ਪੁਸਤਕ ਰਿਵਿਊ

ਚਿੰਤਨ ਦੀ ਸ਼ਾਇਰੀ- ‘ਅਨੁਵਾਦ ਤਲਖ਼ੀਆਂ ਦਾ’

ਰਿਵਿਊਕਾਰ: ਪਰਮਜੀਤ ਕੌਰ ਦਿਓਲ

‘ਅਨੁਵਾਦ ਤਲਖ਼ੀਆਂ ਦਾ’ ਕਾਵਿ ਸੰਗ੍ਰਹਿ ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਪਲੇਠੀ ਪੁਸਤਕ ਹੈ। ਇਸ ਕਾਵਿ ਪੁਸਤਕ ਵਿਚ ਉਸਨੇ ਸੂਖਮ ਭਾਵਾਂ ਨੂੰ ਕਹਿਣ ਲਈ ਸ਼ਬਦਾਂ, ਚਿੰਨ੍ਹਾਂ, ਬਿੰਬਾਂ ਅਤੇ ਅਲੰਕਾਰਾਂ ਨੂੰ ਬੜੀ ਸੂਖ਼ਮਤਾ ਨਾਲ ਪੇਸ਼ ਕੀਤਾ ਹੈ। ਕਵਿਤਾ, ਕਵੀ ਦੇ ਸਵੈ-ਪ੍ਰਗਟਾਵੇ ਦਾ ਵਿਸਲੇਸ਼ਣ ਹੰੁਦਾ ਹੈ। ਵਿਧੀ-ਵਿਧਾਨ, ਸੈਲੀ ਕਾਵਿ-ਤੱਤ ਜੋ ਉਭਰਕੇ ਸਾਹਮਣੇ ਆਉਂਦੇ ਹਨ। ਉਸ ਦੀ ਕਵਿਤਾ ਸੋਚਣ, ਵਿਚਾਰਨ ਤੇ ਚਿੰਤਨ ਲਈ ਪ੍ਰੇਰਦੀ ਹੈ। ਅਜੋਕੇ ਪੀੜਤ ਸਮਾਜ ਵਿਚੋਂ ਕਾਵਿ ਸਿਰਜਨਾ ਇੱਕ ਸ਼ਕਤੀ ਦੇ ਰੂਪ ਵਜੋਂ ਕੰਮ ਕਰਦੀ ਹੈ। ਪਹਿਲੀ ਕਵਿਤਾ ‘ਅਨੁਵਾਦ ਤਲਖ਼ੀਆਂ ਦਾ’ ਵਿਚ ਗ਼ਰੀਬੀ ਦੀ ਮਾਰ ਹੇਠਾਂ ਦੱਬੇ ਕੁਚਲੇ ਲੋਕਾਂ ਦੇ ਸਮਾਜਿਕ ਪੱਖ ਨੂੰ ਉਪਰ ਉਠਾਉਂਦਾ ਹੈ। ਕਿਤੇ ਉਸ ਦੀ ਕਵਿਤਾ ਵਿਚ ਦਾਜ ਦੀ ਬਲੀ ਚੜ੍ਹਦੀਆਂ ਧੀਆਂ ਦਾ ਵਿਰਲਾਪ ਹੈ, ਨਸ਼ਿਆਂ ਹੱਥੋਂ ਜਾਨ ਗਵਾ ਰਹੇ ਨੌਜਵਾਨਾਂ ਦਾ ਫਿਕਰ ਹੈ। ਜੋ ਆਪਣੀ ਜੁਆਨੀ ਭੰਗ ਦੇ ਭਾੜੇ ਅੰਜਾਈ ਗਵਾ ਰਹੇ ਹਨ। ਜੋ ਲੋਕ ਸਮਾਜ ਪ੍ਰਤੀ ਚੇਤਨ ਹੁੰਦੇ ਹਨ ਉਹ ਸਮਾਜ ਨੂੰ ਇਕ ਹੋਰ ਨਵਾਂ ਇਤਿਹਾਸ ਦਿੰਦੇ ਹਨ। ਇਕ ਅਣਜੰਮੀ ਧੀ ਮਾਂ ਨੂੰ ਵਾਸਤਾ ਇੰਝ ਪਾਉਂਦੀ ਹੈ-

‘ਮਾਏ ਨੀ ਤੇਰੇ ਤਰਲੇ ਕਰਦੀ,

ਰੋਦੀ ਨਾਲੇ ਹਾਉੇਕੇ ਭਰਦੀ,

ਵੀਰੇ ਵਾਂਗੂ ਗੋਦ ’ਚ ਆਪਣੀ,

ਮੈਨੂੰ ਵੀ ਸਿਰ ਟਿਕਾਉਣ ਦੇ,

ਧਰਤੀ ਉੱਤੇ ਆਉਣ ਦਾ,

 

