ਪੂਰਾ ਹੋਇਆ ਮੇਰਾ ਸੁਫਨਾ : ਹੁਮਾ ਕੁਰੈਸ਼ੀ


ਦਿੱਲੀ ਦੀ ਰਹਿਣ ਵਾਲੀ ਹੁਮਾ ਕੁਰੈਸ਼ੀ ਕੁਝ ਸ਼ਾਰਟ ਫਿਲਮਾਂ ਕਰਨ ਤੋਂ ਬਾਅਦ ਪਹਿਲੀ ਵਾਰ ਅਨੁਰਾਗ ਕਸ਼ਯਪ ਦੀ ਫਿਲਮ ‘ਗੈਂਗਸ ਆਫ ਵਾਸੇਪੁਰ ਪਾਰਟ-2’ ਨਾਲ ਚਰਚਾ ‘ਚ ਆਈ ਸੀ। ਉਸ ਤੋਂ ਬਾਅਦ ਹੁਮਾ ਨੇ ‘ਏਕ ਥੀ ਡਾਇਨ’, ‘ਲਵ ਸ਼ਵ ਤੇ ਚਿਕਨ ਖੁਰਾਨਾ’, ‘ਬਦਲਾਪੁਰ’ ਅਤੇ ‘ਜੌਲੀ ਐੱਲ ਐੱਲ ਬੀ 2’ ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਨ੍ਹੀਂ ਦਿਨੀਂ ਹੁਮਾ ਕੁਰੈਸ਼ੀ ਆਪਣੇ ਕਰੀਅਰ ਦੇ ਸਭ ਤੋਂ ਚੰਗੇ ਦੌਰੇ ‘ਚੋਂ ਲੰਘ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਕਿਹਾ ਜਾਂਦਾ ਹੈ ਕਿ ਫਿਲਮ ‘ਕਾਲਾ’ ਵਿੱਚ ਰਜਨੀਕਾਂਤ ਦੀ ਪਤਨੀ ਦੀ ਭੂਮਿਕਾ ਨਿਭਾ ਰਹੇ ਹੋ?
– ਨਹੀਂ, ਇਹ ਗੱਲ ਸੱਚ ਨਹੀਂ। ਇਸ ਫਿਲਮ ਵਿੱਚ ਨਾ ਮੈਂ ਰਜਨੀਕਾਂਤ ਦੀ ਪਤਨੀ ਦਾ ਕਿਰਦਾਰ ਤੇ ਨਾ ਉਸ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾ ਰਹੀ ਹਾਂ। ਦਰਅਸਲ, ਰਜਨੀ ਸਰ ਦੀ ਜੋੜੀ ਐਸ਼ਵਰਿਆ ਰਾਏ ਨਾਲ ਹੈ, ਜਦ ਕਿ ਫਿਲਮ ਵਿੱਚ ਮੇਰੀ ਵੀ ਮਹੱਤਵ ਪੂਰਨ ਭੂਮਿਕਾ ਹੈ।
* ਰਜਨੀਕਾਂਤ ਵਰਗੇ ਸੁਪਰ ਸਟਾਰ ਨਾਲ ‘ਕਾਲਾ’ ਵਿੱਚ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
– ਰਜਨੀ ਸਰ ਵਰਗੇ ਤਜਰਬੇਕਾਰ ਅਭਿਨੇਤਾ ਨਾਲ ਕੰਮ ਕਰਨ ਦਾ ਮੌਕਾ ਮਿਲਣ ਨਾਲ ਖੁਦ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੀ ਹਾਂ। ਰਜਨੀ ਸਰ ਮਹਾਨ ਅਭਿਨੇਤਾ ਹੀ ਨਹੀਂ, ਮਹਾਨ ਇਨਸਾਨ ਵੀ ਹਨ। ਉਨ੍ਹਾਂ ਨੂੰ ਸੈੱਟ ‘ਤੇ ਕਦੇ ਰਿਹਰਸਲ ਦੀ ਲੋੜ ਨਹੀਂ ਹੁੰਦੀ। ਉਹ ਇੱਕ ਅਜਿਹੇ ਅਭਿਨੇਤਾ ਹਨ, ਜਿਨ੍ਹਾਂ ਨੂੰ ਕੰਮ ਕਰਦੇ ਦੇਖ ਕੇ ਹੀ ਤੁਸੀਂ ਬਹੁਤ ਕੁਝ ਸਿੱਖ ਜਾਂਦੇ ਹੋ। ਨੈਚੁਰਲ ਐਕਟਿੰਗ ਦੇ ਉਹ ਬਾਦਸ਼ਾਹ ਹਨ, ਉਂਝ ਵੀ ‘ਕਾਲਾ’ ਇੱਕ ਖੂਬਸੂਰਤ ਕਹਾਣੀ ਹੈ। ਜਦੋਂ ਮੈਂ ਇਹ ਪੜ੍ਹੀ ਤਾਂ ਮੈਂ ਫਿਲਮ ਦਾ ਹਿੱਸਾ ਬਣਨ ਲਈ ਤੁਰੰਤ ਤਿਆਰ ਹੋ ਗਈ, ਕਿਉਂਕਿ ਇਸ ਫਿਲਮ ਵਿੱਚ ਕੰਮ ਕਰਨ ਦਾ ਮਤਲਬ ਸੀ, ਰਜਨੀਕਾਂਤ ਸਰ ਨਾਲ ਕੰਮ ਕਰਨ ਦਾ ਸੁਫਨਾ ਪੂਰਾ ਹੋਣਾ।
* ਪਹਿਲਾਂ ਫਿਲਮ ਲਾਈਨ ‘ਚ ਤੁਹਾਡੇ ਆਉਣ ਦੇ ਫੈਸਲੇ ਨਾਲ ਤੁਹਾਡੇ ਪਾਪਾ ਖੁਸ਼ ਨਹੀਂ ਸਨ। ਹੁਣ ਕੀ ਸਥਿਤੀ ਹੈ?
