ਪੈਂਤੜੇ ਦਾ ਪ੍ਰਤੀਕ ਬਣਨ ਵਾਲੇ ਕਿਸੇ ਲੀਡਰ ਦੀ ਅਣਹੋਂਦ ਵਿੱਚ ਮਹਾਂ-ਗੱਠਜੋੜ ਕਿੱਦਾਂ ਬਣ ਜਾਵੇਗਾ

pannu2881
-ਜਤਿੰਦਰ ਪਨੂੰ
ਚਲੰਤ ਹਫਤੇ ਦੀ ਸਭ ਤੋਂ ਹਾਸੋਹੀਣੀ ਖਬਰ ਅਸੀਂ ਸ਼ਰਦ ਪਵਾਰ ਦਾ ਇਹ ਬਿਆਨ ਮੰਨ ਸਕਦੇ ਹਾਂ ਕਿ ਹੁਣ ਭਾਜਪਾ ਦੇ ਵਿਰੋਧ ਲਈ ਅਗਲੀਆਂ ਪਾਰਲੀਮੈਂਟ ਚੋਣਾਂ ਤੱਕ ਸਾਰੀਆਂ ਭਾਜਪਾ-ਵਿਰੋਧੀ ਸਿਆਸੀ ਪਾਰਟੀਆਂ ਨੂੰ ਮਹਾਂ-ਗੱਠਜੋੜ ਬਣਾ ਲੈਣਾ ਚਾਹੀਦਾ ਹੈ। ਬਹੁਤ ਹੁਸੀਨ ਸੁਫਨਾ ਵੇਖਣ ਦਾ ਯਤਨ ਕੀਤਾ ਗਿਆ ਹੈ। ਇਹ ਗੱਲ ਉਸ ਨੂੰ ਨਾਲ ਹੀ ਕਹਿ ਦੇਣੀ ਚਾਹੀਦੀ ਸੀ ਕਿ ਗੱਠਜੋੜ ਦੇ ਆਗੂ ਵਜੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਵੀ ਸ਼ਰਦ ਪਵਾਰ ਨੂੰ ਹੁਣੇ ਤੋਂ ਮੰਨ ਲੈਣਾ ਚਾਹੀਦਾ ਹੈ। ਸੁਫਨਾ ਹੀ ਲੈਣਾ ਹੈ ਤਾਂ ਅਧੂਰਾ ਨਹੀਂ ਲੈਣਾ ਚਾਹੀਦਾ। ਏਦਾਂ ਦਾ ਸੁਫਨਾ ਲੈਣ ਦੇ ਹਾਲਾਤ ਕਿਸ ਤਰ੍ਹਾਂ ਪੈਦਾ ਹੋਏ, ਇਸ ਬਾਰੇ ਸ਼ਰਦ ਪਵਾਰ ਸ਼ਾਇਦ ਚਰਚਾ ਵੀ ਨਹੀਂ ਕਰਨਾ ਚਾਹੇਗਾ।
ਉਹ ਵੀ ਇੱਕ ਸਮਾਂ ਸੀ, ਜਦੋਂ ਬੰਗਲਾ ਦੇਸ਼ ਬਣਨ ਵੇਲੇ ਭਾਰਤ ਦੀ ਅਗਵਾਈ ਕਰਨ ਵਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਰ ਪਾਸੇ ਚੜ੍ਹਤ ਸੀ। ਉਹ ਆਪਣੀ ਚੜ੍ਹਤ ਨੂੰ ਸੰਭਾਲ ਨਹੀਂ ਸੀ ਸਕੀ। ਪਾਰਟੀ ਦੇ ਜਿੰਨੇ ਕੁ ਵੱਡੇ ਆਗੂ ਓਦੋਂ ਤੱਕ ਉਸ ਦੇ ਨਾਲ ਖੜੋਤੇ ਸਨ, ਸਭਨਾਂ ਨੂੰ ਪਿੱਛੇ ਛੱਡ ਕੇ ਪਾਰਟੀ ਨੂੰ ਪਰਵਾਰਕ ਰਾਜਨੀਤੀ ਦੀ ਆੜ੍ਹਤ ਬਣਾਉਣ ਵਾਸਤੇ ਆਪਣੇ ਪੁੱਤਰ ਸੰਜੇ ਗਾਂਧੀ ਨੂੰ ਅੱਗੇ ਲੈ ਆਈ ਸੀ। ਸ਼ਰਦ ਪਵਾਰ ਦੀ ਪੀੜ੍ਹੀ ਵਾਲੇ ਆਗੂ ਓਦੋਂ ਉੱਭਰਦੇ ਪਏ ਸਨ, ਪਰ ਉਨ੍ਹਾਂ ਦੀ ਆਵਾਜ਼ ਸੁਣੀ ਜਾਣ ਲੱਗ ਪਈ ਸੀ। ਮਹਾਰਾਸ਼ਟਰ ਦੇ ਓਦੋਂ ਦੇ ਸਭ ਤੋਂ ਵੱਡੇ ਕਾਂਗਰਸੀ ਆਗੂ ਯਸ਼ਵੰਤ ਰਾਓ ਚਵਾਨ ਦੇ ਨਾਲ ਚਿਪਕਿਆ ਸ਼ਰਦ ਪਵਾਰ ਵੀ ਹੋਰ ਆਗੂਆਂ ਵਾਂਗ ਇੰਦਰਾ ਗਾਂਧੀ ਦੇ ਪੁੱਤਰ ਸੰਜੇ ਗਾਂਧੀ ਨੂੰ ਉਭਾਰਨ ਵਾਲਿਆਂ ਵਿੱਚ ਸ਼ਾਮਲ ਹੁੰਦਾ ਸੀ। ਐਮਰਜੈਂਸੀ ਮਗਰੋਂ ਜਨਤਾ ਪਾਰਟੀ ਜਿੱਤ ਗਈ ਤਾਂ ਨਹਿਰੂ-ਗਾਂਧੀ ਪਰਵਾਰ ਨੂੰ ਪਾਸੇ ਧੱਕ ਕੇ ਕੌਮੀ ਆਗੂ ਬਣਨ ਦੀ ਦੌੜ ਵਿੱਚ ਉਹ ਉਸ ਵੇਲੇ ਇੰਦਰਾ ਗਾਂਧੀ ਤੋਂ ਬਾਗੀ ਹੋਏ ਲੀਡਰਾਂ ਵਿੱਚ ਜਾ ਮਿਲਿਆ ਤੇ ਕਾਂਗਰਸ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ (ਐੱਸ) ਦਾ ਪ੍ਰਧਾਨ ਬਣ ਗਿਆ ਸੀ। ਥੋੜ੍ਹਾ ਜਿਹਾ ਸਮਾਂ ਹੋਰ ਲੰਘਿਆ ਤਾਂ ਉਹ ਕਾਂਗਰਸ ਵਿੱਚ ਓਦੋਂ ਵਾਪਸ ਆ ਗਿਆ, ਜਦੋਂ ਅਯੁੱਧਿਆ ਵਿੱਚ ਰਾਮ ਮੰਦਰ ਵਾਲੇ ਢਾਂਚੇ ਨੂੰ ਅਦਾਲਤ ਦੇ ਹੁਕਮ ਉੱਤੇ ਲੱਗਾ ਹੋਇਆ ਤਾਲਾ ਖੁਲ੍ਹਵਾ ਕੇ ਰਾਜੀਵ ਗਾਂਧੀ ਨੇ ਪੂਜਾ ਕੀਤੀ ਤੇ ਹਿੰਦੂਤੱਵ ਨੂੰ ਉਭਾਰਦੇ ਨਾਅਰਿਆਂ ਨਾਲ ਪਾਰਲੀਮੈਂਟ ਚੋਣਾਂ ਵਿੱਚ ਹੂੰਝਾ ਫੇਰ ਲਿਆ ਸੀ। ਇਸ ਨਾਲ ਹਿੰਦੂਤੱਵ ਦੀ ਅਗਲੀ ਉਠਾਣ ਲਈ ਇੱਕ ਪੜੁੱਲ ਓਦੋਂ ਰਾਜੀਵ ਗਾਂਧੀ ਨੇ ਹੀ ਸਿਰਜ ਦਿੱਤਾ ਸੀ, ਜਿਸ ਨੂੰ ਬਾਅਦ ਵਿੱਚ ਭਾਜਪਾ ਨੇ ਵਰਤ ਲਿਆ ਹੈ। ਸ਼ਰਦ ਪਵਾਰ ਅਤੇ ਹੋਰ ਆਗੂ ਉਸ ਵੇਲੇ ਰਾਜੀਵ ਗਾਂਧੀ ਨਾਲ ਖੜੇ ਰਹਿ ਕੇ ਇੱਕ ਪਾਸੇ ਸ਼ਾਹਬਾਨੋ ਕੇਸ ਵਿੱਚ ਮੁਸਲਿਮ ਕੱਟੜਪੰਥੀਆਂ ਨੂੰ ਪਲੋਸਦੇ ਰਹੇ ਤੇ ਦੂਸਰੇ ਪਾਸੇ ਤਿੱਖੇ ਹਿੰਦੂਤੱਵ ਦੀਆਂ ਧਿਰਾਂ ਨਾਲ ਜੋੜ ਰੱਖਦੇ ਰਹੇ ਸਨ। ਫਿਰ ਜਦੋਂ ਸੀਤਾ ਰਾਮ ਕੇਸਰੀ ਦੇ ਹੱਥ ਕਾਂਗਰਸ ਦੀ ਕਮਾਨ ਆਈ ਤਾਂ ਉਸ ਨੂੰ ਭਾਜਪਾ ਦੇ ਨਾਲ ਮਿਲਿਆ ਕਹਿ ਕੇ ਉਸ ਦੇ ਵਿਰੋਧ ਕਰਨ ਵਿੱਚ ਸ਼ਰਦ ਪਵਾਰ ਸਭ ਤੋਂ ਅੱਗੇ ਖੜਾ ਸੀ, ਪਰ ਜਦੋਂ ਕਾਂਗਰਸ ਨੇ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾ ਲਿਆ ਤਾਂ ਭਾਜਪਾ ਦੇ ਇਸ਼ਾਰੇ ਉੱਤੇ ਸੋਨੀਆ ਨੂੰ ‘ਵਿਦੇਸ਼ਣ’ ਕਹਿ ਕੇ ਉਸ ਦੇ ਖਿਲਾਫ ਨੈਸ਼ਨਲਿਸਟ ਕਾਂਗਰਸ ਪਾਰਟੀ ਬਣਾਉਣ ਦੀ ਖੇਡ ਵੀ ਸ਼ਰਦ ਪਵਾਰ ਨੇ ਖੇਡੀ ਸੀ। ਸਮਾਂ ਆਏ ਤੋਂ ਓਸੇ ‘ਵਿਦੇਸ਼ਣ’ ਨਾਲ ਸ਼ਰਦ ਪਵਾਰ ਨੇ ਸਿਆਸੀ ਸਾਂਝ ਵੀ ਪਾ ਲਈ ਤੇ ਆਪਣੇ ਰਾਜ ਵਿੱਚ ਸ਼ਿਵ ਸੈਨਾ ਨਾਲ ਨੇੜ ਵੀ ਲੁਕਾਉਂਦਾ ਨਹੀਂ ਸੀ।