ਉਸਨੂੰ ਆਪਣੇ ਤਨ ’ਤੇ ਹੰਢਿਆਈ ਗ਼ਰੀਬੀ ਵੀ ਅੱਜ ਤੱਕ ਯਾਦ ਹੈ। ਉਸਨੂੰ ਪਛਤਾਵਾ ਹੈ ਕਿ ਐਵੇਂ ਰੱਬ ਕੋਲੋਂ ਤਰਲੇ, ਹਾੜੇ ਕੱਢੇ ਇਹ ਤਾਂ ਧੁਰ ਤੋਂ ਲਿਖਿਆ ਆਪਣਾ ਦਰਦ ਸੀ, ਵੰਨਗੀ ਕਵਿਤਾ ਦੀ-

ਰਹੀ ਬਰਸਾਤੇ ਚੋਂਦੀ ਕੁੱਲੀ, ਨਾ ਹੀ ਮਿਲੀ ਤਾਣਨ ਨੂੰ ਜੁੱਲੀ

ਰੁੱਖਾ, ਸੁੱਕਾ ਖਾ ਕੇ, ਸਮਾਂ ਲੰਘਾਇਆ ਹੈ।

 

ਇਸ ਕਾਵਿ ਸੰਗ੍ਰਹਿ ਵਿੱਚ ਹਰ ਕਾਵਿ-ਸਿਨਫ਼ ਨੇ ਹਾਜ਼ਰੀ ਲਵਾਈ ਹੈ। ਕਵਿਤਾ, ਗੀਤ ਤੇ ਗ਼ਜ਼ਲ ਸ਼ਾਮਿਲ ਹਨ। ਗੀਤਾਂ ਵਿੱਚ ਰਵਾਨਗੀ ਹੈ। ਉਸ ਨੇ ਸਮਾਜ ਨੂੰ ਅਜੇ ਨਵੀਂ ਸੇਧ ਦੇਣੀ ਹੈ, ਅਜੇ ਅਧੂਰੇ ਕੰਮਾਂ ਨੂੰ ਪੂਰਿਆਂ ਕਰਨਾ ਹੈ। ਉਸ ਨੇ ਆਪਣੇ ਮਾਂ-ਬਾਪ ਦੇ ਦੁੱਖਾਂ ਨੂੰ ਪਿੰਡੇ ’ਤੇ ਹੰਢਾਇਆ ਹੈ। ਉਹਨਾਂ ਦੇ ਖ਼ਿਆਲਾਂ ਵਿਚ ਸਿਰਜੇ ਖ਼ਾਬਾਂ ਨੂੰ ਪੂਰੇ ਕਰਨਾ ਹੈ-

ਖ਼ਾਬ ਮਾਈ-ਬਾਪ ਦੇ ਕਰਨੇ ਪੂਰੇ,

ਜੱਗ ’ਤੇ ਪਵਾਇਆ ਜਿਨ੍ਹਾਂ ਨੇ ਫੇਰਾ ਨੀ।

 

‘ਖ਼ਰੀਆਂ-ਖ਼ਰੀਆਂ’ ਵਿੱਚ ਉਹ ਨਿਰਾਸ਼ਾਵਾਦੀ ਹੋਇਆ ਕਹਿੰਦਾ ਹੈ। ਫੁੱਲ ਖਿੜੇ ਹੀ ਸਲਾਹੇ ਜਾਂਦੇ, ਮੁਰਝਾਇਆਂ ਨੂੰ ਕੌਣ ਪੁੱਛਦਾ, ਸਲਾਮਾਂ ਚੜ੍ਹਦੇ ਨੂੰ ਹੁੰਦੀਆਂ, ਡੁੱਬਿਆਂ ਕੋਲ ਕੌਣ ਢੁੱਕਦਾ। ਸਮੁੱਚੇ ਰੂਪ ਵਿੱਚ ਕਵੀ ਨੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਰੋਕਾਰਾਂ ਨੂੰ ਲੈ ਕੇ ਬਾਖ਼ੂਬੀ ਢੰਗ ਨਾਲ ਚਾਨਣਾ ਪਾਇਆ ਹੈ। ਜਦੋਂ ਸ਼ਬਦ, ਭਾਵ ਅਤੇ ਸੰਗੀਤ ਹੋਵੇ ਠੀਕ ਉਦੋਂ ਹੀ ਕਵਿਤਾ ਜਨਮ ਲੈਂਦੀ ਹੈ। ਕਵੀ ਦਾ ਮੰਨਣਾ ਹੈ ਕਿ ਸਮਾਜਿਕ ਕ੍ਰਾਂਤੀ ਨਾਲ ਇਤਿਹਾਸ ਸਿਰਜੇ ਜਾਂਦੇ ਹਨ। ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਪਲੇਠੀ ਪੁਸਤਕ ਲਈ ਸ਼ੁਭ-ਕਾਮਨਾਵਾਂ।