ਪੇਸ਼ੈਂਸ ਜ਼ਰੂਰੀ ਹੈ : ਕਿਆਰਾ ਅਡਵਾਨੀ

keira advani
ਕਿਆਰਾ ਅਡਵਾਨੀ ਨੇ 2014 ਵਿੱਚ ਆਈ ਫਿਲਮ ‘ਫਗਲੀ’ ਨਾਲ ਡੈਬਿਊ ਕੀਤਾ ਸੀ। ਇਸ ਫਿਲਮ ਵਿੱਚ ਉਸ ਦੇ ਕੰਮ ਦੀ ਸਿਫਤ ਵੀ ਹੋਈ ਸੀ। ਇਸ ਤੋਂ ਦੋ ਸਾਲ ਪਿੱਛੋਂ ਉਹ ਬਾਇਓਪਿਕ ‘ਐੱਮ ਐੱਸ ਧੋਨੀ: ਦਿ ਅਨਟੋਲਡ ਸਟੋਰੀ’ ਵਿੱਚ ਸਾਕਸ਼ੀ ਸਿੰਘ ਧੋਨੀ ਦੇ ਕਿਰਦਾਰ ਵਿੱਚ ਨਜ਼ਰ ਆਈ। ਇਹ ਫਿਲਮ ਕਾਫੀ ਹਿੱਟ ਰਹੀ ਤੇ ਇਸ ਵਿੱਚ ਵੀ ਕਿਆਰਾ ਦੇ ਕੰਮ ਦੀ ਕਾਫੀ ਸਿਫਤ ਹੋਈ। ਹੁਣ ਉਹ ਨਵੋਦਿਤ ਮੁਸਤਫਾ ਦੇ ਆਪੋਜ਼ਿਟ ਫਿਲਮ ‘ਮਸ਼ੀਨ’ ‘ਚ ਨਜ਼ਰ ਆਏਗੀ। ਪੇਸ਼ ਹਨ ਕਿਆਰਾ ਨਾਲ ਇੱਕ ਗੱਲਬਾਤ ਦੇ ਅੰਸ਼ :
* ਸਭ ਤੋਂ ਪਹਿਲਾਂ ਆਪਣੀ ਫਿਲਮ ‘ਮਸ਼ੀਨ’ ਬਾਰੇ ਦੱਸੋ।
– ਇਹ ਇੱਕ ਰੋਮਾਂਟਿਕ ਥ੍ਰਿਲਰ ਫਿਲਮ ਹੈ, ਜਿਸ ਵਿੱਚ ਮੈਂ ਅੱਬਾਸ ਬਰਮਾਵਾਲਾ ਦੇ ਬੇਟੇ ਮੁਸਤਫਾ ਦੇ ਆਪੋਜ਼ਿਟ ਕਿਰਦਾਰ ਨਿਭਾ ਰਹੀ ਹਾਂ। ਇਹ ਦੋ ਕਾਰ ਰੇਸਿੰਗ ਪ੍ਰੇਮੀਆਂ ਦੀ ਲਵ ਸਟੋਰੀ ਹੈ, ਜਿਸ ਵਿੱਚ ਕਾਫੀ ਐਕਸ਼ਨ ਦੇਖਣ ਨੂੰ ਮਿਲੇਗਾ। ਮੈਨੂੰ ਇਸ ਫਿਲਮ ਤੋਂ ਕਾਫੀ ਆਸਾਂ ਹਨ ਕਿ ਇਹ ਦਰਸ਼ਕਾਂ ਨੂੰ ਪਸੰਦ ਆਏਗੀ।
* ਬਾਲੀਵੁੱਡ ਵਿੱਚ ਆਪਣੇ ਹੁਣ ਤੱਕ ਦੇ ਸਫਰ ਬਾਰੇ ਕੀ ਕਹੋਗੇ?
– ਮੇਰੇ ਖਿਆਲ ਵਿੱਚ ਤੁਸੀਂ ਜੋ ਖੇਤਰ ਚੁਣਦੇ ਹੋ, ਉਸ ਵਿੱਚ ਚੁਣੌਤੀਆਂ ਹੁੰਦੀਆਂ ਹਨ ਤੇ ਉਸ ਵਿੱਚ ਪੈਰ ਟਿਕਾਉਣ ਲਈ ਤੁਹਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਂਝ ਮੇਰਾ ਬਾਲੀਵੁੱਡ ਦਾ ਹੁਣ ਤੱਕ ਦਾ ਸਫਰ ਕਾਫੀ ਚੰਗਾ ਤੇ ਮੈਂ ਇਸ ਤੋਂ ਕਾਫੀ ਕੁਝ ਸਿਖਿਆ ਹੈ ਅਤੇ ਮੈਂ ਨਿੱਜੀ ਤੌਰ ‘ਤੇ ਇਸ ਨੂੰ ਸੰਘਰਸ਼ ਦੇ ਰੂਪ ਵਿੱਚ ਨਹੀਂ ਦੇਖਦੀ। ਇਸ ਵਿੱਚ ਤੁਹਾਡੇ ਲਈ ਪੇਸ਼ੈਂਸ (ਸਬਰ) ਰੱਖਣਾ ਜ਼ਰੂਰੀ ਹੁੰਦਾ ਹੈ।
* ਤੁਹਾਡੀ ਫਿਲਮ ‘ਫਗਲੀ’ ਅਤੇ ‘ਐੱਮ ਐੱਸ ਧੋਨੀ: ਦਿ ਅਨਟੋਲਡ ਸਟੋਰੀ’ ਵਿਚਾਲੇ ਇੰਨੀ ਦੇਰ ਕਿਉਂ?
– ਮੇਰੇ ਖਿਆਲ ਵਿੱਚ ਦੋਵਾਂ ਵਿਚਾਲੇ ਜੋ ਦੇਰ ਹੋਈ, ਉਹ ਮੇਰੇ ਲਈ ਚੰਗੀ ਸੀ। ‘ਫਗਲੀ’ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਮੇਰੇ ਵਿੱਚ ਟੇਲੈਂਟ ਨਜ਼ਰ ਆਇਆ। ਕਈ ਸਮੀਖਿਅਕਾਂ ਨੇ ਇਸ ਵਿੱਚ ਮੇਰੇ ਕੰਮ ਦੀ ਸਿਫਤ ਕੀਤੀ। ਮੈਂ ਖੁਸ਼ ਹੋ ਗਈ, ਪਰ ਇਸ ਗੱਲ ਨੂੰ ਧਿਆਨ ਵਿੱਚ ਨਹੀਂ ਰੱਖ ਸਕੀ ਕਿ ਫਿਲਮ ਚੰਗੀ ਨਹੀਂ ਚੱਲੀ। ਇਸ ਦਾ ਅਸਰ ਮੇਰੇ ‘ਤੇ ਨਿੱਜੀ ਤੌਰ ‘ਤੇ ਵੀ ਹੋਇਆ। ਫਿਰ ਵੀ ਆਪਣੀ ਬਿਹਤਰੀ ਲਈ ਮੈਂ ਸਮਝੌਤਾ ਨਹੀਂ ਕੀਤਾ। ਸਹੀ ਸਮੇਂ ਦੀ ਉਡੀਕ ਕਰਦੀ ਰਹੀ ਤੇ ਉਹ ਉਡੀਕ ਖਤਮ ਹੋਈ ‘ਐੱਮ ਐੱਸ ਧੋਨੀ: ਦਿ ਅਨਟੋਲਡ ਸਟੋਰੀ’ ਨਾਲ। ਮੈਂ ਆਪਣੇ ਹਰ ਤਜਰਬੇ ਤੋਂ ਕੁਝ ਨਾ ਕੁਝ ਸਿੱਖਣਾ ਪਸੰਦ ਕਰਦੀ ਹਾਂ। ਅਜੇ ਤੱਕ ਤਾਂ ਮੈਂ ਅਜਿਹਾ ਹੀ ਕੀਤਾ ਹੈ ਅਤੇ ਆਸ ਕਰਦੀ ਹਾਂ ਕਿ ਇਹ ਸਿਲਸਿਲਾ ਉਸੇ ਤਰ੍ਹਾਂ ਚੱਲਦਾ ਰਹੇਗਾ।
* ਉਨ੍ਹਾਂ ਦੋਵਾਂ ਫਿਲਮਾਂ ਵਿਚਾਲੇ ਤੁਹਾਨੂੰ ਜੋ ਸਮਾਂ ਮਿਲਿਆ, ਉਸ ਵਿੱਚ ਤੁਸੀਂ ਕੀ ਕੀਤਾ?
