ਪੁਲਾਂ ਸੰਗ ਪੁਲ ਬਣਦਿਆਂ

-ਡਾ ਗੁਰਬਖ਼ਸ਼ ਸਿੰਘ ਭੰਡਾਲ

ਪੁਲ ਦੋ ਧਾਰਾਵਾਂ ਦਾ ਮਿਲਣ ਬਿੰਦੂ। ਦੋ ਸੋਚ-ਮੁਹਾਣਾਂ ਦੀ ਇਕਸੁਰਤਾ ਅਤੇ ਇਕਸਾਰਤਾ। ਦੋ ਸਮਾਨਤਾਂਰ ਕੰਢਿਆਂ ਦਾ ਸੁੰਦਰ ਮਿਲਾਪ। ਦੋ ਦੇਸ਼ਾਂ, ਦੋ ਧਰਤੀਆਂ, ਦੋ ਟਾਪੁਆਂ, ਦੋ ਰੂਹਾਂ ਅਤੇ ਦੋ ਜਿੰਦਗੀਆਂ ਦੇ ਮਿਲਣ ਰਾਹ ਵੀ ਤਾਂ ਪੁੱਲ ਹੀ ਹੁੰਦੇ।

ਇਹ ਪੁ਼ਲ ਸਾਡੀਆਂ ਸੋਚਾਂ, ਕਰਮਾਂ, ਬੋਲਾਂ ਅਤੇ ਸ਼ਬਦਾਂ ਦਾ। ਸਾਡੇ ਚੌਗਿਰਦੇ ਵਿਚ ਹਰ ਦਮ ਸਾਡੇ ਨਾਲ ਰਹਿੰਦਾ। ਸਾਡੀ ਨਿੱਤਪ੍ਰਤੀ ਦੇ ਜੀਵਨ ਨੂੰ ਪ੍ਰਭਾਵਤ ਕਰਦਾ ਅਤੇ ਅਸੀਂ ਇਹਨਾਂ ਪੁੱਲਾਂ ਤੋਂ ਹੀ ਗੁਜਰਦੇ ਨਵੇਂ ਦਿਹੱਦਿਆਂ ਦਾ ਮੁਹਾਂਦਰਾ ਨਿਖਾਰਨ ਦੇ ਕਾਬਲ ਹੁੰਦੇ।

ਪੁਲ ਕਈ ਰੂਪਾਂ ਵਿਚ ਸਾਡੇ ਸਾਹਵੇਂ ਦਿ਼੍ਰਸ਼ਮਾਨ। ਹਰ ਇਕ ਦੀ ਆਪਣੀ ਨੁਹਾਰ, ਤਰਬੀਅਤ ਅਤੇ ਲਹਿਜ਼ਾ। ਅਸੀਂ ਕਿਹੜੇ ਪੁੱਲ ਨੂੰ ਕਿਹਨਾਂ ਅਰਥਾਂ ਸੰਗ ਦੇਖਣਾ ਅਤੇ ਕਿਹੜੇ ਅਲੰਕਾਰਾਂ ਨਾਲ ਤਸ਼ਬੀਹ ਦੇਣੀ ਏ, ਇਹ ਸਾਡੀ ਮਾਨਸਿਕਤਾ `ਤੇ ਨਿਰਭਰ ਕਰਦਾ।

