ਪੁਲੀਸ ਚੀਫਾਂ ਦੀ ਚਿੰਤਾ- 17 ਅਕਤੂਬਰ

ਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸ਼ਰੇਆਮ ਭੰਗ ਪੀਣ ਲਈ ਤਰਸਣ ਵਾਲੇ ਕੈਨੇਡੀਅਨਾਂ, 7 ਬਿਲੀਅਨ ਡਾਲਰ ਦੀ ਇਕਾਨਮੀ ਉੱਤੇ ਲਲਚਾਈਆਂ ਨਜ਼ਰਾਂ ਰੱਖਣ ਵਾਲੇ ਕਾਰਪੋਰੇਟ ਧੰਨਤਰਾਂ ਅਤੇ ਖੁੱਲਮ-ਖੁੱਲੇ ਮਾਹੌਲ ਵਿੱਚ ਮੈਰੀਉਆਨਾ ਦੇ ਸੂਟੇ ਲਾਉਣ ਦੀ ਆਸ ਨਾਲ ਦੁਨੀਆ ਭਰ ਤੋਂ ਪੁੱਜਣ ਵਾਲੇ ਸੈਲਾਨੀਆਂ ਦੀ ਗੱਲ ਕੀਤੀ ਜਾਵੇ ਤਾਂ 17 ਅਕਤੂਬਰ ਸਵਰਗੀ ਸੁਆਦ ਚੱਖਣ ਵਾਲਾ ਇਤਿਹਾਸਕ ਦਿਨ ਹੋਵੇਗਾ। ਡੇਢ ਕੁ ਦਹਾਕਾ ਪਹਿਲਾਂ ਸੀ.ਬੀ.ਸੀ ਵੱਲੋਂ ਇੱਕ ਖੋਜ ਸੀਰੀਜ਼ ਤਿਆਰ ਕੀਤੀ ਗਈ ਸੀ ਜਿਸ ਦੇ ਅੰਤ ਵਿੱਚ ਕੈਨੇਡਾ ਦੀਆਂ 10 ਮਹਾਨ ਸਖ਼ਸਿ਼ਅਤਾਂ ਨੂੰ ਚੁਣਿਆ ਜਾਣਾ ਸੀ। 17 ਅਕਤੂਬਰ 2004 ਨੂੰ ਸਾਡੇ ਪ੍ਰਧਾਨ ਮੰਤਰੀ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਪੀਅਰੇ ਟਰੂਡੋ ਦਾ ਨਾਮ ਟੌਮੀ ਡਗਲਸ, ਟੈਰੀ ਫੌਕਸ, ਜੌਹਨ ਮੈਕਡੋਨਲਡ, ਲੈਸਟਰ ਪੀਅਰਸਨ, ਡੇਵਿਡ ਸੂਜ਼ੁਕੀ ਜਿਹੇ 10 ਮਹਾਨ ਕੈਨੇਡੀਅਨਾਂ ਦੀ ਸੂਚੀ ਵਿੱਚ ਦਾਖਲ ਹੋਇਆ ਸੀ। ਉਸ ਇਤਿਹਾਸਕ ਦਿਨ ਤੋਂ 15 ਸਾਲ ਬਾਅਦ ਪ੍ਰਧਾਨ ਮੰਤਰੀ ਟਰੂਡੋ 17 ਅਕਤੂਬਰ 2018 ਨੂੰ ਮੈਰੀਉਆਨਾ ਪੀਣਾ ਲੀਗਲ ਕਰਨਗੇ। ਭਾਵ 17 ਅਕਤੂਬਰ ਤੋਂ ਕੈਨੇਡਾ ਵਿੱਚ ਮਨੋਰੰਜਨ ਵਾਸਤੇ ਮੈਰੀਉਆਨਾ ਦੇ ਗੱਫੇ ਲਾਉਣਾ ਕਨੂੰਨੀ ਹੋ ਜਾਵੇਗਾ।

