ਪੈਟਰੋਲੀਅਮ ਦੇ ਖੇਤਰੀ ਮੈਨੇਜਰ ਅਨਿਲ ਕੁਮਾਰ ਨੂੰ ਭਿ੍ਰਸ਼ਟਾਚਾਰ ਕੇਸ ਵਿੱਚ ਕੈਦ


ਮੁਹਾਲੀ, 31 ਜਨਵਰੀ (ਪੋਸਟ ਬਿਊਰੋ)- ਮੁਹਾਲੀ ਵਿੱਚ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਕਰੀਬ ਛੇ ਸਾਲ ਪੁਰਾਣੇ ਭਿ੍ਰਸ਼ਟਾਚਾਰ ਦੇ ਇੱਕ ਕੇਸ ਵਿੱਚ ਮੁਲਜ਼ਮ ਅਨਿਲ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਦੀ ਕੈਦ ਸਮੇਤ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਮਿਲੀ ਜਾਣਕਾਰੀ ਅਨੁਸਾਰ ਸੀ ਬੀ ਆਈ ਨੇ 25 ਨਵੰਬਰ 2011 ਨੂੰ ਅਨਿਲ ਕੁਮਾਰ ਦੇ ਖਿਲਾਫ ਭਿ੍ਰਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ। ਇਹ ਕਾਰਵਾਈ ਹਰਿਆਣਾ ਦੇ ਪਿੰਡ ਖੇੜੀ ਦੇ ਲੱਖਾ ਸਿੰਘ ਦੀ ਸ਼ਿਕਾਇਤ ਦੇ ਆਧਾਰ ਉਤੇ ਕੀਤੀ ਗਈ ਸੀ। ਸ਼ਿਕਾਇਤ ਕਰਤਾ ਹਰਿਆਣਾ ਦਾ ਪੈਟਰੋਲ ਪੰਪ ਮਾਲਕ ਹੈ। ਭਿ੍ਰਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਅਨਿਲ ਕੁਮਾਰ ਓਦੋਂ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਵੱਲੋਂ ਲਾਲੜੂ ਵਿੱਚ ਖੇਤਰੀ ਮੈਨੇਜਰ ਦੇ ਅਹੁਦੇ ‘ਤੇ ਤਾਇਨਾਤ ਸੀ। ਸ਼ਿਕਾਇਤ ਕਰਤਾ ਅਨੁਸਾਰ ਅਨਿਲ ਕੁਮਾਰ ਉਨ੍ਹਾਂ ਦੇ ਪੈਟਰੋਲ ਪੰਪ ਲਈ ਤੇਲ ਦੀ ਸਪਲਾਈ ਕਰਨ ਦੇ ਮਾਮਲੇ ਵਿੱਚ ਆਨਾਕਾਨੀ ਕਰ ਰਿਹਾ ਸੀ। ਜਦੋਂ ਉਨ੍ਹਾਂ ਮੈਨੇਜਰ ਨਾਲ ਗੱਲ ਕੀਤੀ ਤਾਂ ਅਨਿਲ ਕੁਮਾਰ ਨੇ ਗੁੱਸੇ ਵਿੱਚ ਆ ਕੇ ਪੈਟਰੋਲ ਦੀ ਸਪਲਾਈ ਰੋਕ ਦਿੱਤੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਤੇਲ ਦੀ ਸਪਲਾਈ ਸ਼ੁਰੂ ਕਰਨ ਲਈ ਅਨਿਲ ਕੁਮਾਰ ਨੇ ਤਿੰਨ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ, ਜਿਸ ਕਾਰਨ ਤੰਗ ਆ ਕੇ ਪੰਪ ਮਾਲਕ ਨੇ ਸੀ ਬੀ ਆਈ ਨੂੰ ਸ਼ਿਕਾਇਤ ਕਰ ਦਿੱਤੀ। ਇਸ ਦੇ ਬਾਅਦਂ ਸੀ ਬੀ ਆਈ ਟੀਮ ਨੇ ਟਰੈਪ ਲਾ ਕੇ ਖੇਤਰੀ ਮੈਨੇਜਰ ਅਨਿਲ ਕੁਮਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਸੀ। ਪੰਜ ਸਾਲ ਪਹਿਲਾਂ 31 ਜੁਲਾਈ 2012 ਨੂੰ ਇਸ ਮਾਮਲੇ ਸਬੰਧੀ ਚਾਰਜਸ਼ੀਟ ਪਟਿਆਲਾ ਸਥਿਤ ਸੀ ਬੀ ਆਈ ਦੀ ਅਦਾਲਤ ਵਿੱਚ ਦਾਇਰ ਕੀਤੀ ਗਈ ਸੀ।