ਤੋਂ ਹੇਠਾਂ ਇੱਕ ਲੱਤ ਭਾਰ ਹੋ ਕੇ ਸਾਈਕਲ ਦੀ ਕਾਠੀ ‘ਤੇ ਬੈਠੇ-ਬੈਠੇ ਕਿਹਾ; ‘ਸਤਿ ਸ੍ਰੀ ਅਕਾਲ ਬਜ਼ੁਰਗੋ।’ ਸਭ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਅਸ਼ੀਰਵਾਦ ਦਿੱਤਾ। ਇੱਕ ਬਜ਼ੁਰਗ ਨੇ ਕਿਹਾ ਕਿ ਹੇਠਾਂ ਉਤਰ ਸਾਈਕਲ ਤੋਂ, ਮੇਰੀ ਤਾਸ਼ ਦੇ ਪੱਤੇ ਫੜ, ਮੈਂ ਜ਼ਰਾ ਘਰ ਜਾਣਾ। ਮੈਂ ਤਾਸ਼ ਫੜ ਕੇ ਇੱਟ ‘ਤੇ ਬੈਠ ਗਿਆ, ਉਸ ਇੱਟ ‘ਤੇ ਆਪਣਿਆਂ ‘ਚ ਬੈਠਾ ਮੈਨੂੰ ਆਪਣਾ-ਆਪ ਬਾਦਸ਼ਾਹ ਤੋਂ ਘੱਟ ਨਹੀਂ ਸੀ ਲੱਗ ਰਿਹਾ ਅਤੇ ਇੱਟ ਇਸ ਤਰ੍ਹਾਂ ਲੱਗਦੀ ਸੀ ਜਿਵੇਂ ਸਿੰਘਾਸਨ ਹੋਵੇ।
ਪੱਤਾ ਸੁੱਟ ਕੇ ਮੈਂ ਕਿਹਾ; ਅੱਜ ਭਗਤਾ ਤਾਇਆ ਨੀ ਆਇਆ?
ਮੇਰੇ ਸਾਹਮਣੇ ਵਾਲਾ ਕਹਿਣ ਲੱਗਾ; ਤਾਇਆ ਗਿਆ ਹੋਣਾ ਹਨੀਮੂਨ ਮਨਾਉਣ, ਉਹ ਨਹੀਂ ਹੁਣ ਆਉਂਦਾ।
ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦਾ, ਇੱਕ ਹੋਰ ਬਜ਼ੁਰਗ ਕਹਿਣ ਲੱਗਾ, ਭਗਤੇ ਨੇ ਸਾਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ, ਸਾਡੇ ਪਿੰਡ ਦਾ ਨਾਂਅ ਬਦਨਾਮ ਕਰ ਦਿੱਤਾ ਹੈ, ਲੋਕ ਮਜ਼ਾਕ ਕਰਦੇ ਹਨ।
ਇੱਕ ਹੋਰ ਬੋਲਿਆ-ਦਿਮਾਗ ਖਰਾਬ ਹੋ ਗਿਆ ਤਾਏ ਦਾ।
ਮੈਂ ਬਹੁਤ ਹੈਰਾਨੀ ਨਾਲ ਕਿਹਾ; ਇੱਦਾਂ ਦਾ ਤਾਏ ਨੇ ਕੀ ਕਰਤਾ?