17 ਅਕਤੂਬਰ ਤੋਂ ਬੱਚਿਆਂ ਅਤੇ ਨੌਜਵਾਨਾਂ ਦੀ ਇਹ ਚਿੰਤਾ ਮੁੱਕ ਜਾਵੇਗੀ ਕਿ ਮਾਪੇ ਕਨੂੰਨ ਦਾ ਡਰ ਦੇ ਕੇ ਮੈਰੀਉਆਨਾ ਪੀਣ ਤੋਂ ਵਰਜਣ ਦੀ ਹਿੰਮਤ ਕਰਨਗੇ। ਪਰ ਇਸ ਇਤਿਹਾਸਕ ਦਿਨ ਨੂੰ ਲੈ ਕੇ ਮਾਪਿਆਂ ਜਿੰਨਾ ਹੀ ਡਰ ਕੈਨੇਡਾ ਵਿੱਚ ਪੁਲੀਸ ਨੂੰ ਹੈ। ਦੋ ਦਿਨ ਪਹਿਲਾਂ ਕੈਨੇਡਾ ਭਰ ਦੇ ਪੁਲੀਸ ਮੁਖੀਆਂ ਦੀ ਐਸੋਸੀਏਸ਼ਨ ਨੇ ਬਿਆਨ ਜਾਰੀ ਕੀਤਾ ਕਿ ਨਸ਼ਈ ਡਰਾਈਵਰਾਂ ਦੀ ਜਾਂਚ ਕਰਨ ਲਈ ਲੋੜੀਂਦੇ 2000 ਸਿਖਲਾਈ ਯੁਕਤ ਅਫ਼ਸਰਾਂ ਦਾ ਸਿਰਫ਼ 50% ਅਫਸਰ ਹੀ ਮੌਜੂਦ ਹਨ। ਪੁਲੀਸ ਮੁਖੀਆਂ ਦੀ ਐਸੋਸੀਏਸ਼ਨ ਨੂੰ ਚਿੰਤਾ ਹੈ ਕਿ ਪੁਲੀਸ ਅਫਸਰਾਂ ਦੀ ਗਿਣਤੀ ਨੂੰ ਪੂਰੀ ਹੋਣ ਵਿੱਚ 5 ਸਾਲ ਲੱਗ ਸਕਦੇ ਹਨ। ਐਸੋਸੀਏਸ਼ਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਮੈਰਊਆਨਾ ਲਾਗੂ ਕਰਨ ਦੀ ਤਾਰੀਕ ਵਿੱਚ ਦੇਰੀ ਨਾ ਕੀਤੀ ਗਈ ਤਾਂ ਸਿੱਟੇ ਗੰਭੀਰ ਨਿਕਲ ਸਕਦੇ ਹਨ।

ਨਸ਼ੇ ਕਰਕੇ ਵਾਹਨ ਚਲਾਉਣ ਵਾਲੇ ਡਰਾਇਵਰਾਂ ਉੱਤੇ ਲੋੜੀਂਦੇ ਟੈਸਟ ਕਰਨ ਲਈ ਯੋਗ ਅਫ਼ਸਰਾਂ ਦੀ ਹੀ ਕਮੀ ਨਹੀਂ ਹੈ ਸਗੋਂ ਇਹਨਾਂ ਟੈਸਟਾਂ ਦੀ ਪ੍ਰਕਿਰਿਆ ਦਾ ਗੁੰਝਲਦਾਰ ਹੋਣਾ ਇੱਕ ਹੋਰ ਸੱਮਸਿਆ ਹੈ। ਟੈਸਟ ਕਰਨ ਦੀ ਵਿਧੀ ਦੇ ਪ੍ਰੋਗਰਾਮ ਦਾ ਨਾਮ  The International Drug Evaluation and Classification Program ਹੈ ਜੋ 1970ਵਿਆਂ ਵਿੱਚ ਲਾਸ ਏਂਜਲਸ ਵਿੱਚ ਆਰੰਭ ਹੋਇਆ ਸੀ। ਕੈਨੇਡੀਅਨ ਅਫਸਰਾਂ ਨੂੰ ਅੱਜ ਤੱਕ ਇਸਦੀ ਸਿਖਲਾਈ ਲਈ ਅਮਰੀਕਾ ਜਾਣਾ ਲਾਜ਼ਮੀ ਹੈ। ਪਿਛਲੇ ਸਾਲ ਪੁਲੀਸ ਮੁਖੀਆਂ ਦੀ ਐਸੋਸੀਏਸ਼ਨ ਨੇ ਹਾਊਸ ਆਫ ਕਾਮਨਜ਼ ਵਿੱਚ ਗੁਹਾਰ ਕੀਤੀ ਸੀ ਕਿ ਨਸ਼ਈ ਡਰਾਈਵਰਾਂ ਦਾ ਪਤਾ ਲਾਉਣ ਲਈ ਲੋੜੀਂਦੀ ਸਿਖਲਾਈ ਪੁਲੀਸ ਅਫ਼ਸਰਾਂ ਨੂੰ ਕੈਨੇਡਾ ਵਿੱਚ ਹੀ ਦਿੱਤਾ ਜਾਣਾ ਸਹੀ ਗੱਲ ਹੋਵੇਗੀ। ਜਾਪਦਾ ਹੈ ਕਿ ਫੈਡਰਲ ਸਰਕਾਰ ਨੂੰ ਪਬਲਿਕ ਦੇ ਟੈਕਸ ਡਾਲਰ ਅਮਰੀਕਾ ਭੇਜਣੇ ਚੰਗੇ ਲੱਗਦੇ ਹਨ। ਵਰਤਮਾਨ ਸਾਲ ਲਈ ਸਰਕਾਰ ਨੇ ਇਸ ਟਰੇਨਿੰਗ ਵਾਸਤੇ 61 ਮਿਲੀਅਨ ਡਾਲਰ ਰਾਖਵੇਂ ਰੱਖੇ ਹੋਏ ਹਨ।