ਬੱਚੇ ਪੁਲ ਹੁੰਦੇ ਪਰਿਵਾਰ ਤੇ ਮਾਪਿਆਂ ਲਈ। ਪਹਿਲੀ ਪੀਹੜੀ ਅਤੇ ਦੁਸਰੀ ਪੀਹੜੀ ਦਰਮਿਆਨ ਸੁੰਦਰ ਪੁੱਲ। ਅਸੀਂ ਆਪਣੇ ਬੱਚਿਆਂ ਵਿਚੋਂ ਆਪਣੇ ਖੁੱਰ ਗਏ ਸੁਪਨਿਆਂ ਦੀ ਪੂਰਤੀ ਲੋੜਦੇ ਅਤੇ ਉਹਨਾਂ ਦੇ ਭਵਿੱਖ ਵਿਚੋਂ ਆਪਣੀ ਸੁਖਨਵਰ ਬਜੁਰਗੀ ਦਾ  ਧਿਆਨ ਧਰਦੇ। ਦਰਅਸਲ ਬੱਚੇ ਦੁਨੀਆਂ ਦਾ ਸਭ ਤੋਂ ਖੂਬਸੂਰਤ ਤੇ ਖੂਬਸੀਰਤ ਪੁਲ ਹੈ ਜਿਹੜਾ ਕੁਦਰਤ ਨੇ ਸਿਰਜਿਆ ਹੈ ਅਤੇ ਜੋ ਮਨੁੱਖੀ ਸੋਚ-ਦਾਰਿਆਂ ਨੂੰ ਵਿਸ਼ਾਲਦਾ ਹੈ। ਬੱਚਾ ਹੀ ਆਪਣੇ ਬਜੁਰਗਾਂ ਦੀਆਂ ਪੈੜ ਤੋਂ ਹੱਟ ਕੇ ਕੁਝ ਨਰੋਇਆ ਸਿਰਜਦਾ ਹੈ ਕਿਉਂਕਿ ਵਿਰਾਸਤੀ ਪੁਲ ਤੋਂ ਹੀ ਲੰਘ ਕੇ ਨਵੀਆਂ ਮੰਜ਼ਲਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ।

ਸਭ ਤੋਂ ਮਜਬੂਤ ਪੁਲ ਪਿਆਰ ਦਾ ਹੁੰਦਾ ਜੋ ਧਰਮ, ਜਾਤ, ਨਸਲ, ਰੰਗ ਤੋਂ ਉਪਰ ਹੁੰਦਾ। ਪਿਆਰ ਰੂਪੀ ਪੁਲ ਕੁਦਰਤ ਦੇ ਸਾਰੇ ਜੀਵਾਂ ਵਿਚ ਇਕਸਾਰ। ਕਦੇ ਪਰਿੰਦਿਆਂ, ਜਾਨਵਰਾਂ ਨੂੰ ਪਿਆਰ ਭਿੱਜੇ ਲਾਡ ਲੜਾਉਂਦੇ ਪਲ੍ਹਾਂ ਨੂੰ ਵਾਚਣਾ, ਮਨੁੱਖੀ ਵਰਤਾਰਾ ਸ਼ਰਮਿੰਦਾ ਜਰੂਰ ਹੋ ਜਾਵੇਗਾ।

ਸਭ ਤੋਂ ਅਜ਼ੀਮ ਪੁਲ ਵਿਰਾਸਤੀ ਹੁੰਦਾ ਏ ਜੋ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਆਪਣੀ ਰਹਿਤਲ ਨਾਲ ਜੋੜਦਾ, ਉਹਨਾਂ ਦੀਆਂ ਮੂਲ ਕਦਰਾਂ-ਕੀਮਤਾਂ ਦੀ ਸਾਂਝੀਵਾਲਤਾ ਦਾ ਹੌਕਰਾ ਦਿੰਦਾ। ਧਰਮ-ਗਰੰਥ, ਸਾਡੀਆਂ ਇਤਿਹਾਸਕ ਮੱਲਾਂ ਅਤੇ ਗੌਰਵਮਈ ਵਿਰਸਾ ਹੀ ਹੈ ਜਿਹੜਾ ਸਾਡੇ ਬੀਤੇ ਨੂੰ ਵਰਤਮਾਨ ਅਤੇ ਆਉਣ ਵਾਲੇ ਕੱਲ ਨਾਲ ਵੀ ਜੋੜਦਾ ਹੈ। ਜਿਹੜੀਆਂ ਨਸਲਾਂ ਇਸ ਪੁਲ ਨੂੰ ਤਬਾਹ ਕਰ ਦਿੰਦੀਆਂ ਨੇ ਉਹਨਾਂ ਦੀ ਪੈੜ ਵੀ ਗਵਾਚ ਜਾਂਦੀ ਹੈ।

