ਪੀ ਡਬਲਯੂ ਡੀ ਘਪਲੇ ਵਿੱਚ ਕੇਜਰੀਵਾਲ ਦਾ ਰਿਸ਼ਤੇਦਾਰ ਗ੍ਰਿਫਤਾਰ


ਨਵੀਂ ਦਿੱਲੀ, 11 ਮਈ (ਪੋਸਟ ਬਿਊਰੋ)- ਭਿ੍ਰਸ਼ਟਾਚਾਰ ਵਿਰੋਧੀ ਇਕਾਈ ਨੇ ਪੀ ਡਬਲਯੂ ਡੀ ਘਪਲੇ ਦੇ ਸੰਬੰਧ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇੱਕ ਰਿਸ਼ਤੇਦਾਰ ਨੂੰ ਕੱਲ੍ਹ ਗ੍ਰਿਫਤਾਰ ਕੀਤਾ।
ਏ ਸੀ ਬੀ ਦੇ ਮੁਖੀ ਅਰਵਿੰਦ ਦੀਪ ਨੇ ਦੱਸਿਆ ਕਿ ਕੇਜਰੀਵਾਲ ਦੇ ਸਾਂਢੂ ਦੇ ਪੁੱਤਰ ਵਿਨੇ ਬਾਂਸਲ ਨੂੰ ਕੱਲ੍ਹ ਸਵੇਰੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਏ ਸੀ ਬੀ ਨੇ ਪਿਛਲੇ ਸਾਲ ਨੂੰ ਮਈ ਨੂੰ ਤਿੰਨ ਐੱਫ ਆਈ ਆਰਜ਼ ਦਰਜ ਕੀਤੀਆਂ ਸਨ। ਇਨ੍ਹਾਂ ਵਿੱਚੋਂ ਇੱਕ ਐੱਫ ਆਈ ਆਰ ਸੁਰਿੰਦਰ ਬਾਂਸਲ ਵੱਲੋਂ ਚਲਾਈ ਜਾ ਰਹੀ ਕੰਪਨੀ ਦੇ ਵਿਰੁੱਧ ਵੀ ਦਰਜ ਹੋਈ ਸੀ। ਸੁਰਿੰਦਰ ਬਾਂਸਲ ਮੁੱਖ ਮੰਤਰੀ ਦੇ ਸਾਂਢੂ ਹਨ। ਐੱਫ ਆਈ ਆਰ ਰੇਣੂ ਕੰਸਟ੍ਰਕਸ਼ਨ (ਬਾਂਸਲ, ਕਮਲ ਸਿੰਘ ਅਤੇ ਪਵਨ ਕੁਮਾਰ ਦੀ ਮਾਲਕੀ ਵਾਲੀ) ਸਣੇ ਤਿੰਨ ਕੰਪਨੀਆਂ ਦੇ ਵਿਰੁੱਧ ਦਰਜ ਹੋਈ ਸੀ। ਇੱਕ ਸ਼ਿਕਾਇਤ ਵਿੱਚ ਰੋਡਜ਼ ਐਂਟੀ ਕੁਰੱਪਸ਼ਨ ਆਰਗੇਨਾਈਜ਼ੇਸ਼ਨ (ਆਰ ਏ ਸੀ ਓ) ਦੇ ਮੋਢੀ ਰਾਹੁਲ ਸ਼ਰਮਾ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਅਤੇ ਪੀ ਡਬਲਯੂ ਮੰਤਰੀ ਸਤਿਯੇਂਦਰ ਜੈਨ ਨੇ ਬਾਂਸਲ ਨੂੰ ਠੇਕਾ ਦੇਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ।