ਪੁਲਸ ਤੋਂ ਡਰੇ ਹੋਏ ਅਕਾਲੀ ਆਗੂ ਦੇ ਪਤੀ ਨੇ ਜ਼ਹਿਰੀਲੀ ਦਵਾਈ ਨਿਗਲ ਲਈ

akali agu
ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਪੋਸਟ ਬਿਊਰੋ)- ਪਿੰਡ ਭੰਗਚੜ੍ਹੀ ‘ਚ ਸਥਿਤੀ ਉਸ ਵੇਲੇ ਤਣਾਅ ਪੂਰਨ ਹੋ ਗਈ, ਜਦ ਮੈਂਬਰ ਪੰਚਾਇਤ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਦੇ ਪਤੀ ਨੂੰ ਲੈਣ ਪਹੁੰਚੇ ਪੁਲਸ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਮੁਕਤਸਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਉਹ ਇਲਾਜ ਅਧੀਨ ਹੈ।
ਹਸਪਤਾਲ ਵਿੱਚ ਜ਼ੇਰੇ ਇਲਾਜ ਬਹਾਦਰ ਸਿੰਘ (50) ਦੇ ਪੁੱਤਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਪੰਚਾਇਤ ਮੈਂਬਰ ਹੈ। ਉਨ੍ਹਾਂ ਦੀ ਗਲੀ ਵਿੱਚ ਨਾਲੀਆਂ ਬਣਾਉਣ ਦਾ ਕੰਮ ਚੱਲ ਰਿਹਾ ਸੀ। ਇੱਕ ਹਫਤੇ ਤੋਂ ਇਸ ਗਲੀ ਵਿੱਚ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਵਰਕਰ ਅਵਤਾਰ ਖਾਨ ਤੇ ਇਕਬਾਲ ਖਾਨ ਆਪਣੇ ਘਰ ਦੇ ਕੋਲੋਂ ਨਾਲੀ ਨੂੰ ਉਚਾ ਕਰ ਕੇ ਬਣਾਉਣ ਦੀ ਮੰਗ ਕਰ ਰਹੇ ਸਨ, ਪਰ ਉਸ ਦੇ ਪਿਤਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਉਥੋਂ ਨਾਲੀ ਉਚੀ ਹੋ ਗਈ ਤਾਂ ਦੂਜੇ ਪਾਸੇ ਪਾਣੀ ਦੀ ਨਿਕਾਸੀ ਨਹੀਂ ਹੋਵੇਗੀ। ਇਸ ਕਾਰਨ ਆਪ ਵਰਕਰ ਕਈ ਵਾਰ ਬਹਿਸ ਕਰ ਚੁੱਕੇ ਸਨ। ਸ਼ਨੀਵਾਰ ਰਾਤ ਨੂੰ ਆਪ ਵਰਕਰਾਂ ਨੇ ਉਸ ਦੇ ਪਿਤਾ ਨਾਲ ਗਾਲੀ ਗਲੋਚ ਕੀਤਾ, ਪਰ ਕੱਲ੍ਹ ਸਵੇਰੇ ਥਾਣਾ ਲੱਖੇਵਾਲੀ ਦੀ ਪੁਲਸ ਘਰ ਆਣ ਪਹੁੰਚੀ। ਮੌਕੇ ਉੱਤੇ ਮੌਜੂਦ ਪੰਚਾਇਤ ਨੇ ਖੁਦ ਬਹਾਦਰ ਸਿੰਘ ਨੂੰ ਥਾਣੇ ਲਿਜਾਣ ਦੀ ਗੱਲ ਕਹੀ, ਪਰ ਪੁਲਸ ਉਸ ਨੂੰ ਨਾਲ ਲੈ ਕੇ ਜਾਣ ਦਾ ਦਬਾਅ ਪਾਉਣ ਲੱਗੀ। ਇਸੇ ਤੋਂ ਪ੍ਰੇਸ਼ਾਨ ਹੋ ਕੇ ਬਹਾਦਰ ਸਿੰਘ ਨੇ ਘਰ ਵਿੱਚ ਪਈ ਜ਼ਹਿਰੀਲੀ ਦਵਾਈ ਪੀ ਲਈ। ਇਸ ਪਿੱਛੋਂ ਪੁਲਸ ਤੇ ਸ਼ਿਕਾਇਤ ਕਰਤਾ ਉਥੋਂ ਦੌੜ ਗਏ। ਬਹਾਦਰ ਸਿੰਘ ਨੂੰ ਮੁਕਤਸਰ ਸਾਹਿਬ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਥਾਣਾ ਲੱਖੇਵਾਲੀ ਦੇ ਇੰਚਾਰਜ ਕੇਵਲ ਸਿੰਘ ਨੇ ਮੰਨਿਆ ਕਿ ਉਨ੍ਹਾਂ ਨੂੰ ਐੱਸ ਐੱਸ ਪੀ ਬਲਜੋਤ ਸਿੰਘ ਰਾਠੌੜ ਦਾ ਫੋਨ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਸਵੇਰੇ ਹੌਲਦਾਰ ਕਾਲਾ ਸਿੰਘ ਅਤੇ ਦੋ ਹੋਰ ਕਾਲਾ ਸਿੰਘ ਅਤੇ ਦੋ ਹੋਰ ਪੁਲਸ ਕਰਮਚਾਰੀਆਂ ਸੁਖਦੇਵ ਸਿੰਘ ਅਤੇ ਠਾਕੁਰ ਸਿੰਘ ਨੂੰ ਪਿੰਡ ‘ਚ ਭੇਜਿਆ ਸੀ, ਪਰ ਬਹਾਦਰ ਸਿੰਘ ਨੇ ਉਸ ਨਾਲ ਆਉਣ ਦੀ ਬਜਾਏ ਜ਼ਹਿਰੀਲੀ ਦਵਾਈ ਨਿਗਲ ਲਈ। ਐੱਸ ਐੱਸ ਪੀ ਬਲਜੋਤ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਦੀ ਜਾਂਚ ਕਰਵਾ ਰਹੇ ਹਨ। ਉਨ੍ਹਾਂ ਨੂੰ ਇਹ ਮਾਮਲਾ ਸ਼ੱਕੀ ਲੱਗਦਾ ਹੈ ਕਿਉਂਕਿ ਜਿਸ ਵਿਅਕਤੀ ਨੇ ਫੋਨ ‘ਤੇ ਸ਼ਿਕਾਇਤ ਕੀਤੀ ਸੀ, ਉਹ ਵੀ ਉਨ੍ਹਾਂ ਨੂੰ ਸ਼ਰਾਬੀ ਲੱਗ ਰਿਹਾ ਸੀ।