ਪੁਰਾਣਾ ਪਰਵਾਰ ਇਕੱਠਾ ਕਰਨ ਤੁਰੀ ਆਪ ਪਾਰਟੀ ਨੇ ਛੋਟੇਪੁਰ ਨੂੰ ਵੀ ਹਾਕ ਮਾਰੀ

aman arora
* ਘੁੱਗੀ ਦੇ ਛੱਡ ਜਾਣ ਦਾ ਕਾਰਨ ਫਿਲਮਾਂ ਦੀ ਖਿੱਚ ਦੱਸਿਆ
ਜਲੰਧਰ, 18 ਮਈ, (ਪੋਸਟ ਬਿਊਰੋ)- ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਕਰ ਰਹੇ ਪਾਰਟੀ ਦੇ ਸੂਬਾ ਉੱਪ ਪ੍ਰਧਾਨ ਅਮਨ ਅਰੋੜਾ ਨੇ ਪੁਰਾਣੇ ਆਗੂ ਸੁੱਚਾ ਸਿੰਘ ਛੋਟੇਪੁਰ ਸਮੇਤ ਪਾਰਟੀ ਛੱਡ ਗਏ ਸਾਰੇ ਵਾਲੰਟੀਅਰਾਂ ਅਤੇ ਆਗੂਆਂ ਨੂੰ ਵਾਪਸੀ ਦੀ ਅਪੀਲ ਕੀਤੀ ਹੈ।
ਅੱਜ ਏਥੇ ਆਪ ਪਾਰਟੀ ਦੇ ਦਫ਼ਤਰ ਵਿੱਚ ਵਾਲੰਟੀਅਰਾਂ ਨਾਲ ਮੀਟਿੰਗ ਕਰਨ ਪਿੱਛੋਂ ਮੀਡੀਆ ਨਾਲ ਗੱਲਬਾਤ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਪਾਰਟੀ ਦੀ ਹਾਰ ਦੇ ਕਾਰਨਾਂ ਵਿੱਚ ਸੁੱਚਾ ਸਿੰਘ ਛੋਟੇਪੁਰ ਵੀ ਵੱਡਾ ਕਾਰਨ ਸਨ। ਅਰੋੜਾ ਨੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਕਾਰਜਕਾਲ ਨੂੰ ਵਧੀਆ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਟਾਲੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਜਿਹੜੇ ਵਾਲੰਟੀਅਰ ਪਾਰਟੀ ਛੱਡ ਗਏ ਜਾਂ ਕੱਢੇ ਗਏ ਸਨ, ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਪਾਰਟੀ ਦੇ ਪੰਜਾਬ ਦੇ ਸਾਬਕਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੰਜਾਬੀ ਫ਼ਿਲਮਾਂ ਵੱਲ ਝੁਕਾਅ ਵੱਧ ਸੀ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਘੱਟੋ ਘੱਟ 70 ਸੀਨੀਅਰ ਅਹੁਦੇਦਾਰਾਂ ਨਾਲ ਗੱਲ ਕਰ ਕੇ ਘੁੱਗੀ ਬਾਰੇ ਫ਼ੈਸਲਾ ਲਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਛੱਡਣ ਤੋਂ ਪਹਿਲਾਂ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਉਨ੍ਹਾਂ ਦੀ ਗੁਰਪ੍ਰੀਤ ਸਿੰਘ ਘੁੱਗੀ ਨਾਲ ਢਾਈ ਘੰਟੇ ਗੱਲਬਾਤ ਹੋਈ, ਜਿਸ ਵਿੱਚ ਘੁੱਗੀ ਨੇ ਕਿਹਾ ਸੀ ਕਿ ਉਹ ਵਾਲੰਟੀਅਰ ਵਜੋਂ ਆਪ ਪਾਰਟੀ ਦੀ ਸੇਵਾ ਕਰਦੇ ਰਹਿਣਗੇ। ਕੇਜਰੀਵਾਲ ਚਾਹੁੰਦੇ ਸਨ ਕਿ ਘੁੱਗੀ ਨੂੰ ਪਾਰਟੀ ਦੀ ਸੂਬਾ ਪ੍ਰਧਾਨਗੀ ਤੋਂ ਵੀ ਵੱਡਾ ਕੋਈ ਯੋਗ ਅਹੁਦਾ ਦੇ ਦਿੱਤਾ ਜਾਵੇ, ਪਰ ਘੁੱਗੀ ਖ਼ੁਦ ਹੀ ਪਾਰਟੀ ਛੱਡ ਗਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਪਾਰਟੀ ਦਾ ਜਥੇਬੰਦਕ ਢਾਂਚਾ ਇੱਕ ਮਹੀਨੇ ਵਿੱਚ ਬਣਾ ਦਿੱਤਾ ਜਾਵੇਗਾ ਤੇ ਇਸ ਵਿੱਚ ਦਿੱਲੀ ਹਾਈ ਕਮਾਂਡ ਦਾ ਕੋਈ ਦਖ਼ਲ ਨਹੀਂ ਹੋਵੇਗਾ।
ਪੰਜਾਬ ਇਕਾਈ ਦਾ ਪ੍ਰਧਾਨ ਭਗਵੰਤ ਮਾਨ ਨੂੰ ਬਣਾਏ ਜਾਣ ਉੱਤੇ ਪਰਵਾਸੀ ਪੰਜਾਬੀਆਂ ਵੱਲੋਂ ਹੋਏ ਵਿਰੋਧ ਦੇ ਸੰਬੰਧ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਮਾਨ ਨੂੰ ਪ੍ਰਧਾਨ ਬਣਾਉਣ ਪਿੱਛੋਂ ਉਨ੍ਹਾਂ ਨੇ ਪਰਵਾਸੀ ਆਗੂਆਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਪਾਰਟੀ ਵਿੱਚ ਰਹਿਣ ਲਈ ਮਨਾ ਲਿਆ ਹੈ।
ਦੂਸਰੇ ਪਾਸੇ ਅੱਜ ‘ਆਪ’ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਮੌਕੇ ਆਦਮਪੁਰ ਤੋਂ ਚੋਣ ਲੜ ਚੁੱਕੇ ਉਮੀਦਵਾਰ ਹੰਸ ਰਾਜ ਰਾਣਾ ਆਪਣੇ ਵਾਲੰਟੀਅਰਾਂ ਨਾਲ ਉਲਝ ਗਏ ਅਤੇ ਗੱਲ ਅਪਸ਼ਬਦ ਵਰਤਣ ਤੱਕ ਪੁੱਜ ਗਈ। ਇਸੇ ਦੌਰਾਨ ਰਾਣਾ ਤੇ ਵਾਲੰਟੀਅਰਾਂ ਨੇ ਇੱਕ ਦੂਜੇ ਨੂੰ ਧਮਕੀਆਂ ਵੀ ਦਿੱਤੀਆਂ। ਜਾਣਕਾਰ ਸੂਤਰਾਂ ਮੁਤਾਬਕ ਇਹ ਝਗੜਾ ਪਾਰਟੀ ਵਿੱਚ ‘ਗ਼ਲਤ’ ਬੰਦਿਆਂ ਨੂੰ ਟਿਕਟ ਦੇਣ ਬਾਰੇ ਕੀਤੀਆਂ ਟਿੱਪਣੀਆਂ ਦੇ ਕਾਰਨ ਹੋਇਆ ਅਤੇ ਮਸਾਂ ਹੀ ਮਾਹੌਲ ਸ਼ਾਂਤ ਕੀਤਾ ਜਾ ਸਕਿਆ ਸੀ।