ਪੁਲਸ ਕਸਟਡੀ ਵਿੱਚ ਕੁੜੀ ਵੱਲੋਂ ਚਿੱਟਾ ਪੀਣ ਦੀ ਵੀਡੀਓ ਵਾਇਰਲ, ਤਿੰਨ ਪੁਲਸ ਵਾਲੇ ਸਸਪੈਂਡ


ਫਗਵਾੜਾ, 10 ਜੁਲਾਈ (ਪੋਸਟ ਬਿਊਰੋ)- ਸਥਾਨਕ ਪੁਲਸ ਦੀ ਕਸਟਡੀ ਵਿੱਚ ਇੱਕ ਨਵ-ਵਿਆਹੁਤਾ ਕੁੜੀ ਵੱਲੋਂ ਚਿੱਟਾ ਪੀਣ ਦੀ ਵੀਡੀਓ ਵਾਇਰਲ ਹੋਣ ਪਿੱਛੋਂ ਫਗਵਾੜਾ ਪੁਲਸ ਵਿੱਚ ਤਰਥੱਲੀ ਮਚ ਗਈ ਹੈ। ਇਹ ਮਾਮਲਾ ਸਾਹਮਣੇ ਆਉਣ ਪਿੱਛੋਂ ਫਗਵਾੜਾ ਦੇ ਐੱਸ ਪੀ ਪਰਮਿੰਦਰ ਸਿੰਘ ਭੰਡਾਲ ਨੇ ਥਾਣਾ ਸਿਟੀ ਵਿਚਲੇ ਇੱਕ ਏ ਐਸ ਆਈ, ਇੱਕ ਹਵਾਲਦਾਰ ਅਤੇ ਇੱਕ ਮਹਿਲਾ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਹੈ।
ਪਤਾ ਲੱਗਾ ਹੈ ਕਿ ਫਗਵਾੜਾ ਪੁਲਸ ਨੇ 20 ਮਾਰਚ 2018 ਨੂੰ ਟਿੱਬੀ ਫਾਟਕ ਨੇੜੇ ਇੱਕ ਮਹਿਲਾ ਨੂੰ ਤਿੰਨ ਗਰਾਮ ਹੈਰੋਇਨ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਕੇ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਸੀ। ਸੋਸ਼ਲ ਮੀਡੀਆ ‘ਤੇ ਹੱਥਾਂ ਵਿੱਚ ਚੂੜਾ ਪਾਈ ਨਵ ਵਿਆਹੁਤਾ ਦੀ ਵਾਇਰਲ ਹੋਈ ਇਹ ਵੀਡੀਓ ਇਸੇ ਮਹਿਲਾ ਦੀ ਹੈ, ਜੋ ਫਗਵਾੜਾ ਵਿੱਚ ਪੁਲਸ ਕਸਟਡੀ ਵਿੱਚ ਚਿੱਟਾ ਪੀਂਦੀ ਦਿਖਾਈ ਦੇਂਦੀ ਹੈ। ਫਗਵਾੜਾ ਪੁਲਸ ਦੇ ਐੱਸ ਪੀ ਪਰਮਿੰਦਰ ਸਿੰਘ ਭੰਡਾਲ ਨੇ ਇਸ ਦੀ ਪੁਸ਼ਟੀ ਕਰ ਕੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਇੱਕ ਨਵ ਵਿਆਹੁਤਾ ਵੱਲੋਂ ਪੁਲਸ ਕਸਟਡੀ ਥਾਣੇ ਵਿੱਚ ਚਿੱਟਾ ਪੀਣ ਦੀ ਵੀਡੀਓ ਵਾਇਰਲ ਹੋਈ ਸੀ। ਇਸ ਦੀ ਜਾਂਚ ਕਰਨ ਦੇ ਪਤਾ ਲੱਗਾ ਕਿ ਇਹ ਵੀਡੀਓ ਫਗਵਾੜਾ ਥਾਣੇ ਦੀ ਹੈ। ਐੱਸ ਪੀ ਪੀ ਐੱਸ ਭੰਡਾਲ ਨੇ ਦੱਸਿਆ ਕਿ ਇਸ ਕੇਸ ਵਿੱਚ ਥਾਣਾ ਸਿਟੀ ਵਿਚਾਲੇ ਏ ਐੱਸ ਆਈ ਬਲਬੀਰ ਸਿੰਘ, ਹਵਾਲਦਾਰ ਹਰਦੀਪ ਸਿੰਘ ਤੇ ਲੇਡੀ ਕਾਂਸਟੇਬਲ ਕੁਲਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।