ਇੱਕ ਹੋਰ ਬੋਲਿਆ; ਸਾਡੇ ਸਿਰ ਸੁਆਹ ਪਾ ‘ਤੀ, ਵਿਆਹ ਕਰਾ ਲਿਆ, 80 ਸਾਲ ਦੀ ਉਮਰ ‘ਚ, ਉਹ ਵੀ ਆਪਣੀ ਸਕੀ ਨੂੰਹ ਨਾਲ।
ਮੈਂ ਇਕਦਮ ਕਿਹਾ, ‘‘ਤਾਇਆ ਇੱਦਾਂ ਨੀਂ ਕਰ ਸਕਦਾ, ਤਾਇਆ ਬਹੁਤ ਸਿਆਣਾ ਬੰਦਾ ਹੈ, ਪਾਕਿਸਤਾਨ ਨਾਲ ਦੋ ਲੜਾਈਆਂ ਲੜੀਆਂ ਉਹਨੇ ਤੇ ਇੰਨੇ ਐਵਾਰਡ ਲਏ ਫੌਜ ਤੋਂ ਤੇ ਸਾਡੇ ਪਿੰਡ ਦਾ ਨਾਂਅ ਰੋਸ਼ਨ ਕੀਤਾ ਹੈ।”
ਮੇਰਾ ਇੰਨਾ ਕਹਿਣ ਦੀ ਦੇਰ ਸੀ ਕਿ ਕਈ ਬਜ਼ਰੁਗ ਬੁੜ-ਬੁੜ ਕਰਦੇ ਉਠ ਕੇ ਚਲੇ ਗਏ। ਦੋ ਕੁ ਮਿੰਟ ਸ਼ਾਂਤੀ ਤੋਂ ਬਾਅਦ ਤਾਸ਼ ਦੀ ਖੇਡ ਵੀ ਬੰਦ ਹੋ ਗਈ ਤੇ ਸਭ ਆਪਣੇ ਆਪਣੇ ਘਰਾਂ ਨੂੰ ਚੱਲ ਪਏ। ਮੈਂ ਵੀ ਸਾਈਕਲ ਚੁੱਕ ਕੇ ਤਾਏ ਭਗਤੇ ਦੇ ਘਰ ਵੱਲ ਨੂੰ ਚੱਲ ਪਿਆ।
ਤਾਏ ਦਾ ਨਾਂਅ ਭਗਤ ਰਾਮ ਸੀ ਤੇ ਉਹ ਫੌਜ ‘ਚੋਂ ਸੂਬੇਦਾਰ ਰਿਟਾਇਰ ਹੋਇਆ ਸੀ, ਖੇਤਾਂ ‘ਚ ਖੂਹ ‘ਤੇ ਰਹਿੰਦਾ ਸੀ। ਤਾਅਿਾ ਪਸ਼ੂਆਂ ਕੋਲ ਧੁੱਪੇ ਮੰਜਾ ਡਾਹ ਕੇ ਪਿਆ ਸੀ, ਦੇਖ ਕੇ ਉਠ ਕੇ ਬਹਿ ਗਿਆ। ਮੈਂ ਸਤਿ ਸ੍ਰੀ ਅਕਾਲ ਬੁਲਾ ਕੇ ਮੰਜੇ ਦੀ ਦੌਣ ਵਾਲੇ ਪਾਸੇ ਬੈਠ ਗਿਆ। ਮੈਂ ਕਿਹਾ ਹੋਰ ਤਾਇਆ, ਕਿੱਦਾਂ, ਸਿਹਤਾਂ ਵਲ ਆ? ਤਾਏ ਨੇ ਬਿਨਾਂ ਜਵਾਬ ਦਿੱਤੇ ਆਪਣੀ ਨੂੰਹ (ਜੋ ਉਸ ਦੀ ਹੁਣ ਪਤਨੀ ਸੀ) ਨੂੰ ਆਵਾਜ਼ ਮਾਰ ਕੇ ਕਿਹਾ: ਪਾਣੀ ਲਿਆ ਤੇ ਚਾਹ ਧਰਦੇ, ਮੁੰਡਾ ਸ਼ਹਿਰੋਂ ਆਇਆ।
ਉਸ ਦੀ ਨੂੰਹ ਮੈਨੂੰ ਪਾਣੀ ਫੜਾ ਕੇ ਅੰਦਰ ਚਲੀ ਗਈ। ਮੈਂ ਕਿਹਾ;ਤਾਇਆ ਪਿੰਡ ਆਲੇ ਕੀ ਗੱਲਾਂ ਕਰਦੇ ਆ?