ਪੁਲ ਤਾਂ ਹਰਫ਼ਾਂ ਦੀ ਵੀ ਹੁੰਦਾ ਹੈ ਜੋ ਸਾਡੇ ਅਹਿਸਾਸਾਂ, ਅਨੁਭਾਵਾਂ ਅਤੇ ਮਨਾਂ `ਚ ਉਠਦੇ ਉਬਾਲਾਂ ਨੂੰ ਕਾਗਜ ਦੀ ਹਿੱਕ `ਤੇ ਧਰ, ਕਵਿਤਾ, ਕਹਾਣੀ, ਨਿਬੰਧ ਜਾਂ ਕਿਸੇ ਨਾਵਲ  ਦਾ ਰੂਪ ਅਖਤਿਆਰ ਕਰ ਲੈਂਦੇ ਨੇ। ਹਰਫ਼ਾਂ ਦਾ ਪੁਲ ਹੱਦਾਂ ਤੇ ਸਰਹੱਦਾਂ ਟੱਪ ਕੇ ਸਮੁੱਚੀ ਮਨੁੱਖਤਾ ਦੇ ਨਾਮ ਇਕ ਸੁਨੇਹਾ ਵੀ ਕਰਦਾ ਏ। ਤਾਹੀਊਂ ਤਾਂ ਮਨੁੱਖਤਾ ਨੂੰ ਸਬੰਧਤ ਰਚਨਾਵਾਂ ਸਮਿਆਂ ਅਤੇ ਸੀਮਾਵਾਂ ਦੀਆਂ ਵਲਗਣਾਂ ਤੋਂ ਦੂਰ, ਸਦਾ ਚਿਰੰਜੀਵ ਰਹਿੰਦੀਆਂ ਨੇ।

ਪੁਲ ਬੋਲਾਂ ਦਾ ਹੁੰਦਾ ਏ। ਬੋਲ ਜੋ ਸਾਡੇ ਮੋਹ ਦਾ ਨਿਉਂਦਾ ਬਣਕੇ ਫਿਜ਼ਾ ਵਿਚ ਗੂੰਜਦੇ ਅਤੇ ਦੀਵਾਰਾਂ ਨੂੰ ਸੁਣਨ ਲਾ ਦਿੰਦੇ। ਇਹ ਬੋਲ ਹੀ ਹੁੰਦੇ ਜੋ ਕਈ ਵਾਰ ਪੁਲ ਉਸਾਰਦੇ ਵੀ ਪਰ ਕਈ ਵਾਰ ਬਣੇ ਹੋਏ ਪੁਲਾਂ ਦੀ ਮਰਨ ਮਿੱਟੀ ਵੀ ਬਣ ਜਾਂਦੇ। ਬੋਲ ਜਦ ਕਿਸੇ ਤਹਿਜ਼ੀਬ ਲਈ ਸਰਬ ਸਾਂਝੀਵਾਲਤਾ ਦਾ ਸੁਨੇਹਾ ਬਣਦੇ ਨੇ ਤਾਂ ਅਰਦਾਸ, ਅਜ਼ਾਨ ਅਤੇ ਆਰਤੀ ਆਪਣੇ ਵਿਚ ਸਮੋ, ਸਰਬ ਲੋਅ ਦੀ ਜਾਗ ਮਨੁੱਖਤਾ ਦੀ ਸੋਚ ਵਿਚ ਲਾ, ਜੀਵਨ ਦਾ ਸੁੱਚਮ ਹਰ ਜੀਵ ਦੇ ਨਾਮ ਕਰ ਜਾਂਦੇ।