ਹੁਣ ਓਸੇ ਸ਼ਰਦ ਪਵਾਰ ਨੂੰ ਭਾਰਤ ਵਿੱਚ ਹਿੰਦੂਤੱਵ ਦੀ ਚੜ੍ਹਤ ਹੁੰਦੀ ਜਾਪਦੀ ਹੈ ਤੇ ਅਗਲੀਆਂ ਪਾਰਲੀਮੈਂਟ ਚੋਣਾਂ ਵਿੱਚ ਭਾਜਪਾ ਦੇ ਮੁਕਾਬਲੇ ਦਾ ਗੱਠਜੋੜ ਬਣਾਉਣ ਦੇ ਸੱਦੇ ਦੇਣ ਲੱਗਾ ਹੈ। ਮਸਾਂ ਦੋ ਸਾਲ ਪਹਿਲਾਂ ਦੀ ਗੱਲ ਹੈ, ਕਾਂਗਰਸ ਪਾਰਟੀ ਨੇ ਮਹਾਰਾਸ਼ਟਰ ਵਿੱਚ ਭਾਜਪਾ ਦਾ ਰਾਹ ਰੋਕਣ ਲਈ ਚੋਣ ਗੱਠਜੋੜ ਦਾ ਸੱਦਾ ਦਿੱਤਾ ਸੀ ਤੇ ਸ਼ਰਦ ਪਵਾਰ ਨੇ ਮੰਨਣ ਦੀ ਥਾਂ 288 ਮੈਂਬਰੀ ਵਿਧਾਨ ਸਭਾ ਦੀਆਂ 278 ਸੀਟਾਂ ਲੜਨ ਦੇ ਬਾਅਦ 41 ਸੀਟਾਂ ਜਿੱਤੀਆਂ ਤੇ ਕਾਂਗਰਸ ਨੂੰ 287 ਸੀਟਾਂ ਲੜਨ ਦੇ ਬਾਅਦ 42 ਸੀਟਾਂ ਹਾਸਲ ਹੋਈਆਂ ਸਨ। ਉਸ ਰਾਜ ਵਿੱਚ ਦਸ ਸਾਲ ਲਗਾਤਾਰ ਦੋਵਾਂ ਨੇ ਸਾਂਝੀ ਸਰਕਾਰ ਚਲਾਈ ਹੋਈ ਸੀ, ਇਸ ਚੋਣ ਵਿੱਚ ਮਿਲ ਜਾਂਦੇ ਤਾਂ ਦੋਵਾਂ ਦੀਆਂ ਵੋਟਾਂ ਜੋੜ ਕੇ 83 ਦੀ ਥਾਂ ਡੇਢ ਸੌ ਸੀਟਾਂ ਆ ਸਕਦੀਆਂ ਸਨ, ਪਰ ਸ਼ਰਦ ਪਵਾਰ ਨੇ ਵੱਖਰੇ ਚੋਣਾਂ ਲੜਨ ਦੀ ਜ਼ਿਦ ਕੀਤੀ ਸੀ। ਉਸ ਰਾਜ ਵਿੱਚ ਓਦੋਂ ਸ਼ਿਵ ਸੈਨਾ ਅਤੇ ਭਾਜਪਾ ਦਾ ਗੱਠਜੋੜ ਟੁੱਟ ਜਾਣ ਕਾਰਨ ਦੋਵੇਂ ਆਹਮੋ-ਸਾਹਮਣੇ ਸਨ, ਪਰ ਪ੍ਰਧਾਨ ਮੰਤਰੀ ਬਣ ਚੁੱਕੇ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਵਿੱਚ ਆਪਣੀ ਚੋਣ-ਨੀਤੀ ਵਾਸਤੇ ਰਾਜ ਠਾਕਰੇ ਅਤੇ ਸ਼ਰਦ ਪਵਾਰ ਦੋਵਾਂ ਨੂੰ ਵਰਤਣ ਦਾ ਜੁਗਾੜ ਕਰ ਲਿਆ ਸੀ। ਨਤੀਜੇ ਵਜੋਂ ਭਾਜਪਾ ਓਥੇ ਪਹਿਲੀ ਵਾਰ ਸਭ ਤੋਂ ਵੱਡੀ ਪਾਰਟੀ ਬਣੀ ਅਤੇ ਸ਼ਿਵ ਸੈਨਾ ਉਸ ਦੀ ਛੋਟੀ ਭਾਈਵਾਲ ਹੋਣ ਦੇ ਨਾਲ ਰਾਜ ਠਾਕਰੇ ਅਤੇ ਵੱਖੋ-ਵੱਖ ਚੋਣ ਲੜ ਰਹੀਆਂ ਕਾਂਗਰਸ ਦੀਆਂ ਦੋਵੇਂ ਧਿਰਾਂ ਕੱਖੋਂ ਹੌਲੇ ਹੋ ਕੇ ਰਹਿ ਗਈਆਂ ਸਨ। ਇਸ ਪਿੱਛੋਂ ਸ਼ਿਵ ਸੈਨਾ ਹੀਣੀ ਹੋ ਕੇ ਭਾਜਪਾ ਨਾਲ ਦੁਬਾਰਾ ਜੁੜੀ ਸੀ।
ਅਯੁੱਧਿਆ ਵਿੱਚ ਬੰਦ ਪਏ ਢਾਂਚੇ ਨੂੰ ਲੱਗਾ ਤਾਲਾ ਰਾਜੀਵ ਗਾਂਧੀ ਵੱਲੋਂ ਖੁਲ੍ਹਵਾਏ ਜਾਣ ਦੇ ਬਾਅਦ ਵੀ ਜਿਹੜੇ ਮਹਾਰਾਸ਼ਟਰ ਵਿੱਚ ਭਾਜਪਾ ਦੀ ਉਠਾਣ ਨੂੰ ਸ਼ਰਦ ਪਵਾਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਰੋਕ ਲੈਂਦੀ ਸੀ, ਹੁਣ ਓਸੇ ਰਾਜ ਵਿੱਚ ਸਭ ਰੰਗਾਂ ਦੇ ਕਾਂਗਰਸੀਆਂ ਦੀ ਹਾਲਤ ਪਾਣੀਓਂ ਪਤਲੀ ਦਿਖਾਈ ਦੇਂਦੀ ਹੈ। ਅਗਲੀਆਂ ਪਾਰਲੀਮੈਂਟ ਚੋਣਾਂ ਵਿੱਚ ਭਾਜਪਾ ਦੇ ਮੁਕਾਬਲੇ ਲਈ ਸ਼ਰਦ ਪਵਾਰ ਗੱਠਜੋੜ ਬਣਾਉਣ ਦਾ ਸੱਦਾ ਦੇਂਦੇ ਸਮੇਂ ਪੰਜ ਰਾਜਾਂ ਵਿੱਚ ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਤੇ ਖਾਸ ਕਰ ਕੇ ਉੱਤਰ ਪ੍ਰਦੇਸ਼ ਦਾ ਜ਼ਿਕਰ ਕਰਦਾ ਹੈ। ਉਸ ਨੂੰ ਇਹ ਸੱਦਾ ਓਦੋਂ ਦੇਣਾ ਬਣਦਾ ਸੀ, ਜਦੋਂ ਇਨ੍ਹਾਂ ਪੰਜ ਰਾਜਾਂ ਦੀਆਂ ਚੋਣਾਂ ਹੁੰਦੀਆਂ ਵਿਚਾਲੇ ਹੀ ਮਹਾਰਾਸ਼ਟਰ ਦੀਆਂ ਨਗਰ ਪਾਲਿਕਾਵਾਂ ਵਿੱਚ ਭਾਜਪਾ ਨੇ ਕਾਂਗਰਸ ਦੀਆਂ ਇਨ੍ਹਾਂ ਦੋਵਾਂ ਧਿਰਾਂ ਦੇ ਨਾਲ ਸ਼ਿਵ ਸੈਨਾ ਵਾਲੀ ਸ਼ਰੀਕ ਧਿਰ ਵੀ ਰਗੜ ਦਿੱਤੀ ਸੀ। ਚਰਚਾ ਤਾਂ ਓਦੋਂ ਇਹ ਵੀ ਸੁਣੀਂਦੀ ਸੀ ਕਿ ਜੇ ਕੁਝ ਸੀਟਾਂ ਮਿਲ ਜਾਣ ਤਾਂ ਸ਼ਰਦ ਪਵਾਰ ਦੀ ਪਾਰਟੀ ਸ਼ਿਵ ਸੈਨਾ ਦੇ ਨਾਲ ਹੱਥ ਮਿਲਾ ਲੈਣ ਬਾਰੇ ਸੋਚ ਸਕਦੀ ਹੈ। ਮਹਾਰਾਸ਼ਟਰ ਵਿੱਚ ਪਿਛਲੇ ਪੰਜ ਸਾਲ ਦੇ ਸਾਂਝੇ ਰਾਜ ਵਿੱਚ ਇਹ ਗੱਲ ਕਹੀ ਜਾਂਦੀ ਰਹੀ ਸੀ ਕਿ ਸ਼ਰਦ ਪਵਾਰ ਕਿਸੇ ਵੀ ਔਖੀ ਘੜੀ ਭਾਜਪਾ ਨਾਲ ਨੇੜ ਦਾ ਕੋਈ ਰਾਹ ਕੱਢ ਲੈਂਦਾ ਸੀ।
ਅਸੀਂ ਪੰਜਾਬ ਵਿੱਚ ਰਹਿੰਦੇ ਹਾਂ, ਜਿੱਥੇ ਸ਼ਰਦ ਪਵਾਰ ਦੀਆਂ ਰਾਜਸੀ ਚੁਸਤੀਆਂ ਨਾਲ ਬਹੁਤਾ ਫਰਕ ਪੈਣ ਦਾ ਕੋਈ ਖਦਸ਼ਾ ਨਹੀਂ। ਇਸ ਦੇ ਬਾਵਜੂਦ ਅਸੀਂ ਸ਼ਰਦ ਪਵਾਰ ਦਾ ਸ਼ਿਜਰਾ-ਗਿਰਦਾਵਰੀ ਇਸ ਕਰ ਕੇ ਫੋਲਿਆ ਹੈ ਕਿ ਜਿੱਦਾਂ ਦੀਆਂ ਗੱਲਾਂ ਉਹ ਕਰਦਾ ਹੈ, ਉਹੋ ਜਿਹੇ ਕਈ ਆਗੂ ਕਸ਼ਮੀਰ ਤੋਂ ਕੇਰਲਾ ਅਤੇ ਮਹਾਰਾਸ਼ਟਰ ਤੋਂ ਮੇਘਾਲਿਆ ਤੱਕ ਮਿਲ ਜਾਂਦੇ ਹਨ। ਜਦੋਂ ਉਹ ਲੋਕ ਇਹ ਕਹਿੰਦੇ ਹਨ ਕਿ ਭਾਰਤ ਦੀ ਧਰਮ ਨਿਰਪੱਖਤਾ ਨੂੰ ਖਤਰਾ ਹੈ ਅਤੇ ਇਸ ਖਤਰੇ ਦੇ ਖਿਲਾਫ ਇਕੱਠੇ ਹੋਣ ਦੀ ਲੋੜ ਹੈ, ਉਹ ਅਸਲ ਵਿੱਚ ਦੇਸ਼ ਦੇ ਲੋਕਾਂ ਨੂੰ ਇਹ ਭੁਲਾਉਣਾ ਚਾਹੁੰਦੇ ਹਨ ਕਿ ਇਹ ਖਤਰਾ ਪੈਦਾ ਕਰਨ ਵਿੱਚ ਉਨ੍ਹਾਂ ਦੀ ਕੁਰਸੀ ਦੀ ਭੁੱਖ ਤੇ ਆਪਸੀ ਖਹਿਬਾਜ਼ੀਆਂ ਵਿੱਚ ਚੌਧਰ ਦੀ ਲੜਾਈ ਦਾ ਵੀ ਰੋਲ ਸੀ। ਸ਼ਰਦ ਪਵਾਰ ਦੀ ਅਗਵਾਈ ਹੇਠਲੀ ਨੈਸ਼ਨਲਿਸਟ ਕਾਂਗਰਸ ਪਾਰਟੀ ਦਾ ਇੱਕ ਆਗੂ ਪੂਰਨੋ ਸੰਗਮਾ ਕੁਝ ਚਿਰ ਬਾਅਦ ਭਾਜਪਾ ਦੀ ਮਦਦ ਨਾਲ ਪ੍ਰਣਬ ਮੁਕਰਜੀ ਦੇ ਮੁਕਾਬਲੇ ਰਾਸ਼ਟਰਪਤੀ ਚੋਣ ਲਈ ਮੈਦਾਨ ਵਿੱਚ ਓਦੋਂ ਆ ਗਿਆ ਸੀ, ਜਦੋਂ ਸੱਤਾ ਦਾ ਸੁੱਖ ਮਾਣਨ ਲਈ ਆਪਣੀ ਧੀ ਅਗਾਥਾ ਨੂੰ ਉਸ ਨੇ ਕਾਂਗਰਸੀ ਅਗਵਾਈ ਵਾਲੀ ਮਨਮੋਹਨ ਸਿੰਘ ਸਰਕਾਰ ਦੀ ਮੰਤਰੀ ਬਣਵਾਇਆ ਹੋਇਆ ਸੀ। ਕਮਾਲ ਦੀ ਚੁਸਤੀ ਵਿਖਾਈ ਕਿ ਧੀ ਨੂੰ ਧਰਮ ਨਿਰਪੱਖਤਾ ਦਾ ਝੰਡਾ ਚੁੱਕਵਾ ਕੇ ਕਾਂਗਰਸ ਸਰਕਾਰ ਦੀ ਮੰਤਰੀ ਬਣਵਾ ਲਿਆ ਤੇ ਖੁਦ ਓਸੇ ਕਾਂਗਰਸ ਦੇ ਖਿਲਾਫ ਭਾਜਪਾ ਦੀ ਉਸ ਰਾਜਨੀਤੀ ਦਾ ਮੋਹਰਾ ਜਾ ਬਣਿਆ, ਜਿਸ ਨੂੰ ਸ਼ਰਦ ਪਵਾਰ ਹੁਣ ਗੱਠਜੋੜ ਬਣਾ ਕੇ ਰੋਕਣਾ ਚਾਹੁੰਦਾ ਹੈ।
ਮੋਰਚਾ ਜੰਗੀ ਹੋਵੇ ਜਾਂ ਚੋਣਾਂ ਦਾ, ਉਸ ਵਿੱਚ ਪਹਿਲੀ ਲੋੜ ਇੱਕਸੁਰਤਾ ਦੀ ਹੁੰਦੀ ਹੈ। ਇੰਦਰਾ ਗਾਂਧੀ ਵਿਰੁੱਧ ਕਈ ਸਾਲਾਂ ਤੋਂ ਵੱਖੋ-ਵੱਖ ਲੜਦੇ ਆਏ ਚਾਰ ਪਾਰਟੀਆਂ ਦੇ ਆਗੂ ਓਦੋਂ ਤੱਕ ਹਰ ਵਾਰ ਹਾਰਦੇ ਰਹੇ ਸਨ, ਜਦੋਂ ਤੱਕ ਜਨਤਾ ਪਾਰਟੀ ਦੇ ਰੂਪ ਵਿੱਚ ਇਕੱਠੇ ਹੋ ਕੇ ਪੇਸ਼ ਨਹੀਂ ਸੀ ਹੋਏ। ਜਿਨ੍ਹਾਂ ਪਾਰਟੀਆਂ ਦੇ ਗੱਠਜੋੜ ਦੀਆਂ ਗੱਲਾਂ ਸ਼ਰਦ ਪਵਾਰ ਤੇ ਓਸੇ ਵਰਗੇ ਆਗੂ ਹੁਣ ਕਰਦੇ ਹਨ, ਉਨ੍ਹਾਂ ਵਿੱਚੋਂ ਇਹੋ ਜਿਹੀ ਕੋਈ ਨਹੀਂ ਲੱਭਦੀ, ਜਿਹੜੀ ਇੰਦਰਾ ਗਾਂਧੀ ਦਾ ਲਗਾਤਾਰ ਵਿਰੋਧ ਕਰਨ ਵਾਲੇ ਓਦੋਂ ਦੇ ਆਗੂਆਂ ਵਾਂਗ ਭਾਜਪਾ ਦੀ ਲਗਾਤਾਰ ਵਿਰੋਧੀ ਹੋਵੇ। ਬਿਹਾਰ ਦਾ ਗੱਠਜੋੜ ਇੱਕ ਖਾਸ ਪੈਂਤੜੇ ਦਾ ਪ੍ਰਤੀਕ ਸੀ, ਜਿਸ ਵਿੱਚ ਜਦੋਂ ਬਾਕੀ ਸਭ ਪਾਸਾ ਵੱਟ ਗਏ ਤਾਂ ਨਿਤੀਸ਼ ਕੁਮਾਰ ਆਪਣੇ ਪੈਂਤੜੇ ਉੱਤੇ ਇਕੱਲਾ ਵੀ ਖੜੋਤਾ ਰਿਹਾ ਸੀ। ਓਦੋਂ ਨਿਤੀਸ਼ ਇੱਕ ਆਗੂ ਤੋਂ ਵੱਧ ਪੈਂਤੜੇ ਦਾ ਪ੍ਰਤੀਕ ਜਾਪਦਾ ਸੀ। ਅਗਲੀਆਂ ਪਾਰਲੀਮੈਂਟ ਚੋਣਾਂ ਦੌਰਾਨ ਕੋਈ ਗੱਠਜੋੜ ਬਣੇ ਵੀ ਤਾਂ ਉਸ ਦੀ ਅਗਵਾਈ ਲਈ ਕਿਸੇ ਪੈਂਤੜੇ ਦੇ ਪ੍ਰਤੀਕ ਦੀ ਜਿੱਦਾਂ ਦੇ ਆਗੂ ਦੀ ਲੋੜ ਹੈ, ਉਸ ਦੇ ਮੁਹਾਂਦਰੇ ਵਾਲਾ ਕੋਈ ਜਣਾ ਹਾਲੇ ਦਿਖਾਈ ਨਹੀਂ ਦੇਂਦਾ। ਸ਼ਰਦ ਪਵਾਰ ਤੇ ਮੁਲਾਇਮ ਸਿੰਘ ਯਾਦਵ ਵਰਗੇ ਕੁਰਸੀਆਂ ਵੱਲ ਟੀਰੀ ਅੱਖ ਨਾਲ ਝਾਕਣ ਵਾਲੇ ਲੋਕ ਇਸ ਦੇਸ਼ ਦੇ ਭਵਿੱਖ ਦਾ ਨਿਰਣਾ ਕਰਨ ਦੇ ਲਈ ਬਣਨ ਵਾਲੇ ਵਡੇਰੇ ਗੱਠਜੋੜ ਲਈ ਪੈਂਤੜੇ ਦੇ ਪ੍ਰਤੀਕ ਵਾਲੀ ਝਲਕ ਨਹੀਂ ਦਿਖਾ ਸਕਦੇ। ਅੱਜ ਭਾਜਪਾ ਦੇ ਨਾਲ ਲੜਨ ਦਾ ਐਲਾਨ ਕਰਨ ਤੇ ਭਲਕੇ ਉਸ ਨਾਲ ਜੁੜ ਜਾਣ ਵਾਲਿਆਂ ਦਾ ਯਕੀਨ ਲੋਕਾਂ ਨੇ ਸੌਖਾ ਨਹੀਂ ਕਰ ਲੈਣਾ।