ਪੁਲਸ ਮੁਤਾਬਕ ਹਿੰਦੂ ਆਗੂ ਦੇ ਕਤਲ ਵਿੱਚ ਸਿੱਖ ਖਾੜਕੂਆਂ ਦਾ ਹੱਥ ਨਹੀਂ


ਅੰਮ੍ਰਿਤਸਰ, 2 ਨਵੰਬਰ, (ਪੋਸਟ ਬਿਊਰੋ)- ਇਸ ਸ਼ਹਿਰ ਵਿੱਚ ਹਿੰਦੂ ਸੰਘਰਸ਼ ਸੈਨਾ ਦੇ ਕਤਲ ਕੀਤੇ ਗਏ ਜ਼ਿਲ੍ਹਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਦੇ ਕੇਸ ਲਈ ਹੁਣ ਤੱਕ ਪੁਲਿਸ ਭਾਵੇਂ ਸਿੱਖ ਖਾੜਕੂਆਂ ਨੂੰ ਜ਼ਿੰਮੇਵਾਰ ਦੱਸਦੀ ਸੀ, ਇਸ ਵਿੱਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਪੁਲਿਸ ਦੇ ਵਿਸ਼ੇਸ਼ ਸੈੱਲ (ਐਂਟੀ ਟੈਰੇਰਿਸਟ ਫੋਰਸ) ਦੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਹਿ ਦਿੱਤਾ ਕਿ ਇਹ ਕਤਲ ਕਿਸੇ ਖਾੜਕੂ ਜਥੇਬੰਦੀ ਨੇ ਨਹੀਂ ਕੀਤਾ, ਨਿੱਜੀ ਰੰਜਿਸ਼ ਕਾਰਨ ਹੋਇਆ ਹੈ ਤੇ ਪੁਲਿਸ ਕਾਤਲਾਂ ਤੱਕ ਪੁੱਜ ਗਈ ਹੈ। ਇਸ ਕਤਲ ਪਿੱਛੋਂ ਪਹਿਲਾਂ ਪੁਲਿਸ ਕਮਿਸ਼ਨਰ ਐਸ. ਸ੍ਰੀ ਵਾਸਤਵਾ ਨੇ ਕਿਹਾ ਸੀ ਕਿ ਇਹ ਕਤਲ ਸਿੱਖ ਖਾੜਕੂਆਂ ਜਾਂ ਗੈਂਗਸਟਰਾਂ ਵਲੋਂ ਕੀਤਾ ਹੋ ਸਕਦਾ ਹੈ।
ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੱਜ ਕੁਝ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਖ਼ੁਲਾਸਾ ਕੀਤਾ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਪਨ ਸ਼ਰਮਾ ਦਾ ਕਤਲ ਕਿਸੇ ਖਾੜਕੂ ਨੇ ਨਹੀਂ ਕੀਤਾ ਤੇ ਨਾ ਕਿਸੇ ਗੈਂਗਸਟਰ ਦਾ ਇਸ ਵਿੱਚ ਹੱਥ ਹੈ, ਸਗੋਂ ਇਹ ਕਤਲ ਨਿੱਜੀ ਰੰਜਿਸ਼ ਦਾ ਸਿੱਟਾ ਹੈ, ਜਿਸ ਦੇ ਕਾਤਲਾਂ ਦਾ ਪਤਾ ਲੱਗ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਕਿਸੇ ਨੂੰ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਇਜ਼ਾਜਤ ਨਹੀਂ ਦੇਵੇਗੀ।
ਇਸ ਦੌਰਾਨ ਅੱਜ ਏਥੇ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਢੋਟ ਦੀ ਅਗਵਾਈ ਹੇਠ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਮੁਲਕਾਤ ਕੀਤੀ ਤੇ ਦੱਸਿਆ ਕਿ ਪੁਲਿਸ ਵੱਲੋਂ ਸਿੱਖ ਖਾੜਕੂਆਂ ਬਾਰੇ ਸੰਕੇਤ ਨਾਲ ਪੰਜਾਬ ਦੇ ਦੋਵਾਂ ਮੁੱਖ ਭਾਈਚਾਰਿਆਂ ਵਿਚਾਲੇ ਮਾਹੌਲ ਤਣਾਅ ਵਾਲਾ ਹੋ ਸਕਦਾ ਹੈ। ਵਫ਼ਦ ਨੇ ਪੁਲਿਸ ਨੂੰ ਕਾਤਲ ਗ੍ਰਿਫ਼ਤਾਰ ਕਰ ਕੇ ਸੱਚ ਸਾਹਮਣੇ ਲਿਆਉਣ ਲਈ ਕਿਹਾ। ਢੋਟ ਨੇ ਇਹ ਵੀ ਕਿਹਾ ਕਿ ਰੋਸ ਪ੍ਰਦਰਸ਼ਨਾਂ ਮੌਕੇ ਸੰਤ ਭਿੰਡਰਾਂ ਵਾਲਿਆਂ ਦੇ ਖ਼ਿਲਾਫ਼ ਨਾਅਰੇ ਲਾਉਣਾ ਮੰਦ-ਭਾਗਾ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ।