ਪੇਸ ਅਤੇ ਰਾਜਾ ਨੇ ਪਹਿਲੀ ਵਾਰ ਖਿਤਾਬ ਆਪਣੇ ਨਾਂਅ ਕੀਤਾ


ਨਵੀਂ ਦਿੱਲੀ, 14 ਨਵੰਬਰ (ਪੋਸਟ ਬਿਊਰੋ)- ਲੀਏਂਡਰ ਪੇਸ ਅਤੇ ਪੂਰਵ ਰਾਜਾ ਨੇ ਅਮਰੀਕਾ ‘ਚ ਏ ਟੀ ਪੀ ਨਾਕਸਵਿਲੇ ਚੈਲੰਜਰ ਟੂਰਨਾਮੈਂਟ ਦੇ ਪੁਰਸ਼ ਜੋੜੀ ਫਾਈਨਲ ਵਿੱਚ ਜਿੱਤ ਕੇ ਆਪਣਾ ਪਹਿਲਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਪੇਸ ਅਤੇ ਰਾਜਾ ਨੇ ਅਮਰੀਕਨ ਆਸਟਰੇਲੀਅਨ ਜੋੜੀ ਜੇਮਜ਼ ਕੇਰੈਟਾਨੀ ਅਤੇ ਜਾਨ ਪੈਟਿ੍ਰਕ ਸਮਿਥ ਨੂੰ ਸਿੱਧੇ ਰੇਟਾਂ ਵਿੱਚ 7-6, 7-6 ਨਾਲ ਹਰਾਇਆ।
ਅਗਸਤ ਵਿੱਚ ਜੋੜੀ ਬਣਾਉਣ ਤੋਂ ਬਾਅਦ ਪੇਸ ਅਤੇ ਰਾਜਾ ਨੇ ਪਹਿਲੀ ਵਾਰ ਕਿਸੇ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ। ਇਸ ਤੋਂ ਪਹਿਲਾਂ ਪੇਸ ਅਤੇ ਰਾਜਾ ਦੀ ਜੋੜੀ ਇਸ 75000 ਡਾਲਰ ਇਨਾਮੀ ਹਾਈ ਕੋਰਟ ਮੁਕਾਬਲੇ ਦੇ ਸੈਮੀਫਾਈਨਲ ‘ਚ ਰੂਆਨ ਰੋਏਲੋਫਸ ਅਤੇ ਜੋ ਸੈਲਿਸਬਰੀ ਦੀ ਜੋੜੀ ਤੋਂ 7-6, 6-3 ਨਾਲ ਹਾਰੀ ਸੀ। ਪੇਸ ਨੇ ਮੌਜੂਦਾ ਸੈਸ਼ਨ ਵਿੱਚ ਤਿੰਨ ਚੈਲੰਜਰ ਖਿਤਾਬ ਜਿੱਤੇ ਹਨ। ਉਨ੍ਹਾਂ ਨੇ ਕੈਨੇਡਾ ਦੇ ਆਤਿਲ ਸ਼ਮਾਸਦੀਨ ਨਾਲ ਲਿਓਨ ਅਤੇ ਇਲਕਲੇ ‘ਚ ਟੂਰਨਾਮੈਂਟ ਜਿੱਤੇ ਅਤੇ ਅਮਰੀਕਾ ਦੇਸਕਾਟ ਲਿਪਸਕੀ ਨਾਲ ਤਾਲਾਹਾਸ਼ੀ ਟਰਾਫੀ ਜਿੱਤੀ। ਪੇਸ ਨਾਲ ਜੋੜੀ ਬਣਾਉਣ ਤੋਂ ਪਹਿਲਾਂ ਰਾਜਾ ਨੇ ਦਿਵਿਜ ਸ਼ਰਣ ਨਾਲ ਮਿਲ ਕੇ ਬੋਰਡਯੂ ਚੈਲੰਜਰ ਦਾ ਖਿਤਾਬ ਜਿੱਤਿਆ ਅਤੇ ਏ ਟੀ ਪੀ 250 ਚੇਨਈ ਓਪਨ ਦੇ ਫਾਈਨਲ ਵਿੱਚ ਜਗ੍ਹਾ ਬਣਾਈ।