– ਹਾਂ, ਪਹਿਲਾਂ ਮੇਰੇ ਪਾਪਾ ਨਹੀਂ ਚਾਹੁੰਦੇ ਸਨ ਕਿ ਮੈਂ ਫਿਲਮਾਂ ‘ਚ ਜਾਵਾਂ, ਪਰ ਹੁਣ ਉਨ੍ਹਾਂ ਦੀ ਸੋਚ ਬਦਲ ਗਈ ਹੈ। ਹੁਣ ਡੈਡ ਵੀ ਮੰਨਦੇ ਹਨ ਕਿ ਬਾਲੀਵੁੱਡ ਬੇਹੱਦ ਪਾਪੂਲੈਰਿਟੀ ਦੇਣ ਵਾਲਾ ਚੰਗਾ ਫੀਲਡ ਹੈ। ਜਦੋਂ ਉਨ੍ਹਾਂ ਨੂੰ ਕੋਈ ਮੇਰੀ ਵਜ੍ਹਾ ਨਾਲ ਸਨਮਾਨ ਦਿੰਦਾ ਹੈ ਤਾਂ ਉਨ੍ਹਾਂ ਨੂੰ ਮੇਰੇ ‘ਤੇ ਮਾਣ ਮਹਿਸੂਸ ਹੁੰਦਾ ਹੈ। ਦਰਅਸਲ, ਉਹ ਇੱਕ ਟ੍ਰੈਡੀਸ਼ਨਲ ਫੈਮਿਲੀ ਤੋਂ ਸਨ, ਇਸ ਲਈ ਸਿਨੇਮਾ ਦੀ ਦੁਨੀਆ ਤੋਂ ਉਨ੍ਹਾਂ ਦੀ ਕਾਫੀ ਦੂਰੀ ਸੀ, ਪਰ ਹੁਣ ਪਾਪਾ ਮੇਰੇ ਫੈਸਲੇ ਤੋਂ ਖੁਸ਼ ਹਨ।
* ਕੀ ਤੁਸੀਂ ਵੀ ਮੰਨਦੇ ਹੋ ਕਿ ਬਾਲੀਵੁੱਡ ਵਿੱਚ ਪੱਖਪਾਤ ਹੁੰਦਾ ਹੈ ਅਤੇ ਇਥੇ ਭਾਈ-ਭਤੀਜਵਾਦ ਹਾਵੀ ਹੈ?
– ਹਾਂ, ਜੇ ਮੈਂ ਕਹਾਂ ਕਿ ਬਾਲੀਵੁੱਡ ਵਿੱਚ ਪੱਖਪਾਤ ਨਹੀਂ ਹੁੰਦਾ ਤਾਂ ਇਹ ਝੂਠ ਹੋਵੇਗਾ, ਪਰ ਉਸ ਤੋਂ ਵੀ ਵੱਡਾ ਸੱਚ ਇਹ ਹੈ ਕਿ ਫਿਲਮ ਨਗਰੀ ਦੇ ਲੋਕ ਕਾਫੀ ਮਿਹਨਤੀ ਹਨ। ਸੱਚਾਈ ਇਹ ਹੈ ਕਿ ਇਥੇ ਭਾਈ-ਭਤੀਜਾਵਾਦ ਚੱਲਦਾ ਹੈ। ਜੇ ਕੋਈ ਕਹੇ ਕਿ ਇਥੇ ਅਜਿਹਾ ਨਹੀਂ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਝੂਠ ਬੋਲਦਾ ਹੈ। ਫਿਲਮ ਨਗਰੀ ਦੇ ਲੋਕ ਬਹੁਤ ਮਿਹਨਤੀ ਹਨ ਅਤੇ ਆਪਣੇ ਕੰਮ ਨੂੰ ਲੈ ਕੇ ਜਨੂੰਨੀ ਹਨ ਅਤੇ ਤੁਹਾਨੂੰ ਉਨ੍ਹਾਂ ਦੇ ਕੰਮ ਦਾ ਕਰੈਡਿਟ ਸਖਤ ਮਿਹਨਤ ਤੇ ਸਮਰੱਥਾ ਨੂੰ ਦੇਣਾ ਪਵੇਗਾ, ਪਰ ਫਿਲਮ ਨਗਰੀ ਤੋਂ ਹੋਣਾ ਉਨ੍ਹਾਂ ਦੇ ਕੰਮ ਨੂੰ ਆਸਾਨ ਜ਼ਰੂਰ ਬਣਾ ਦਿੰਦਾ ਹੈ।
* ਇੰਨੇ ਦਿਨਾਂ ਤੋਂ ਫਿਲਮ ਨਗਰੀ ਵਿੱਚ ਸਰਗਰਮ ਹੋਣ ਤੋਂ ਬਾਅਦ ਇਥੇ ਆਪਣਾ ਲਈ ਕਿਹੜਾ ਰਾਹ ਅਪਣਾਉਣਾ ਪਸੰਦ ਕਰਦੇ ਹੋ?
-ਸੱਚ ਕਹਾਂ ਤਾਂ ਇੰਨੇ ਦਿਨਾਂ ਤੋਂ ਇਥੇ ਕੰਮ ਕਰਨ ਦੇ ਬਾਵਜੂਦ ਅੱਜ ਤੱਕ ਮੈਂ ਬਾਲੀਵੁੱਡ ਨੂੰ ਸਹੀ ਤਰ੍ਹਾਂ ਜਾਣ ਹੀ ਨਹੀਂ ਸਕੀ ਅਤੇ ਮੈਨੂੰ ਲੱਗਦਾ ਹੈ ਕਿ ਇਸ ਨੂੰ ਜਾਨਣ ਦਾ ਬਹੁਤਾ ਲਾਭ ਵੀ ਨਹੀਂ। ਦਰਅਸਲ, ਕਈ ਵਾਰ ਮੈਂ ਇਹ ਨਹੀਂ ਜਾਣ ਸਕੀ ਕਿ ਮੈਂ ਆਪਣੇ ਕਰੀਅਰ ਨੂੰ ਕਿਸ ਦਿਸ਼ਾ ਵਿੱਚ ਲੈ ਜਾਵਾਂ, ਕਿਹੜੀ ਫਿਲਮ ਕਰਾਂ। ਇਹੀ ਕਾਰਨ ਹੈ ਕਿ ਮੁਸ਼ਕਲ ਸਮੇਂ ਵਿੱਚ ਇੱਕ ਤਜਰਬੇਕਾਰ ਵਿਅਕਤੀ ਦੀ ਲੋੜ ਪੈਂਦੀ ਹੈ, ਜੋ ਤੁਹਾਡੀ ਯੋਜਨਾ ‘ਚ ਮਦਦ ਕਰ ਸਕਦਾ ਹੋਵੇ। ਫਿਲਮ ਨਗਰੀ ਦੇ ਲੋਕਾਂ ਨੂੰ ਇਥੇ ਲਾਭ ਮਿਲਦਾ ਹੈ।
* ਹੋਰ ਕਿਹੜੀਆਂ ਫਿਲਮਾਂ ਵਿੱਚ ਕੰਮ ਕਰ ਰਹੇ ਹੋ?
– ਤਮਿਲ ਫਿਲਮ ‘ਕਾਲਾ’ ਦੀ ਸ਼ੂਟਿੰਗ ਤਾਂ ਖਤਮ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇੱਕ ਸ਼ਾਰਟ ਫਿਲਮ ਕਰ ਰਹੀ ਹਾਂ, ਜਦ ਕਿ ‘ਧੂਮਕੇਤੂ’ ਅਤੇ ‘ਪ੍ਰਾਈਸਲੈਂਸ’ ਦੀ ਸ਼ੂਟਿੰਗ ਵੀ ਤੇਜ਼ੀ ਨਾਲ ਚੱਲ ਰਹੀ ਹੈ। ਇਹ ਫਿਲਮ ਵੀ ਇਸੇ ਸਾਲ ਰਿਲੀਜ਼ ਹੋਵੇਗੀ। ਕੁਝ ਹੋਰ ਸਕ੍ਰਿਪਟਸ ਵੀ ਪੜ੍ਹ ਰਹੀ ਹਾਂ।