..ਪੇਕੇ ਹੁੰਦੇ ਮਾਵਾਂ ਨਾਲ

-ਕੁਲਮਿੰਦਰ ਕੌਰ
ਮੇਰੀ ਪੜ੍ਹੀ ਲਿਖੀ ਮਾਂ ਪਿੰਡ ਦੇ ਸਕੂਲ ‘ਚੋਂ ਅਧਿਆਪਕ ਦੀ ਨੌਕਰੀ ਤੋਂ ਰਿਟਾਇਰ ਹੋ ਕੇ ਉਥੋਂ ਦਾ ਮੋਹ ਪਿਆਰ ਤੇ ਮਿਲਦਾ ਮਾਣ ਸਤਿਕਾਰ ਜਿਉਂਦੇ ਜੀਅ ਛੱਡਣ ਨੂੰ ਤਿਆਰ ਨਹੀਂ ਸੀ। ਪੁੱਤ-ਪੋਤਰੇ, ਧੀਆਂ ਨੌਕਰੀ ਕਰਦੇ ਵੱਡੇ ਸ਼ਹਿਰਾਂ ‘ਚ ਰਹਿਣ ਲੱਗੇ, ਪਰ ਮਾਂ ਨੇ ਪਿੰਡ ਵਾਲੇ ਜੱਦੀ ਘਰ ‘ਚ ਇਕੱਲੇ ਰਹਿਣਾ ਸਵੀਕਾਰ ਕੀਤਾ। ਉਸ ਦਾ ਇਹ ਮੰਨਣਾ ਸੀ ਕਿ ਮੈਂ ਇਕੱਲੀ ਕਦੋਂ ਹਾਂ? ਸਾਰਾ ਗਰਾਂ ਮੇਰਾ ਆਪਣਾ ਹੈ। ਉਸ ਦੀ ਖਬਰ ਸਾਰ ਲੈਣ, ਖਾਸ ਕਰਕੇ ਅੰਤਿਮ ਦਿਨਾਂ ਵਿੱਚ ਅਸੀਂ ਅਕਸਰ ਉਥੇ ਪਹੁੰਚਦੇ। ਮਾਂ ਜਹਾਨੋਂ ਤੁਰ ਗਈ ਤਾਂ ਪੇਕੇ ਘਰ ਜਾਣ ਦਾ ਪੱਜ ਵੀ ਨਾਲ ਲੈ ਗਈ।
ਹੁਣ ਮਾਂ ਦੇ ਗੁਜ਼ਰਨ ਤੋਂ ਚਾਰ ਸਾਲ ਬਾਅਦ ਪੇਕੇ ਪਿੰਡ ਤੋਂ ਡੇਢ ਮੀਲ ਦੀ ਵਿੱਥ ‘ਤੇ ਮਾਸੀ ਦੇ ਪਿੰਡ ਉਸ ਦੇ ਪੋਤਰੇ ਦੀ ਕੁੜੀ ਦੇ ਵਿਆਹ ‘ਤੇ ਅਸੀਂ ਛੋਟੇ ਭਰਾ ਭਰਜਾਈ ਨਾਲ ਪਹੁੰਚੇ। ਰਾਤ ਨੂੰ ਅਸੀਂ ਆਪਣੇ ਪਿੰਡ ਜਾਣ ਦਾ ਪ੍ਰੋਗਰਾਮ ਬਣਾ ਲਿਆ। ਮੇਰਾ ਮਨ ਵੀ ਪੇਕੇ ਘਰ ਰਾਤ ਕੱਟਣ ਲਈ ਬੇਤਾਬ ਸੀ। ਵਿਆਹ ਵਾਲੇ ਘਰ ਅਸੀਂ ਸ਼ਾਮ ਨੂੰ ਕੁੜੀ ਦੇ ਮਾਮੇ ਵੱਲੋਂ ਚੂੜਾ ਚੜ੍ਹਾਉਣ ਦੀ ਰਸਮ ‘ਚ ਸ਼ਾਮਲ ਹੋਏ ਤੇ ਰਾਤ ਦੇ ਖਾਣੇ ਪਿੱਛੋਂ ਘਰ ਪਹੁੰਚ ਗਏ। ਭਰਾ ਨੇ ਸਾਰੇ ਘਰ ਦੀ ਮੁਰੰਮਤ ਤੇ ਫਰਸ਼ਾਂ ਪੱਕੀਆਂ ਕਰਾਂ ਕੇ ਇਮਾਰਤਸਾਜ਼ੀ ‘ਚ ਬਹੁਤਾ ਬਦਲਾਅ ਨਹੀਂ ਸੀ ਕੀਤਾ। ਉਸ ਰਾਤ ਮੈਨੂੰ ਸੌਣ ਦੀ ਜਗ੍ਹਾ ਸੁਫੇ (ਦਲਾਨ) ‘ਚ ਮਿਲੀ ਸੀ। ਲੰਮੇ ਸਫਰ ਦੀ ਥਕਾਵਟ ‘ਚ ਅੱਜ ਪੇਕੇ ਘਰ ਗੂੜ੍ਹੀ ਨੀਂਦ ਦੇ ਆਗੋਸ਼ ‘ਚ ਜਾ ਕੇ ਰੂਹ ਤੇ ਮਨ ਦੀ ਸ਼ਾਂਤੀ ਬਟੋਰਨਾ ਚਾਹ ਰਹੀ ਸਾਂ।
ਜਾਗੋ ਮੀਟੀ ‘ਚ ਹਾਲੇ ਉਸਲ ਵੱਟੇ ਭੰਨ ਰਹੀ ਸਾਂ ਕਿ ਇਸ ਘਰ ਤੇ ਮਾਂ ਨਾਲ ਜੁੜੀਆਂ ਯਾਦਾਂ ਨੇ ਆਣ ਘੇਰਿਆ, ਜੋ ਮੇਰੇ ਸਿਰ ਨੂੰ ਥਪਥਪਾ ਕੇ ਸਹਿਲਾ ਦੇਣ ਦੀ ਬਜਾਏ ਮੈਨੂੰ ਹਲੂਣ ਦੇਣ ‘ਚ ਕਾਮਯਾਬ ਹੋ ਰਹੀਆਂ ਸਨ। ਫਿਰ ਕੀ ਸੀ, ਮੈਂ ਵੀ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਰਾਤ ਦੇ ਹਨੇਰੇ ਤੇ ਖਾਮੋਸ਼ੀ ‘ਚ ਕਦੇ-ਕਦੇ ਘੁਰਾੜਿਆਂ ਦੀ ਆਵਾਜ਼ ਵਿੱਚ ਮੈਂ ਅਵਚੇਤਨ ਮਨ ‘ਚੋਂ ਉਘੜਦੀਆਂ ਯਾਦਾਂ ਦੀ ਉਧੇੜ ਬੁਣ ‘ਚ ਉਲਝ ਕੇ ਰਹਿ ਗਈ। ਇਸ ਸੁਫੇ ਵਿੱਚ ਮਾਂ ਦਾ ਵੱਡਾ ਦੋ ਬੂਹਿਆਂ ਵਾਲਾ ਲੱਕੜ ਦਾ ਸੰਦੂਕ ਸੀ। ਕਦੇ ਕੱਪੜੇ ਕੱਢ ਕੇ ਧੁੱਪੇ ਸੁਕਾਉਂਦੀ ਤਾਂ ਅਸੀਂ ਇਕ ਬੂਹੇ ‘ਚੋਂ ਅੰਦਰ ਵੜ ਕੇ ਦੂਜੇ ‘ਚੋਂ ਬਾਹਰ ਨਿਕਲਦੇ ਹੋਏ ਛੂਹਣ ਛੁਹਾਈ ਤੇ ਲੁਕਣ ਮਿਟੀ ਖੇਡਦੇ ਰਹਿੰਦੇ। ਦੋ ਵੱਡੇ ਪਲੰਘ ਸੁਫੇ ‘ਚ ਹਮੇਸ਼ਾ ਡੱਠੇ ਰਹਿੰਦੇ। ਰਾਤ ਨੂੰ ਅਸੀਂ ਪੰਜ ਭੈਣ ਭਰਾ ਸੰਦੂਕ ‘ਚ ਰੱਖੇ ਵੱਡੀ ਚਿਮਨੀ ਵਾਲੇ ਲੈਂਪ ਨੂੰ ਜਗਾ ਕੇ ਇਕੋ ਪਲੰਘ ਉਤੇ ਬੈਠੇ ਪੜ੍ਹਦੇ ਰਹਿੰਦੇ। ਰੋਸ਼ਨੀ ਵੱਧ ਲੈਣ ਖਾਤਰ ਲੈਂਪ ਨੂੰ ਥੋੜ੍ਹਾ ਆਪਣੇ ਵੱਲ ਖਿਸਕਾ ਲੈਣ ਵਰਗੀਆਂ ਗੁੱਝੀਆਂ ਸ਼ਰਾਰਤਾਂ ਕਰਦੇ। ਨੌਵੀਂ ‘ਚ ਪੜ੍ਹਦਿਆਂ ਪਹਿਲੀ ਵਾਰ ਬਲਬ ਜਗਿਆ ਤਾਂ ਮੁੜ ਅਸੀਂ ਇਕ ਮੰਜੇ ‘ਤੇ ਨਾ ਬੈਠੇ।
ਸੁਫੇ ਦੀਆਂ ਯਾਦਾਂ ‘ਚੋਂ ਨਿਕਲੀ ਤਾਂ ਇਸ਼ਾਰਾ ਇਕ ਪਾਸੇ ਅੱਗੇ ਪਿੱਛੇ ਬਣੀਆਂ ਦੋ ਕੋਠੜੀਆਂ ਵੱਲ ਹੋ ਗਿਆ, ਜਿਥੇ ਜਿਨਸਾਂ (ਕਣਕ-ਛੱਲੀਆਂ) ਵਗੈਰਾ ਸੁੱਕਣ ਵਾਸਤੇ ਖਿਲਾਰੀਆਂ ਹੁੰਦੀਆਂ। ਸੂਫੇ ਦੇ ਅੱਗੇ ਵਰਾਂਡੇ ‘ਚ ਬਹਿਣ ਖਲੋਣ ਵਾਸਤੇ ਜਗ੍ਹਾ ਹੁੰਦੀ। ਯਾਦਾਂ ਦਾ ਕਾਫਲਾ ਅੱਗੇ ਇਕ ਪਾਸੇ ਚੁਬਾਰੇ ਨੂੰ ਜਾਂਦੀਆਂ ਪੌੜੀਆਂ, ਰਸੋਈ, ਨਲਕਾ ਅਤੇ ਫਿਰ ਤੇਜ਼ ਕਦਮੀਂ ਵਿਹੜਾ ਪਾਰ ਕਰਦੇ ਹੋਏ ਬੈਠਕ ‘ਚ ਪਹੁੰਚ ਗਿਆ। ਨਿੱਕੀ ਗਲੀ ਤੇ ਘਰ ਦੇ ਕੋਨੇ ‘ਚ ਬੈਠਕ ਦਾ ਦਰਵਾਜ਼ਾ ਵੱਡੀ ਗਲੀ ਵੱਲ ਖੁੱਲ੍ਹਦਾ ਸੀ। ਬਚਪਨ ਵੇਲੇ ਮੇਰੇ ਪਿਓ ਦਾ ਰੈਣ ਬਸੇਰਾ ਬੈਠਕ ਹੀ ਸੀ।
ਕਈ ਸਾਲ ਪਹਿਲਾਂ ਜਦੋਂ ਪਿਤਾ ਜੀ ਸਾਥੋਂ ਸਦਾ ਲਈ ਵਿਛੜ ਗਏ ਤਾਂ ਬੈਠਕ ਮਾਂ ਨੇ ਮੱਲ ਲਈ ਸੀ। ਘਰ ਵਿੱਚ ਇਕੱਲੇ ਹੋਣ ਦਾ ਕੋਈ ਤੌਖਲਾ ਜਾਂ ਹੇਰਵਾ ਨਹੀਂ ਸੀ। ਸਵੇਰੇ ਤੜਕਸਾਰ ਸਪੀਕਰ ਵਿੱਚ ਗੁਰਦੁਆਰੇ ਦਾ ਭਾਈ ਪਾਠ ਸ਼ੁਰੂ ਕਰਦਾ ਤਾਂ ਘਰੇ ਹੀ ਸੀਸ ਨਿਵਾ ਕੇ ਹੱਥ ਜੋੜਦੀ। ਨਹਾ ਧੋ ਕੇ, ਨਿੱਤ ਨੇਮ ਤੋਂ ਵਿਹਲੀ ਹੋ ਕੇ ਬੈਠਕ ਦਾ ਗਲੀ ਵਾਲਾ ਦਰਵਾਜ਼ਾ ਖੋਲ੍ਹ ਕੇ ਮੰਜੇ ‘ਤੇ ਬੈਠ ਜਾਂਦੀ। ਸੇਵਾਦਾਰ ਬੀਬੀ ਜਾਗੀਰੋ ਆਉਂਦੀ ਤਾਂ ਚਾਹ ਪੀਂਦੇ। ਗਲੀ ‘ਚ ਗੁਰਦੁਆਰੇ ਜਾਂਦੀ ਆਉਂਦੀ ਸੰਗਤ ਬੀਜੀ ਨੂੰ ਫਤਿਹ ਬੁਲਾਉਂਦੀ ਲੰਘਦੀ। ਅਸੀਂ ਉਥੇ ਜਾਂਦੇ ਤਾਂ ਮੈਂ ਮੰਜਾ ਬੀਜੀ ਕੋਲ ਬੈਠਕ ‘ਚ ਹੀ ਰੱਖਦੀ ਤਾਂ ਕਿ ਉਨ੍ਹਾਂ ਦਾ ਇਹ ਪੱਖ ਤੇ ਸਾਥ ਮਾਣ ਸਕਾਂ। ਮੈਨੂੰ ਸੁੱਤੀ ਨੂੰ ਵੇਖਣਾ ਤਾਂ ਕਈਆਂ ਨੇ ਪੁੱਛਣਾ, ਅੱਛਾ! ਧੀ ਰਾਣੀ ਆਈ ਲੱਗਦੀ ਹੈ, ਹਾਂ ਮਿੰਦਰਾਂ ਹੈ, ਰਾਤ ਹਨੇਰੇ ਹੋਏ ਆਏ ਨੇ।’ ਉਮਰ ਦੇ ਆਖਰੀ ਪੜਾਅ ‘ਤੇ ਵੀ ਮੈਂ ਉਸ ਪਲ ਲਾਡਲੀ ਧੀ ਹੋਣ ਦਾ ਅਹਿਸਾਸ ਪਾਲਦੀ। ਉਥੇ ਬੈਠੇ ਹੀ ਪਾਣੀ ਨਾਲ ਹੱਥ ਸੁੱਚੇ ਕਰਕੇ ਗੁਟਕਾ ਫੜ ਕੇ ਪਾਠ ਕਰਨ ਲੱਗਦੇ। ਬੈਠਕ ਦਾ ਦਰਵਾਜ਼ਾ ਸਾਰਾ ਦਿਨ ਖੁੱਲ੍ਹਾ ਰਹਿੰਦਾ। ਸ਼ਾਮ ਤੱਕ ਬੀਜੀ ਦਾ ਸੰਗਤ ਦਰਸ਼ਨ ਚਲਦਾ ਰਹਿੰਦਾ।
ਦਸਵੀਂ ਤੋਂ ਬਾਅਦ ਹੋਸਟਲ ‘ਚ ਪੜ੍ਹਾਈ, ਫਿਰ ਵਿਆਹ ਤੇ ਨੌਕਰੀ ਨੇ ਪਿੰਡ ਨਾਲ ਕੋਈ ਵਾਸਤਾ ਨਾ ਰਹਿਣ ਦਿੱਤਾ ਤੇ ਹੁਣ ਬੀਜੀ ਦੇ ਬੈਠਕ ਨੇ ਭੁੱਲੀਆਂ ਵਿਸਰੀਆਂ ਯਾਦਾਂ ਨੂੰ ਮੇਰੇ ਸਾਹਵੇਂ ਮੁੜ ਜੀਵੰਤ ਕੀਤਾ ਸੀ। ਜਦੋਂ ਕੋਈ ਆਉਂਦਾ ਜਾਂਦਾ ਤਾਂ ਮਾਂ ਨੂੰ ਸਮਝਾਉਣਾ ਪੈਂਦਾ, ਆਹ ਤੇਰੀ ਚਾਚੀ ਊ ਮੇਰੇ ਵਾਲੀ, ਭੇਜੇ ਦੀ ਬੀਬੀ, ਇਹ ਈ ਬਾਲੇ ਟਾਂਗੇ ਵਾਲੇ ਦੀ ਬਹੂ, ਇਹ ਪ੍ਰੀਤੋ ਭੱਠੀ ਵਾਲੀ ਦੀ ਨੂੰਹ ਈ। ਯਾਦ ਏ ਨਾ ਤੈਨੂੰ, ਉਹ ਸਾਹਮਣੇ ਕੋਠੀ ਵੱਲ ਇਸ਼ਾਰਾ ਕਰਕੇ ਕਹਿੰਦੀ, ਉਥੇ ਖੋਲੇ ਜਿਹੇ ‘ਚ ਦਾਣੇ ਭੁੰਨਦੀ ਸੀ। ਪਿਛਲੇ ਪਿੰਡ ਵਾਲੀ ਤੇਰੀ ਸਹੇਲੀ ਕਰਮੀ ਜਦ ਪਿੰਡ ਆਵੇ, ਮੈਨੂੰ ਮਿਲ ਕੇ ਤੇਰੀ ਸੁੱਖ ਸਾਂਦ ਪੁੱਛ ਜਾਂਦੀ ਹੈ। ਤੇਰੀ ਪੱਕੀ ਸਹੇਲੀ ਸ਼ਾਂਤੀ ਤਾਂ ਸਾਰਾ ਦਿਨ ਇਥੇ ਬੈਠੀ ਗੱਲਾਂ ਬਾਤਾਂ ਕਰਦੀ, ਰੋਟੀ ਪਾਣੀ ਖਾ ਕੇ ਫਿਰ ਆਥਣੇ ਜਿਹੇ ਆਪਣੇ ਭਤੀਜੇ ਵੱਲ ਜਾਂਦੀ ਹੈ।
ਪਿੰਡ ਦੀਆਂ ਔਰਤਾਂ ਦੀਆਂ ਸਮੱਸਿਆਵਾਂ ਗਹੁ ਨਾਲ ਸੁਣਦੇ ਤੇ ਸੰਭਾਵੀ ਹੱਲ ਦੱਸਦੇ। ਸ਼ਾਮ ਨੂੰ ਗੁਰਦੁਆਰੇ ਹੁੰਦਾ ਰਹਿਰਾਸ ਦਾ ਪਾਠ ਸੁਣਦੇ। ਟੀ ਵੀ ਦਾ ਸ਼ੌਕ ਨਹੀਂ ਸੀ ਪਾਲਿਆ। ਰੋਟੀ ਜਲਦੀ ਖਾ ਕੇ ਸੌਂ ਜਾਂਦੇ। ਮੈਂ ਕੋਈ ਕਿਤਾਬ ਪੜ੍ਹਨ ਲੱਗ ਜਾਂਦੀ। ਨੀਂਦ ਦਾ ਝੌਂਕਾ ਜਿਹਾ ਲਾ ਕੇ ਥੋੜ੍ਹੀ ਦੇਰ ਬਾਅਦ ਬਲਬ ਜਗਦਾ ਵੇਖ ਕਹਿਣਾ, ‘ਕੁੜੇ ਪੈ ਜਾ, ਹਾਲੇ ਬੈਠੀ ਹੈਂ, ਬੁਝਾ ਦੇ ਬੱਤੀ ਹੁਣ’ ਕੜਕਵੀਂ ਆਵਾਜ਼ ‘ਚ ਅੱਜ ਮੁੜ ਇਹ ਬੋਲ ਫਿਜ਼ਾ ਵਿੱਚ ਗੂੰਜੇ, ਪਤਾ ਨਹੀਂ ਕਿਵੇਂ ਯਾਦਾਂ ਦਾ ਕਾਰਵਾਂ ਥੰਮ ਗਿਆ ਤੇ ਮੈਂ ਗੂੜ੍ਹੀ ਨੀਂਦ ‘ਚ ਸਾਂ। ਗੁਰਦੁਆਰੇ ‘ਚ ਸਵੇਰੇ ਉਚੀ ਆਵਾਜ਼ ‘ਚ ਲੱਗਦੇ ਸਪੀਕਰ ਦੀ ਆਵਾਜ਼ ਕਦੇ ਸੌਣ ਨਹੀਂ ਸੀ ਦਿੰਦੀ, ਪਰ ਅੱਜ ਮੇਰੀ ਨੀਂਦ ਦਾ ਸਬੱਬ ਬਣ ਗਈ।
