ਪੁਰਤਗਾਲ ਦੇ ਜੰਗਲਾਂ ਵਿੱਚ ਇੱਕੋ ਰਾਤ 60 ਥਾਈਂ ਅੱਗ ਲੱਗਣ ਨਾਲ 62 ਮੌਤਾਂ

fire in two forests fire in two forests 2
ਪਿਨੇਲਾ (ਪੁਰਤਗਾਲ), 18 ਜੂਨ, (ਪੋਸਟ ਬਿਊਰੋ)- ਕੇਂਦਰੀ ਪੁਰਤਗਾਲ ਦੇ ਜੰਗਲਾਂ ਵਿੱਚ ਬੀਤੀ ਇੱਕੋ ਰਾਤ ਦੌਰਾਨ 60 ਥਾਂਈਂ ਅੱਗ ਲੱਗਣ ਨਾਲ ਘੱਟੋ ਘੱਟ 62 ਜਣੇ ਮਾਰੇ ਗਏ ਅਤੇ 59 ਜ਼ਖ਼ਮੀ ਹੋਏ ਹਨ। ਸਰਕਾਰ ਦਾ ਕਹਿਣਾ ਹੈ ਬਹੁਤੇ ਲੋਕਾਂ ਦੀ ਮੌਤ ਕਾਰਾਂ ਵਿੱਚ ਸੜ ਜਾਣ ਦੇ ਕਾਰਨ ਹੋਈ ਹੈ।
ਕੋਇੰਬਰਾ ਤੋਂ ਕਰੀਬ 50 ਕਿਲੋਮੀਟਰ ਦੂਰ ਪੈਡਰੋਗਾਓ ਗਰੈਂਡੇ ਨਗਰ ਨਿਗਮ ਦੇ ਜੰਗਲ ਵਿੱਚ ਕੱਲ੍ਹ ਬਾਅਦ ਦੁਪਹਿਰ ਅੱਗ ਲੱਗੀ ਅਤੇ 160 ਫਾਇਰ ਬ੍ਰੀਗੇਡ ਗੱਡੀਆਂ ਅਤੇ 600 ਫਾਇਰ ਫਾਈਟਰਜ਼ ਨੂੰ ਅੱਗ ਬੁਝਾਉਣ ਲਈ ਭੇਜਿਆ ਗਿਆ ਸੀ, ਪਰ ਅੱਗ ਨੇ ਬਹੁਤ ਤੇਜ਼ੀ ਨਾਲ ਹੋਰ ਜੰਗਲਾਂ ਨੂੰ ਵੀ ਲਪੇਟ ਵਿੱਚ ਲੈ ਲਿਆ। ਲਿਸਬਨ ਦੇ ਨੇੜੇ ਸਿਵਲ ਪ੍ਰੋਟੈਕਸ਼ਨ ਹੈੱਡਕੁਆਰਟਰ ਵਿੱਚ ਪ੍ਰਧਾਨ ਮੰਤਰੀ ਐਨਤੋਨੀਓ ਕੋਸਤਾ ਨੇ ਕਿਹਾ, ‘ਮੰਦੇ ਭਾਗਾਂ ਨਾਲ ਜੰਗਲ ਨੂੰ ਅੱਗ ਲੱਗਣ ਦੀਆਂ ਪਿਛਲੇ ਸਾਲਾਂ ਦੀਆਂ ਘਟਨਾਵਾਂ ਵਿੱਚੋਂ ਸਭ ਤੋਂ ਖ਼ਤਰਨਾਕ ਘਟਨਾ ਇਹੋ ਜਾਪਦੀ ਹੈ। ਉਨ੍ਹਾਂ ਕਿਹਾ ਕਿ ‘ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਵੇਲੇ ਸਾਡੀ ਪਹਿਲ ਉਨ੍ਹਾਂ ਲੋਕਾਂ ਨੂੰ ਬਚਾਉਣ ਦੀ ਹੈ, ਜਿਹੜੇ ਹਾਲੇ ਵੀ ਖ਼ਤਰੇ ਵਿੱਚ ਹੋ ਸਕਦੇ ਹਨ।’ ਇਸ ਹਫ਼ਤੇ ਦੇ ਅੰਤ ਵਿੱਚ ਸਾਰੇ ਪੁਰਤਗਾਲ ਵਿੱਚ ਗਰਮੀ ਵਧੀ ਹੋਈ ਸੀ ਤੇ ਕਈ ਖੇਤਰਾਂ ਵਿੱਚ ਤਾਪਮਾਨ 40 ਡਿਗਰੀ ਤੋਂ ਉਪਰ ਸੀ। ਬੀਤੀ ਰਾਤ ਦੇਸ਼ ਦੇ ਜੰਗਲਾਂ ਵਿੱਚ 60 ਥਾਈਂ ਅੱਗ ਲੱਗੀ, ਜਿਸ ਉੱਤੇ ਕਾਬੂ ਪਾਉਣ ਲਈ 1700 ਫਾਇਰ ਫਾਈਟਰ ਲਾਏ ਗਏ ਹਨ।
ਪੁਰਤਗਾਲ ਦੇ ਹੋਮ ਸੈਕਟਰੀ ਜੌਰਜ ਗੋਮਜ਼ ਨੇ ਕਿਹਾ ਕਿ ਸੜਨ ਨਾਲ 57 ਜਣੇ ਮਾਰੇ ਗਏ ਤੇ ਘੱਟੋ ਘੱਟੋ 59 ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿੱਚ ਬਹੁਤੇ ਲੋਕ ਲੀਰੀਆ ਖੇਤਰ ਵਿੱਚ ਕਾਰਾਂ ਵਿੱਚ ਹੀ ਸੜ ਗਏ ਹਨ ਤੇ ਹਾਲੇ ਇਹ ਕਹਿਣਾ ਮੁਸ਼ਕਲ ਹੈ ਕਿ ਉਹ ਲੋਕ ਅੱਗ ਵਾਲਾ ਇਲਾਕਾ ਛੱਡ ਕੇ ਜਾ ਰਹੇ ਸਨ ਜਾਂ ਅਚਨਚੇਤ ਅੱਗ ਦੀ ਲਪੇਟ ਵਿੱਚ ਆ ਗਏ ਸਨ। ਅੱਗ ਨਾਲ ਵੱਡੀ ਗਿਣਤੀ ਪਿੰਡ ਪ੍ਰਭਾਵਿਤ ਹੋਏ ਹਨ ਤੇ ਮਕਾਨ ਖਾਲੀ ਕਰਵਾ ਕੇ ਲੋਕਾਂ ਨੂੰ ਨੇੜਲੇ ਸੁਰੱਖਿਅਤ ਇਲਾਕਿਆਂ ਵਿੱਚ ਪਹੁੰਚਾਇਆ ਗਿਆ ਹੈ।