ਪੁਲਸ ਮੁਖੀ ਵੱਲੋਂ ਵਿਧਾਇਕ ਬੈਂਸ ਦਾ ਫੋਨ ਨਾ ਸੁਣਨ ਦਾ ਮੁੱਦਾ ਵਿਸ਼ੇਸ਼ ਅਧਿਕਾਰ ਕਮੇਟੀ ਦੇ ਹਵਾਲੇ


ਚੰਡੀਗੜ੍ਹ, 8ਜੁਲਾਈ, (ਪੋਸਟ ਬਿਊਰੋ)- ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਪੰਜਾਬ ਦੇ ਪੁਲਸ ਮੁਖੀ (ਡੀ ਜੀ ਪੀ) ਸੁਰੇਸ਼ ਅਰੋੜਾ ਵਿਰੁੱਧ ਕੀਤੀ ਸ਼ਿਕਾਇਤ ਦਾ ਮੁੱਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪ ਦਿੱਤਾ ਹੈ। ਕਮੇਟੀ ਇਸ ਦੀ ਸੁਣਵਾਈ 10 ਜੁਲਾਈ ਤੋਂ ਸ਼ੁਰੂ ਕਰਨ ਜਾ ਰਹੀ ਹੈ। ਵਿਧਾਨ ਸਭਾ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਨੇ 10 ਜੁਲਾਈ ਨੂੰ ਸਿਮਰਜੀਤ ਸਿੰਘ ਬੈਂਸ ਨੂੰ ਇਸ ਕਮੇਟੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਪੱਤਰ ਜਾਰੀ ਕਰ ਦਿੱਤਾ ਹੈ।
ਦੱਸਿਆ ਗਿਆ ਹੈ ਕਿ ਅਨੁਸਾਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਵੱਲੋਂ ਉਨ੍ਹਾਂ ਦਾ ਫੋਨ ਨਾ ਸੁਣਨ ਦੇ ਦੋਸ਼ ਲਾ ਕੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਪੁਲਸ ਮੁਖੀ ਦੇ ਵਿਰੁੱਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਦਿੱਤਾ ਸੀ। ਇਸ ਪਿੱਛੋਂ ਸਪੀਕਰ ਨੇ ਇਹ ਕੇਸ ਨਿਰੀਖਣ ਅਤੇ ਪੜਤਾਲ ਕਰ ਕੇ ਰਿਪੋਰਟ ਪੇਸ਼ ਕਰਨ ਲਈ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪ ਦਿੱਤਾ ਹੈ। ਸਪੀਕਰ ਨੂੰ ਕੀਤੀ ਸ਼ਿਕਾਇਤ ਵਿੱਚ ਬੈਂਸ ਨੇ ਕਿਹਾ ਹੈ ਕਿ ਪੰਜਾਬ ਵਿੱਚ ਰੇਤ ਮਾਫੀਆ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਅੰਨ੍ਹੇਵਾਹ ਕੀਤੀ ਜਾਂਦੀ ਹੈ। ਉਨ੍ਹਾ ਦੋਸ਼ ਲਾਇਆ ਹੈ ਕਿ ਜੋ ਲੋਕ ਸਰਕਾਰ ਨੂੰ ਠੇਕੇ ਦੇ ਪੈਸੇ ਭਰ ਕੇ ਕਾਨੂੰਨੀ ਢੰਗ ਨਾਲ ਰੇਤ ਦਾ ਕੰਮ ਕਰਦੇ ਹਨ, ਪੁਲੀਸ ਅਫਸਰ ਉਨ੍ਹਾਂ ਨੂੰ ਤੰਗ ਕਰਦੇ ਹਨ। ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ 11 ਅਪਰੈਲ ਨੂੰ ਪੁਲੀਸ ਅਫਸਰਾਂ ਵੱਲੋਂ ਜਾਇਜ਼ ਮਾਈਨਿੰਗ ਕਰਨ ਵਾਲਿਆਂ ਤੋਂ ਰਿਸ਼ਵਤ ਲੈਣ ਦੀ ਸੂਚਨਾ ਦੇਣ ਲਈ ਪੁਲਸ ਮੁਖੀ ਦੇ ਦਫਤਰ ਵਾਲੇ ਸਰਕਾਰੀ ਫੋਨ ਉਪਰ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਰੋੜਾ ਨੇ ਉਨ੍ਹਾਂ ਦੀ ਗੱਲ ਸੁਣਨੀ ਜ਼ਰੂਰੀ ਨਹੀਂ ਸਮਝੀ।
ਇਸ ਸੰਬੰਧ ਵਿੱਚ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਪੁਲੀਸ ਜ਼ਿਲ੍ਹਾ ਜਗਰਾਓਂ ਹੇਠਲੇ ਥਾਣਾ ਸਿੱਧਵਾਂ ਬੇਟ ਵਿੱਚੋਂ ਇੱਕ ਏ ਐੱਸ ਆਈ ਨੇ ਸਰਕਾਰੀ ਪਰਚੀ ਕੱਟ ਕੇ ਕਾਨੂੰਨੀ ਤੌਰ ਉੱਤੇ ਮਾਈਨਿੰਗ ਕਰਦੇ ਲੋਕਾਂ ਤੋਂ ਕੇਸ ਬਣਾਉਣ ਦਾ ਦਬਕਾ ਮਾਰ ਕੇ 60 ਹਜ਼ਾਰ ਰੁਪਏ ਰਿਸ਼ਵਤ ਲਈ ਸੀ। ਬੈਂਸ ਨੇ ਸਪੀਕਰ ਨੂੰ ਸਿ਼ਕਾਇਤ ਕੀਤੀ ਕਿ ਮਾਈਨਿੰਗ ਕਰਦੇ ਜਿਹੜੇ ਲੋਕਾਂ ਨੇ ਪੁਲੀਸ ਨੂੰ ਰਿਸ਼ਵਤ ਨਹੀਂ ਦਿੱਤੀ, ਪੁਲੀਸ ਨੇ ਉਨ੍ਹਾਂ ਦੇ ਵਿਰੁੱਧ ਝੂਠਾ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਸੀ। ਵਿਧਾਇਕ ਬੈਂਸ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਪੁਲੀਸ ਦੇ 60 ਹਜ਼ਾਰ ਰੁਪਏ ਰਿਸ਼ਵਤ ਲੈਣ ਦੀ ਆਡੀਓ ਮੌਜੂਦ ਹੈ ਤੇ ਉਨ੍ਹਾਂ ਪੀੜਤ ਲੋਕਾਂ ਨਾਲ ਐੱਸ ਐੱਸ ਪੀ ਜਗਰਾਓਂ ਨੂੰ ਮਿਲ ਕੇ ਸਾਰਾ ਕੇਸ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ। ਬੈਂਸ ਨੇ ਦੋਸ਼ ਲਾਇਆ ਕਿ ਜਦੋਂ ਐਸ ਐਸ ਪੀ ਜਗਰਾਓਂ ਨੇ ਸੁਣਵਾਈ ਨਾ ਕੀਤੀ ਤਾਂ ਉਹ ਇਹ ਕੇਸ ਡੀ ਜੀ ਪੀ ਸੁਰੇਸ਼ ਅਰੋੜਾ ਦੇ ਧਿਆਨ ਵਿੱਚ ਲਿਆਉਣ ਲਈ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਡੀ ਜੀ ਪੀ ਦੇ ਮੋਬਾਈਲ ਫੋਨ ਉਪਰ ਚੱਲਦੇ ਵੱਟਸਐਪ ਉਪਰ ਸ਼ਿਕਾਇਤ ਦੀ ਆਡੀਓ ਕਲਿਪ ਵੀ ਭੇਜੀ। ਇਸ ਤੋਂ ਇਲਾਵਾ ਐੱਸ ਐੱਮ ਐੱਸ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆ ਕੇ ਸਮਾਂ ਮੰਗਿਆ। ਬੈਂਸ ਨੇ ਸਪੀਕਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਡੀ ਜੀ ਪੀ ਨੇ ਕੋਈ ਹੁੰਗਾਰਾ ਨਹੀਂ ਦਿੱਤਾ ਸੀ।