ਮੈਰੀਉਆਨਾ ਬਾਰੇ ਹਾਊਸ ਆਫ ਕਾਮਨਜ਼ ਵਿੱਚ ਹਾਲ ਵਿੱਚ ਹੀ ਪਾਸ ਹੋਏ ਨਵੇਂ ਬਿੱਲ ਵਿੱਚ ਕੋਕੇਨ ਅਤੇ ਮੈਰੀਉਆਨਾ ਨੂੰ ਪਰਖਣ ਲਈ ਪੁਲੀਸ ਨੂੰ ਥੁੱਕ ਵਿੱਚੋਂ ਮਿਲਣ ਵਾਲੀ ਲਾਰ ਦਾ ਟੈਸਟ (saliva test) ਕਰਨ ਦੀ ਆਗਿਆ ਦਿੱਤੀ ਜਾਵੇ। ਕੈਨੇਡਾ ਵਿੱਚ ਹਾਲੇ ਤੱਕ ਲਾਰ ਉੱਤੇ ਕੀਤਾ ਜਾਣ ਵਾਲ ਕੋਈ ਟੈਸਟ ਨਹੀਂ ਹੈ ਜਿਸਨੂੰ ਵਰਤਿਆ ਜਾ ਸਕੇ।

ਪੁਲੀਸ ਮੁਖੀਆਂ ਦੀ ਚਿੰਤਾ ਬਾਰੇ ਫੈਡਰਲ ਸਰਕਾਰ ਨੂੰ ਅਮਰੀਕਾ ਦੇ ਸਟੇਟ ਮੈਸੀਚਿਊਟਸ (Massachusetts) ਤੋਂ ਚੰਗਾ ਖਾਸਾ ਸਬਕ ਮਿਲ ਸਕਦਾ ਹੈ। ਬੌਸਟਨ ਦੇ ਪੁਲੀਸ ਮੁਖੀ ਜੌਹਨ ਕਾਰਮਾਈਕਲ ਦਾ ਆਖਣਾ ਹੈ ਕਿ ਸਟੇਟ ਨੇ ਤਿੰਨ ਸਾਲ ਪਹਿਲਾਂ ਮੈਰੀਉਆਨਾ ਲੀਗਲ ਕਰਕੇ ‘ਘੋੜੇ ਦੇ ਮੂਹਰੇ ਯੱਕਾ’ ਜੋੜਿਆ ਹੈ। ਬੌਸਟਨ ਪੁਲੀਸ ਮੁਖਦਾ ਦਾ ਭਾਵ ਹੈ ਕਿ ਕੈਨੇਡਾ ਵਿੱਚ ਪੁਲੀਸ ਕੋਲ saliva ਜਾਂ ਹੋਰ ਲੋੜੀਂਦੇ ਟੈਸਟ ਕਰਨ ਲਈ ਸ੍ਰੋਤ ਨਹੀਂ ਹਨ ਜਿਹਨਾਂ ਦਾ ਲਾਭ ਲੈ ਕੇ ਲੋਕੀ ਸੜਕਾਂ ਉੱਤੇ ਖਤਰਾ ਬਣੇ ਦਨਦਨਾਉਂਦੇ ਘੁੰਮ ਰਹੇ ਹਨ। Massachusetts ਸਟੇਟ ਨੇ ਹਾਲੇ ਇਹ ਤੈਅ ਨਹੀਂ ਕੀਤਾ ਕਿ ਕਿੰਨਾ ਕੁ ਮੈਰੀਉਆਨਾ ਪੀ ਕੇ ਡਰਾਇਵ ਕਰਨ ਦੀ ਮਨਾਹੀ ਹੈ। ਕੈਨੇਡਾ ਨੂੰ ਅਜਿਹਾ ਕਰਨ ਵਿੱਚ ਕਈ ਸਾਲ ਲੱਗ ਜਾਣ ਦੀ ਸੰਭਾਵਨਾ ਹੈ।

ਜਿੱਥੇ ਇੱਕ ਪਾਸੇ 17 ਅਕਤੂਬਰ ਤੋਂ ਬਾਅਦ ਮੈਰੀਉਆਨਾ ਦੇ ਨਸ਼ਈਆਂ ਲਈ ਸੁਨਿਹਰੀ ਯੁੱਗ ਆਰੰਭ ਹੋ ਜਾਵੇਗਾ ਉੱਥੇ ਪੁਲੀਸ ਚੀਫਾਂ ਦੀ ਐਸੋਸੀਏਸ਼ਨ ਦੀ ਚਿੰਤਾ ਵਿੱਚ ਵਾਧਾ ਹੋਵੇਗਾ।