ਪੀ ਵੀ ਸਿੰਧੂ ਦੀ ਸ਼ਾਨਦਾਰ ਪ੍ਰਾਪਤੀ, ਕੋਰੀਆ ਓਪਨ ਸੁਪਰ ਸੀਰੀਜ਼ ਦਾ ਖਿਤਾਬ ਜਿੱਤਿਆ

pv sindhu
* ਜਪਾਨੀ ਸ਼ਟਲਰ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਹਾਰਨ ਦਾ ਬਦਲਾ ਲਿਆ
ਸਿਓਲ, 17 ਸਤੰਬਰ, (ਪੋਸਟ ਬਿਊਰੋ)- ਪਿਛਲੇ ਉਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਸ਼ਟਲਰ ਪੀ ਵੀ ਸਿੰਧੂ ਨੇ ਅੱਜ ਜਾਪਾਨ ਦੀ ਵਿਸ਼ਵ ਚੈਂਪੀਅਨ ਖਿਡਾਰਨ ਨੋਜ਼ੋਮੀ ਓਕੂਹਾਰਾ ਨੂੰ ਰੁਮਾਂਚਕ ਫਾਈਨਲ ਮੁਕਾਬਲੇ ਵਿੱਚ ਹਰਾ ਕੇ ਕੋਰੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲ ਦਾ ਖ਼ਿਤਾਬ ਜਿੱਤ ਲਿਆ ਤੇ ਇਸ ਦੇ ਨਾਲ ਹੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਏਸੇ ਜਾਪਾਨੀ ਖਿਡਾਰਨ ਤੋਂ ਹੋਈ ਹਾਰ ਬਦਲਾ ਵੀ ਲੈ ਲਿਆ ਹੈ।
22 ਸਾਲਾ ਪੀ ਵੀ ਸਿੰਧੂ ਨੇ ਛੇ ਲੱਖ ਡਾਲਰ ਦੇ ਇਨਾਮ ਵਾਲੇ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਅੱਠਵਾਂ ਦਰਜਾ ਪ੍ਰਾਪਤ ਜਪਾਨੀ ਖਿਡਾਰਨ ਓਕੂਹਾਰਾ ਨੂੰ ਇੱਕ ਘੰਟਾ 23 ਮਿੰਟ ਚੱਲੇ ਮੈਚ ਦੌਰਾਨ 22-20, 11-21 ਅਤੇ 20-18 ਨਾਲ ਮਾਤ ਦਿੱਤੀ। ਪਿਛਲੇ ਮਹੀਨੇ ਗਲਾਸਗੋ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਬੇਹੱਦ ਰੁਮਾਂਚਕ ਮੁਕਾਬਲੇ ਵਿੱਚ ਓਕੂਹਾਰਾ ਤੋਂ ਪੀ ਵੀ ਸਿੰਧੂ ਹਾਰ ਗਈ ਸੀ। ਅੱਜ ਦੇ ਮੈਚ ਨੂੰ ਮਾਹਰਾਂ ਨੇ ਸਰਬ ਉੱਤਮ ਮੈਚਾਂ ਵਿੱਚੋਂ ਇੱਕ ਕਰਾਰ ਦਿੱਤਾ ਸੀ। ਇਸ ਮੈਚ ਦੇ ਨਾਲ ਪੀ ਵੀ ਸਿੰਧੂ ਨੇ ਜਪਾਨੀ ਖਿਡਾਰਨ ਤੋਂ ਬਦਲਾ ਲੈ ਲਿਆ ਅਤੇ ਕੋਰੀਆ ਓਪਨ ਸੁਪਰ ਸੀਰੀਜ਼ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ। ਇੱਕੋ ਮਹੀਨੇ ਵਿੱਚ ਦੂਸਰੀ ਵਾਰੀ ਫਾਈਨਲ ਵਿੱਚ ਆਹਮੋ ਸਾਹਮਣੇ ਹੋਣ ਕਾਰਨ ਦੋਵਾਂ ਦੇ ਫਿਰ ਤੋਂ ਰੁਮਾਂਚਕ ਮੈਚ ਵਿੱਚ ਫਸਣ ਦੀ ਆਸ ਕੀਤੀ ਜਾ ਰਹੀ ਸੀ ਅਤੇ ਅੱਜ ਦੇ ਫਾਈਨਲ ਵਿੱਚ ਸਚਮੁੱਚ ਵੀ ਵਿਸ਼ਵ ਚੈਂਪੀਅਨਸ਼ਿਪ ਵਾਂਗ ਹੀ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਸਿੰਧੂ ਨੇ ਜਜ਼ਬੇ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦੇ ਹੋਏ ਆਪਣੇ ਕਰੀਅਰ ਦਾ ਤੀਜਾ ਸੁਪਰ ਸੀਰੀਜ਼ ਖ਼ਿਤਾਬ ਜਿੱਤਿਆ ਹੈ।
ਸੰਸਾਰ ਭਰ ਵਿੱਚ ਚੌਥੇ ਨੰਬਰ ਦੀ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਨੇ 2016 ਵਿੱਚ ਚਾਈਨਾ ਸੁਪਰ ਸੀਰੀਜ਼ ਪ੍ਰੀਮੀਅਰ ਅਤੇ ਇੰਡੀਅਨ ਓਪਨ ਸੁਪਰ ਸੀਰੀਜ਼ ਜਿੱਤੀ ਸੀ। ਉਸ ਨੇ ਓਕੂਹਾਰਾ ਦਾ ਆਸਟਰੇਲੀਆਈ ਓਪਨ ਤੇ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਲਗਾਤਾਰ ਤੀਜਾ ਖ਼ਿਤਾਬ ਜਿੱਤਣ ਦਾ ਸੁਪਨਾ ਵੀ ਪੂਰਾ ਨਹੀਂ ਹੋਣ ਦਿੱਤਾ। ਇਸ ਜਿੱਤ ਦੇ ਨਾਲ ਪੀ ਵੀ ਸਿੰਧੂ ਨੇ ਓਕੂਹਾਰਾ ਦੇ ਖ਼ਿਲਾਫ਼ ਆਪਣੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ। ਦੋਵਾਂ ਖਿਡਾਰਨਾਂ ਨੇ ਹੁਣ ਤੱਕ ਇੱਕ-ਦੂਸਰੇ ਖ਼ਿਲਾਫ਼ ਅੱਠ ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਚਾਰ-ਚਾਰ ਵਿੱਚ ਉਨ੍ਹਾਂ ਨੇ ਜਿੱਤ ਦਰਜ ਕੀਤੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਨੂੰ ਕੋਰੀਆ ਓਪਨ ਸੁਪਰ ਸੀਰੀਜ਼ ਜਿੱਤਣ ਦੇ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ, ‘ਕੋਰੀਆ ਓਪਨ ਸੁਪਰ ਸੀਰੀਜ਼ ਜਿੱਤਣ ਲਈ ਸਿੰਧੂ ਨੂੰ ਵਧਾਈ। ਭਾਰਤ ਨੂੰ ਉਸ ਦੀ ਪ੍ਰਾਪਤੀ ਉੱਤੇ ਮਾਣ ਹੈ: ਪ੍ਰਧਾਨ ਮੰਤਰੀ।’ ਤੇਂਦੁਲਕਰ ਨੇ ਟਵੀਟ ਕੀਤਾ, ‘ਤੁਸੀਂ ਖੁਦ ਉੱਤੇ ਭਰੋਸਾ ਰੱਖਿਆ ਤੇ ਤੁਸੀਂ ਸਾਰੇ ਦੇਸ਼ ਲਈ ਪ੍ਰੇਰਨਾ ਬਣੇ।’