ਇਕ ਪੁਲ ਸਾਡੀ ਨਜ਼ਰ ਦੇ ਦਿਸਹੱਦਿਆਂ ਦਾ ਵੀ ਹੁੰਦਾ ਏ ਜੋ ਆਪਸੀ ਸਾਂਝ ਦੀ ਪਕੜ ਨੂੰ ਮਜਬੂਤ ਕਰਦਾ, ਸਾਡੇ ਸਮਤਕਾਂ ਵਿਚ ਮੋਹ ਦੀ ਜੋਤ ਜਗਾਉਂਦਾ ਅਤੇ ਸਾਡੇ ਮਨਾਂ ਵਿਚ ਸਰਬਾਂਗੀ ਵਿਡੱਤਣ ਦਾ ਅਹਿਸਾਸ ਗੁਣਗੁਣਾਉਂਦਾ।

ਇਕ ਪੁਲ ਪਰਿਵਾਰਕ ਸਾਂਝ ਦਾ ਹੁੰਦਾ ਏ ਜਿਹੜਾ ਭਾਈਚਾਰੇ ਦੀ ਨੀਂਹ ਬਣ, ਸਮਾਜਿਕ ਉਸਾਰੀ ਦੀ ਮਜਬੂਤ ਇੱਟ ਬਣ,  ਇਕ ਅਜੇਹੀ ਇਮਾਰਤ ਦੀ ਸਿਰਜਣਾ ਕਰਦਾ ਜਿਹੜੀ ਆਪਣੀ ਵਿਲੱਖਣਤਾ ਸਦਕਾ, ਵਕਤ ਦੀ ਨਬਜ਼ ਨੂੰ ਪਛਾਣਦੀ, ਸੁਖਨ-ਸੁਨੇਹਾ ਬਣ ਜਾਂਦੀ।

ਜਦ ਕੋਈ ਪੁਲ ਤਿੱੜਕਦਾ ਏ ਤਾਂ ਇਸ ਨਾਲ ਜੁੱੜੇ ਲੋਕਾਂ ਦੇ ਸਾਹਾਂ ਵਿਚ ਸਿਸਕਣੀ ਉਗ ਪੈਂਦੀ। ਇਹ ਪੁੱਲ ਭਾਵੇਂ ਮਾਂ-ਧੀ, ਪਿਉ-ਪੁੱਤ, ਪਤੀ-ਪਤਨੀ ਜਾਂ ਭੈਣ-ਭਰਾ ਦੀ ਰਿਸ਼ਤਿਆਂ `ਚ ਗੁੰਨੀ ਸਾਂਝ ਦਾ ਹੋਵੇ। ਇਸਦਾ ਟੁੱਟਣਾ ਰਿਸ਼ਤਿਆਂ ਦੇ ਨਾਮ ਨਮੀ ਕਰਦਾ। ਇਕ ਕਸੀਸ ਜਹੀ ਜਿੰਦਗੀ ਦੇ ਨਾਮ ਕਰ ਜਾਂਦਾ ਜਿਸਦਾ ਦਰਦ ਹਰਦਮ ਕਸਕਦਾ ਰਹਿੰਦਾ ਏ।

ਇਕ ਪੁਲ ਤਾਂ ਅਬੋਲਾਂ ਦਾ ਹੁੰਦਾ ਜਦ ਅਸੀਂ ਇਕਦੂਸਰੇ ਲਈ ਅਣਜਾਣ ਹੂੰਦਿਆਂ, ਬੋਲੀ ਨਾ ਵੀ ਸਮਝਦਿਆਂ, ਇਕ ਦੂਜੇ ਦੇ ਭਾਵਾਂ ਦੀ ਤਰਜਮਾਨੀ ਕਰਦੇ, ਇਕ ਦੂਸਰੇ ਦੇ ਅੰਦਰ ਲਹਿ ਜਾਂਦੇ ਹਾਂ। ਕਈ ਵਾਰ ਅਜੀਬ ਰਿਸ਼ਤੇ, ਅਣਜੋੜ ਸਬੰਧ ਜਾਂ ਵੱਖ ਵੱਖ ਕਮਿਊਨਿਟੀਆਂ ਅਤੇ ਵੱਖ ਵੱਖ ਰਹਿਤਲਾਂ ਵਿਚ ਪ੍ਰਵਾਨ ਸਬੰਧ ਬਣਦੇ।

ਪੁਲ ਤਾਂ ਰੂਹ ਦੀ ਕਸ਼ੀਦਗੀ ਦਾ ਵੀ ਹੁੰਦਾ ਜਿਹੜੀ ਸਾਡੇ ਜਿੰਦਗੀ ਦੇ ਮੁੱਖ `ਤੇ ਜਿਉਣ ਦਾ ਅਦਬ ਧਰਦੀ, ਹਰੇਕ ਸੁਭ ਕਾਮਨਾਵਾਂ ਦਾ ਸੰਧਾਰਾ ਬਣ ਜਾਂਦੀ।

ਰਹਿਬਰ, ਪੀਰ-ਫਕੀਰ ਅਤੇ ਅਜ਼ੀਮ ਸਖਸ਼ੀਅਤਾਂ ਵੀ ਸਮਜਿਕ ਦਾਇਰਿਆਂ ਵਿਚ ਵੰਡੇ ਸਮਾਜ ਲਈ ਪੁਲ ਬਣਦੇ ਨੇ ਅਤੇ ਇਹਨਾਂ ਤੋਂ ਗੁਜਰਨ ਵਾਲੇ ਹਰ ਰਾਹੀ ਦੀ ਤਲੀ `ਤੇ ਅਸੀਸ ਧਰ, ਬੰਦਿਆਈ ਦਾ ਸੁਨੇਹਾ ਹਰ ਮਾਨਵ ਦੇ ਨਾਮ ਕਰਦੇ ਨੇ। ਭਾਵੇਂ ਅਜੇਹੇ ਭਲੇ ਲੋਕਾਂ ਦੀ ਨਸਲਕੁਸ਼ੀ ਕਰਨ ਲਈ ਹਰ ਉਲਾਰੂ ਤਾਕਤਾਂ ਆਪਣੀ ਪੂਰੀ ਵਾਹ ਲਾ ਰਹੀਆਂ ਨੇ।

ਕਦੇ ਬੱਚੇ ਨੂੰ ਤੀਲੀਆਂ ਦਾ ਪੁਲ ਬਣਾਉਂਦਿਆਂ ਅਤੇ ਇਸ ਰਾਹੀਂ ਆਪਣੇ ਖਿਡੌਣਿਆਂ ਨੂੰ ਪਾਰ ਲੰਘਾਊਂਦਿਆਂ ਤੱਕਣਾ, ਤੁਹਾਨੂੰ ਪੁਲ ਬਣਾਉਣ ਦਾ ਵਿਚਾਰ, ਇਸਦੀ ਸਾਰਥਿਕਤਾ ਅਤੇ ਇਸਦੇ ਮੀਰੀ ਗੁਣਾਂ ਦਾ ਅਹਿਸਾਸ ਜਰੂਰ ਹੋ ਜਾਵੇਗਾ।

ਸੰਗੀਤ, ਸਾਹਿਤ ਅਤੇ ਸੰਵੇਦਨਾ ਵੱਖ ਵੱਖ ਕਮਿਊਨਿਟੀਆਂ ਵਿਚ ਪੁਲ ਦਾ ਮੁਹਾਂਦਰਾ ਅਤੇ ਇਸਦੇ ਰੰਗਾਂ ਵਿਚ ਰੰਗੀ ਹੋਈ ਮਨੁੱਖਤਾ ਸਭ ਦਾ ਮਾਣ।

ਰਹਿਬਰ, ਕਲਾਕਾਰ, ਵਿਗਿਆਨੀ, ਸਾਹਿਤਕਾਰ, ਅਤੇ ਕਲਮਕਾਰ ਸਮੁੱਚੀ ਮਾਨਵ ਜਾਤੀ ਲਈ ਬੇਜੋੜ ਪੁਲ ਹੁੰਦੇ ਜਿਹਨਾਂ ਰਾਹੀਂ ਲੰਘ ਕੇ ਮਨੁੱਖੀ ਰਾਹਾਂ ਰੌਸ਼ਨ ਹੁੰਦੀਆਂ ਅਤੇ ਜੀਵਨ ਨੂੰ ਜਿਉਣ ਦਾ ਸਬੱਬ ਮਿਲਦਾ।

ਪੁਲ ਉਸਾਰਨ ਵਾਲੇ ਹੱਥ ਅਕੀਦਤ ਯੋਗ। ਉਹਨਾਂ ਦੀ ਮਿਹਨਤ ਅਤੇ ਪ੍ਰਤੀਬੱਧਤਾ ਨੂੰ ਸਲਾਮ। ਪੁਲ ਤੋੜਨ ਵਾਲੇ ਹੱਥ ਆਪਣੀ ਹੋਂਦ ਨੂੰ ਸੰਤਾਪੇ ਸਾਹਾਂ `ਚ ਵਿਹਾਜ ਦਿੰਦੇ। ਪੁਲ ਉਸਾਰੋ, ਉਹਨਾਂ ਦੀ ਉਮਰ ਵੀ ਤੁਹਾਨੂੰ ਲੱਗ ਜਾਵੇਗੀ। ਕਦੇ ਪੁਲ ਨੂੰ ਤੋੜਨ ਜਾਂ ਇਸਦੀ ਹੋਂਦ ਲਈ ਖਤਰਾ ਨਾ ਬਣੋ।

ਪੁਲ, ਪੁਲਾਂ ਤੋਂ ਲੰਘ ਕੇ ਹੀ ਉਸਰਦੇ ਨੇ ਕਿਉਂਕਿ ਨਿੱਕੇ ਨਿੱਕੇ ਪੁਲ ਹੀ ਆਖਰ ਨੂੰ ਇਕ ਅਜੇਹੇ ਪੁੱਲ ਦੀ ਸਿਰਜਣਾ ਕਰਨ ਵਿਚ ਸਫਲ਼ ਹੁੰਦੇ ਨੇ ਜਿਸਨੇ ਮਨੁੱਖੀ ਇਤਿਹਾਸ ਦੇ ਨਾਮ  ਚਾਨਣ ਦੀ ਕਾਤਰ ਕਰਨੀ ਹੁੰਦੀ ਏ।

ਯਾਦ ਰੱਖਣਾ! ਸਮਾਜਿਕ, ਧਾਰਮਿਕ ਜਾਂ ਰਾਜਨੀਤਕ ਸਮਾਗਮ ਦਰਅਸਲ ਨਿੱਕੇ ਨਿੱਕੇ ਪੁਲਾਂ ਦਾ ਆਹਰ ਹੀ ਤਾਂ ਹਨ। ਭਾਵੇਂ ਕਿ ਕਈ ਵਾਰ ਇਹਨਾਂ ਪੁਲਾਂ ਹੇਠ ਨਿੱਜ ਦਾ ਨੀਰ ਵਹਿੰਦਾ ਏ ਅਤੇ ਪ੍ਰਬੰਧਕਾਂ ਦੀਆਂ ਅਤ੍ਰਿਪਤ ਭਾਵਨਾਵਾਂ ਨੂੰ ਸਿੰਜਦਾ ਏ।

ਪੁਲਾਂ ਹੇਠ ਰਹਿਣ ਵਾਲੇ ਲੋਕ ਉਹੀ ਹੁੰਦੇ ਨੇ ਜਿਹਨਾਂ ਨੇ ਪੁਲ ਉਸਾਰੇ ਹੁੰਦੇ ਨੇ। ਕਦੇ ਪੁੱਲ ਬਣਾਉਣ ਵਾਲੇ ਹੱਥਾਂ ਨੂੰ ਪਲੋਸਣਾ, ਤੁਹਾਡੇ ਅਵਚੇਤਨ ਵਿਚ ਵੱਸਦਾ ਇਨਸਾਨ ਤੁਹਾਡੇ ਰੂਬਰੂ ਜਰੂਰ ਹੋਵੇਗਾ।

ਗਿਆਨ ਦਾ ਪੁਲ ਆਪਣੇ ਉਸ ਚੌਗਿਰਦੇ ਵਿਚ ਜਰੂਰ ਉਸਾਰਨਾ ਜਿਸ ਵਿਚ ਚਾਨਣ ਤੋਂ ਵਿਰਰੇ ਲੋਕ `ਨੇਰਿਆਂ ਨਾਲ ਆਢਾ ਲਾਉਂਦੇ, `ਨੇਰ ਵਰਗੇ ਪਲ ਢੋਂਦੇ ਨੇ। ਇਕ ਪੁਲ ਮੋਹ ਦੇ ਨਿਊਂਦੇ ਦਾ ਸਮੇਂ ਦਾ ਨਾਮ ਜਰੂਰ ਕਰਨਾ ਕਿਉਂਕਿ ਸਮਾਂ ਹੀ ਤੁਹਾਡੀ ਪਛਾਣ ਏ ਅਤੇ ਇਸ ਪਛਾਣ ਨੇ ਹੀ ਤਹਿਜ਼ੀਬ ਨੂੰ ਆਪਣੇ ਰੰਗ ਵਿਚ ਨਿਹਾਰਨਾ ਅਤੇ ਲਿਸ਼ਕਾਰਨਾ ਏ।

ਕਦੇ ਕਦੇ ਇਕ ਪੁਲ ਉਹਨਾਂ ਵਿਅਕਤੀਆਂ ਲਈ ਉਸਾਰੋ ਜੋ ਤੁਹਾਡੇ ਚੇਤਿਆਂ ‘ਚੋਂ ਗਲਤ ਫਹਿਮੀਆਂ ਕਾਰਨ ਮਨਫ਼ੀ ਹੋ ਚੁੱਕੇ ਨੇ। ਇਕ ਪੁਲ ਆਪਣੇ ਵਿਅਕਤੀਤੱਵ ਦਾ ਸਿਰਜੋ ਜੋ ਪਲੱਤਣਾਂ ਮਾਰੇ ਸਮਾਜ ਦੀ ਰਹਿਨੁਮਾਈ ਕਰ ਸਕੇ। ਇਕ ਪੁਲ ਉਸ ਚੁੱਪ ਦਾ ਉਸਾਰੋ ਜਿਸ ਵਿਚ ਯੁੱਗਾਂ ਦੀਆਂ ਸੁਹਜ ਸਿਆਣਪਾਂ ਹਾਮੀ ਭਰਦੀਆਂ ਨੇ। ਇਕ ਪੁਲ ਆਪਣੇ ਕਿਰਦਾਰ ਦਾ ਜਰੂਰ ਬਣਾਓ ਜਿਹਨੇ ਤੁਹਾਡੇ ਜਾਣ ਤੋਂ ਬਾਅਦ ਵੀ ਰਹਿਣਾ ਏ ਅਤੇ ਇਸਦੀ ਲੋਅ ਨੇ ਕਈ ਰਾਹਾਂ ਨੂੰ ਰੁੱਸ਼ਨਾਉਣਾ ਏ।

ਆਮੀਨ……………..