– ਆਪਣੀ ਸਾਧਾਰਨ ਰੁਟੀਨ ਵਿੱਚ ਲੱਗੀ ਰਹੀ। ਰੋਜ਼ ਜਿਮਨਾਸਟਿਕ ਕਲਾਸਿਜ਼ ਜਾਂਦੀ ਸੀ ਅਤੇ ਆਪਣੀਆਂ ਮਨਪਸੰਦ ਫਿਲਮਾਂ ਦੇਖਦੀ ਸੀ। ਮੈਂ ਆਪਣੀ ਸਮਰੱਥਾ ਵਧਾਉਣ ਅਤੇ ਕਲਾ ਨੂੰ ਨਿਖਾਰਨ ਲਈ ਜੋ ਕੁਝ ਕਰਨਾ ਸੀ, ਉਹ ਸਭ ਕੀਤਾ। ਇਨ੍ਹਾਂ ਸਾਰੇ ਕੰਮਾਂ ਵਿੱਚ ਮੇਰਾ ਸਮਾਂ ਬੀਤਿਆ।
* ਪਹਿਲੀ ਫਿਲਮ ‘ਫਗਲੀḔ ਕਿਵੇਂ ਮਿਲੀ?
– ਗ੍ਰੈਜੂਏਸ਼ਨ ਦੇ ਬਾਅਦ ਮੇਰੀ ਆਂਟੀ ਅਨੁਰਾਧਾ ਪਟੇਲ ਦੀ ਫਿਲਮ ਦੇ ਨਿਰਦੇਸ਼ਕ ਨਾਲ ਮੁਲਾਕਾਤ ਹੋਈ। ਉਨ੍ਹਾਂ ਮੇਰੀ ਆਂਟੀ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੀ ਆਉਣ ਵਾਲੀ ਫਿਲਮ ਦੇ ਇੱਕ ਖਾਸ ਕਿਰਦਾਰ ਲਈ ਇੱਕ ਕੁੜੀ ਦੀ ਭਾਲ ਹੈ। ਮੇਰੀ ਆਂਟੀ ਨੇ ਕਿਹਾ ਕਿ ਤੁਸੀਂ ਮੇਰੀ ਭਤੀਜੀ ਨਾਲ ਮਿਲ ਸਕਦੇ ਹੋ। ਉਨ੍ਹਾਂ ਮੇਰੀਆਂ ਕੁਝ ਤਸਵੀਰਾਂ ਦੇਖੀਆਂ ਅਤੇ ਓ ਕੇ ਕਰ ਦਿੱਤਾ। ਬਾਅਦ Ḕਚ ਉਨ੍ਹਾਂ ਜਦੋਂ ਮੈਨੂੰ ਅਡੀਸ਼ਨ ਲਈ ਬੁਲਾਇਆ ਅਤੇ ਮੇਰਾ ਸ਼ਾਟ ਦੇਣ ਦਾ ਅੰਦਾਜ਼ ਦੇਖਿਆ ਤਾਂ ਉਹ ਬੋਲ ਪਏ, ”ਸ਼ਾਬਾਸ਼ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਫਿਲਮ ਕਰੋ ਤੇ ਅਸੀਂ ਛੇਤੀ ਹੀ ਕੰਮ ਸ਼ੁਰੂ ਕਰ ਦੇਵਾਂਗੇ।” ਇਸ ਤਰ੍ਹਾਂ ‘ਫਗਲੀ’ ਮੇਰੀ ਝੋਲੀ Ḕਚ ਆ ਗਈ।
* ਤੁਹਾਡਾ ਅਸਲ ਨਾਂਅ ਆਲੀਆ ਹੈ, ਫਿਰ ਤੁਸੀਂ ਕਿਆਰਾ ਕਿਉਂ ਬਣ ਗਏ?
– ਜਿਸ ਪਲ ਮੈਂ ‘ਫਗਲੀ’ ਸ਼ੁਰੂ ਕੀਤੀ, ਉਸ ਸਮੇਂ ਪ੍ਰੋਡਿਊਸਰ ਅਕਸ਼ੈ ਕੁਮਾਰ ਅਤੇ ਸੁਪਰ ਸਟਾਰ ਸਲਮਾਨ ਖਾਨ ਨੇ ਕਿਆਰਾ ਵਜੋਂ ਮੈਨੂੰ ਇੱਕ ਨਵੀਂ ਪਛਾਣ ਦਿੱਤੀ, ਕਿਉਂਕਿ ਉਦੋਂ ਤੱਕ ਆਲੀਆ ਭੱਟ ਲਾਂਚ ਹੋ ਚੁੱਕੀ ਸੀ। ਇਸ ਤਰ੍ਹਾਂ ਮੈਂ ਆਲੀਆ ਤੋਂ ਕਿਆਰਾ ਬਣ ਗਈ।