ਤਾਏ ਦੀਆਂ ਸੁੱਕੀਆਂ ਅੱਖਾਂ ‘ਚ ਇਕਦਮ ਨਮੀ ਆ ਗਈ, ਗਲਾ ਭਰ ਗਿਆ ਤੇ ਉਸ ਤੋਂ ਕੁਝ ਨਹੀਂ ਹੋਇਆ। ਕੁਝ ਰੁਕ ਕੇ ਮੈਂ ਫਿਰ ਕਿਹਾ, ਤਾਇਆ ਮੈਂ ਤੇਰੀ ਬਹੁਤ ਇੱਜ਼ਤ ਕਰਦਾ, ਪਰ ਲੋਕੀਂ ਕਹਿੰਦੇ ਤਾਏ ਨੇ ਆਪਣੀ ਨੂੰਹ ਨਾਲ ਵਿਆਹ ਕਰਵਾ ਕੇ ਸਾਡੇ ਪਿੰਡ ਦਾ ਨਾਂਅ ਖਰਾਬ ਕੀਤਾ ਹੈ।
ਤਾਇਆ ਭਰੇ ਗਲੇ ਨਾਲ ਬੋਲਿਆ, ਹਾਂ ਪੁੱਤਰਾ ਉਹ ਠੀਕ ਕਹਿੰਦੇ ਆ, ਕਿਉਂਕਿ ਉਹ ਮੇਰੀਆਂ ਮਜਬੂਰੀਆਂ ਨਹੀਂ ਜਾਣਦੇ।
ਮੈਂ ਕਿਹਾ; ਤਾਇਆ ਕੀ ਮਜਬੂਰੀ ਕਿ 80 ਸਾਲ ਦੀ ਉਮਰ ‘ਚ ਵਿਆਹ ਕਰਵਾ ਲਿਆ, ਉਹ ਵੀ ਨੂੰਹ ਨਾਲ।
ਤਾਇਆ ਰੋ ਪਿਆ, ਮੈਂ ਉਸ ਨੂੰ ਝੂਠਾ ਜਿਹਾ ਦਿਲਾਸਾ ਦੇ ਕੇ ਫਿਰ ਕਹਿ ਦਿੱਤਾ, ਵਿਆਹ ਵਾਲੀ ਗੱਲ ਦੀ ਉਮੀਦ ਨਹੀਂ ਸੀ ਮੈਨੂੰ। ਤਾਏ ਨੇ ਆਪਣੇ-ਆਪ ਨੂੰ ਸੰਭਾਲਦੇ ਹੋਏ ਕਿਹਾ, ਇਹ ਮੇਰੀ ਨੂੰਹ ਨਹੀਂ ਹੈ, ਇਹ ਮੇਰੀ ਧੀ ਹੈ। ਇੰਨੇ ਨੂੰ ਤਾਏ ਦੀ ਨੂੰਹ ਚਾਹ ਕੇ ਲੈ ਕੇ ਆ ਗਈ। ਤਾਏ ਨੇ ਚਾਹ ਫੜ ਕੇ ਨੂੰਹ ਵੱਲ ਇਸ਼ਾਰਾ ਕਰ ਕੇ ਕਿਹਾ-ਮੈਂ ਇਸਦੇ ਬਹੁਤ ਤਰਲੇ ਮਿੰਨਤਾਂ ਕੀਤੀਆਂ ਕਿ ਮੇਰਾ ਮੁੰਡਾ ਮਰ ਗਿਆ ਹੈ, ਤੂੰ ਹੁਣ ਹੋਰ ਵਿਆਹ ਕਰਵਾ ਲੈ, ਇਹ ਨੀਂ ਮੰਨੀ। ਕਹਿੰਦੀ ਮੇਰੀ ਛੇ-ਸੱਤ ਸਾਲਾਂ ਦੀ ਧੀ ਹੈ (ਜੋ ਹੁਣ 14-15 ਸਾਲਾਂ ਦੀ ਹੋ ਚੁੱਕੀ ਸੀ) ਇਹ ਨੂੰ ਕਿਸੇ ਨੇ ਨਹੀਂ ਅਪਣਾਉਣਾ, ਮੈਂ ਇਥੇ ਹੀ ਠੀਕ ਹਾਂ।
ਤਾਇਆ ਰੋਣ ਲੱਗ ਪਿਆ, ਥੋੜ੍ਹੀ ਦੇਰ ਬਾਅਦ ਬੋਲਿਆ, ਇਹਨੇ ਮੇਰੇ ਕਹਿਣ ‘ਤੇ ਵੀ ਹੋਰ ਵਿਆਹ ਨਹੀਂ ਕਰਵਾਇਆ, ਇਥੇ ਡੰਗਰਾਂ ਨੂੰ ਪੱਠੇ ਪਾ-ਪਾ ਕੇ ਕਿੰਨੇ ਕੁ ਕਮਾ ਲਊਗੀ? ਮੈਂ ਇਸ ਨਾਲ ਕੋਰਟ ਮੈਰਿਜ ਕਰਵਾ ਲਈ ਹੈ ਤਾਂ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਫੈਮਿਲੀ ਪੈਨਸ਼ਨ ਇਸ ਨੂੰ ਲੱਗ ਜਾਵੇ। ਕੀ ਮੈਂ ਆਪਣੀ ਪੋਤੀ ਅਤੇ ਧੀਆਂ ਵਰਗੀ ਨੂੰਹ ਲਈ ਇੰਨਾ ਵੀ ਨਹੀਂ ਕਰ ਸਕਦ? ਸਮਾਜ ਅਤੇ ਪਿੰਡ ਦੀ ਮੈਨੂੰ ਕੋਈ ਪ੍ਰਵਾਹ ਨਹੀਂ ਹੈ, ਮੈਂ ਆਪਣੀ ਪੋਤੀ ਤੇ ਨੂੰਹ ਨੂੰ ਰੁਲਣ ਲਈ ਨਹੀਂ ਛੱਡ ਸਕਦਾ, ਦੋ ਕਿੱਲਿਆਂ ਦੀ ਖੇਤੀ ਨਾਲ ਗੁਜ਼ਾਰਾ ਨਹੀਂ ਹੋ ਸਕਦਾ।”
ਹੁਣ ਤਾਇਆ ਚਾਹ ਪੀ ਰਿਹਾ ਸੀ ਤੇ ਮੈਂ ਤਾਏ ਵਾਂਗੂੰ ਭਰੀਆਂ ਅੱਖਾਂ ਤੇ ਗਲੇ ਨਾਲ ਉਸ ਦੇ ਸਾਹਮਣੇ ਚੁੱਪਚਾਪ ਬੈਠਾ ਸੀ। ਮੈਂ ਤਾਏ ਨੂੰ ਸਲੂਟ ਮਾਰਿਆ ਤੇ ਬਿਨਾਂ ਚਾਹ ਪੀਤੇ ਆਪਣੀ ਸਾਈਕਲ ‘ਤੇ ਬੈਠ ਗਿਆ, ਕਿਉਂਕਿ ਇੰਨੇ ਮਹਾਨ ਫੌਜੀ ਸਾਹਮਣੇ ਮੇਰੀ ਕੋਈ ਔਕਾਤ ਨਹੀਂ ਸੀ ਤੇ ਮੈਂ ਉਸ ਦੇ ਸਾਹਮਣੇ ਰੋਣਾ ਵੀ ਨਹੀਂ ਸੀ ਚਾਹੁੰਦਾ। ਮੈਨੂੰ ਲੱਗ ਰਿਹਾ ਸੀ ਕਿ ਤਾਏ ਦੀ ਨੂੰਹ ਨੇ ਤਾਏ ਦੀ ਪੈਨਸ਼ਨ ਨਾਲ ਵਿਆਹ ਕਰਾਇਆ ਹੈ, ਉਨ੍ਹਾਂ ਦਾ ਤਾਂ ਹੁਣ ਵੀ ਪਿਓ-ਧੀ ਦਾ ਹੀ ਰਿਸ਼ਤਾ ਸੀ। ਮੇਰੀਆਂ ਨਜ਼ਰਾਂ ਵਿੱਚ ਤਾਇਆ ਅੱਜ ਤੀਜੀ ਜੰਗ ਵੀ ਜਿੱਤ ਗਿਆ, ਪਰ ਇਸ ਵਾਰ ਸਾਹਮਣੇ ਪਾਕਿਸਤਾਨ ਨਹੀਂ ਸੀ, ਸਗੋਂ ਆਪਣਾ ਪਿੰਡ ਸੀ।