ਪੀ ਸੀ ਲੀਡਰਸਿ਼ੱਪ ਉਮੀਦਵਾਰ ਕ੍ਰਿਸਟੀਨ ਈਲੀਅਟ ਵੱਲੋਂ ਬਰੈਂਪਟਨ ਵਿੱਚ ਸ਼ੁਰੂਆਤੀ ਰੈਲੀ

*ਭਾਟੀਆ, ਰਾਕੇਸ਼ ਜੋਸ਼ੀ, ਗੁਲਾਬ ਸੈਣੀ, ਬਜਾਜ, ਦੀਪਕ ਆਨੰਦ ਅਤੇ ਗਹੂਣੀਆ ਪ੍ਰਮੁੱਖ ਸਮਰਥਕ
ਬਰੈਂਪਟਨ ਪੋਸਟ ਬਿਉਰੋ: ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ੱਪ ਚੋਣ ਲਈ ਉਮੀਦਵਾਰ ਕ੍ਰਿਸਟੀਨ ਈਲੀਅਟ ਵੱਲੋਂ ਕੱਲ੍ਹ ਐਤਵਾਰ ਨੂੰ ਬਰੈਂਪਟਨ ਵਿੱਚ ਇੱਕ ਰੈਲੀ ਕੀਤੀ ਗਈ। ਸਿ਼ੰਗਾਰ ਬੈਂਕੁਇਟ ਹਾਲ ਵਿੱਚ ਆਯੋਜਿਤ ਇਸ ਰੈਲੀ ਵਿੱਚ 300 ਦੇ ਕਰੀਬ ਉਸਦੇ ਸਮਰੱਥਕਾਂ ਨੇ ਹਿੱਸਾ ਲਿਆ। ਲੋਕਲ ਕਮਿਊਨਿਟੀ ਦੇ ਆਗੂਆਂ ਵਿੱਚੋਂ ਸੰਜੇ ਕੁਮਾਰ ਭਾਟੀਆ, ਰਾਕੇਸ਼ ਜੋਸ਼ੀ, ਗੁਲਾਬ ਸੈਣੀ, ਬਜਾਜ, ਦੀਪਕ ਆਨੰਦ ਅਤੇ ਗਹੂਣੀਆਂ ਨੇ ਅੱਗੇ ਹੋ ਕੇ ਭੂਮਿਕਾ ਨਿਭਾਈ। ਰੈਲੀ ਵਿੱਚ ਸੱਭ ਤੋਂ ਪਹਿਲਾਂ ਸੰਜੇ ਭਾਟੀਆ ਨੇ ਸਟੇਜ ਤੋਂ ਐਮ ਪੀ ਪੀ ਈਲੀਅਟ ਲਈ ਹਮਾਇਤ ਦਾ ਐਲਾਨ ਕੀਤਾ। ਉਹਨਾਂ ਤੋਂ ਬਾਅਦ ਰਾਕੇਸ਼ ਜੋਸ਼ੀ ਨੇ ਬੀਬੀ ਈਲੀਅਟ ਦੀ ਸਖਸੀ਼ਅਤ ਬਾਰੇ ਗੱਲਬਾਤ ਕੀਤੀ। ਦੀਪਕ ਆਨੰਦ ਨੇ ਵੀ ਈਲੀਅਟ ਨੂੰ ਸਮਰੱਥਨ ਦੇਣ ਦੀ ਪੁਰਜ਼ੋਰ ਅਪੀਲ ਕੀਤੀ। ਗੁਲਾਬ ਸੈਣੀ ਨੇ ਕਿਹਾ ਕਿ ਕ੍ਰਿਸਟੀਨ ਈਲੀਅਟ ਦੇ ਮੁਕਾਬਲੇ ਖੜੇ ਦੂਜੇ ਦੋ ਉਮੀਦਵਾਰਾਂ ਡੱਗ ਫੋਰਡ ਅਤੇ ਕੈਰੋਲਿਨ ਮੁਰਲੋਨੀ ਕੋਲ ਤਾਂ ਐਮ ਪੀ ਪੀ ਹੋਣ ਦਾ ਵੀ ਅਨੁਭਵ ਨਹੀਂ ਹੈ ਜਿਸ ਕਾਰਨ ਉਹ ਪਾਰਟੀ ਨੂੰ ਸਹੀ ਲੀਡਰਸਿ਼ੱਪ ਦੇਣ ਦੇ ਹਾਲੇ ਯੋਗ ਨਹੀਂ ਹਨ।
ਬੀਬੀ ਈਲੀਅਟ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਸਦਾ ਨਿਸ਼ਾਨਾ ਕੈਥਲਿਨ ਵਿੱਨ ਦੀ ਲਿਬਰਲ ਸਰਕਾਰ ਨੂੰ ਹਰਾ ਕੇ ਉਂਟੇਰੀਓ ਵਾਸੀਆਂ ਨੂੰ ਇੱਕ ਪ੍ਰਭਾਵਸ਼ਾਲੀ ਅਤੇ ਸਾਫ ਸੁਥਰੀ ਸਰਕਾਰ ਪ੍ਰਦਾਨ ਕਰਨਾ ਹੈ। ਇਸ ਰੈਲੀ ਵਿੱਚ ਨਿੱਕ ਗਹੂਣੀਆ, ਗੁਰਸ਼ਰਨ ਬੌਬੀ ਸਿੱਧੂ ਅਤੇ ਰੌਨ ਚੱਠਾ ਸਮੇਤ ਸ਼ਾਮਿਲ ਸਨ।