ਵਾਹਵਾ ਦਿਨ ਚੜ੍ਹੇ ਭਰਜਾਈ ਨੇ ਆਣ ਉਚੀ ਆਵਾਜ਼ ‘ਚ ਟੋਟਕਾ ਛੱਡਿਆ, ‘ਓ ਭੈਣ! ਤੁਸੀਂ ਚੰਗਾ ਅੱਜ ਪੇਕੇ ਘਰ ਸੌਣ ਦਾ ਲਾਹਾ ਲੈ ਰਹੇ ਹੋ।’ ਅੱਖ ਖੁੱਲ੍ਹੀ, ਮੈਂ ਆਪਣੇ ਵਜੂਦ ‘ਚ ਆ ਕੇ ਝਾਤੀਆਂ ਮਾਰਾਂ, ਨਾ ਬੀਜੀ, ਨਾ ਜਗੀਰੋ ਲੱਭੀਆਂ। ਚਾਹ ਦਾ ਗਲਾਸ ਫੜ ਕੇ ਮੈਂ ਵਿਹੜੇ ‘ਚ ਆਈ ਤਾਂ ਸਾਹਮਣੇ ਕੋਨੇ ‘ਚੋਂ ਬੈਠਕ ਵੀ ਗਾਇਬ ਸੀ। ਉਹ ਤਾਂ ਬੀਜੀ ਦੇ ਜਾਣ ਤੋਂ ਸਾਲ ਬਾਅਦ ਹੀ ਢਹਿ ਢੇਰੀ ਹੋ ਗਈ ਸੀ। ਤਿਆਰ ਹੋ ਕੇ ਤੁਰਨ ਲੱਗੀ ਤਾਂ ਕਦਮ ਖੁਦ-ਬ-ਖੁਦ ਬੈਠਕ ਵੱਲ ਅਹੁਲੇ ਪਰ ਫਿਰ ਇਸ ਕੀਮਤੀ ਖਜ਼ਾਨੇ ਦੇ ਖੁੱਸ ਜਾਣ ਦੀ ਕਸਕ ਮਨ ਵਿੱਚ ਲੈ ਕੇ ਬਾਹਰ ਗੱਡੀ ਵਿੱਚ ਬੈਠ ਗਈ ਸਾਂ। ਉਸੇ ਪਲ ਲੋਕ ਗੀਤ ਦੀਆਂ ਸਤਰਾਂ ‘ਮਾਂ ਮੈਂ ਮੁੜ ਨਹੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ’ ਦੀ ਸਾਰਥਿਕਤਾ ਦੇ ਵੀ ਅੱਜ ਰੂਬਰੂ ਹੋਈ। ਭਰਾ ਅੰਦਰੋਂ ਬਾਹਰ ਨਿਕਲਿਆ ਤਾਂ ਬੈਠਕ ਦੀ ਸਰਦਲ ਨੂੰ ਸਜਦਾ ਕੀਤਾ। ਇਹ ਵੇਖ ਮੇਰੀਆਂ ਅੱਖਾਂ ਦੇ ਕੋਇਆਂ ‘ਚ ਕਦੋਂ ਦੇ ਅਟਕੇ ਅੱਥਰੂ ਛਲਕ ਪਏ, ਪਰ ਬਾਅਦ ‘ਚ ਯਾਦਾਂ ਦੇ ਦਸਤਾਵੇਜ਼ ਪੱਲੂ ਨਾਲ ਬੰਨ੍ਹ ਕੇ ਸਹਿਜ ਹੋ ਗਈ ਸਾਂ। ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਪੈਲੇਸ ਪਹੁੰਚੇ। ਇਥੇ ਹਾਜ਼ਰੀ ਭਰ ਕੇ ਸ਼ਾਮ ਤੱਕ ਘਰੋਂ-ਘਰੀ ਪਹੁੰਚ ਗਏ ਸਾਂ।