ਪੀ ਏ ਪੀ ਕੰਪਲੈਕਸ ਵਿੱਚ ਵਿੱਚ ਸ਼ਰਾਬ ਵੇਚਣ ਵਾਲਾ ਥਾਣੇਦਾਰ ਕਾਬੂ

arrested
ਜਲੰਧਰ ਛਾਉਣੀ, 29 ਸਤੰਬਰ (ਪੋਸਟ ਬਿਊਰੋ)- ਕੈਂਟ ਪੁਲਸ ਨੇ ਪੀ ਏ ਪੀ ਕੰਪਲੈਕਸ ਵਿੱਚੋਂ ਏ ਐੱਸ ਆਈ ਜਸਪਾਲ ਸਿੰਘ ਨੂੰ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ਦੀ ਕਾਰ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ ਨੌਂ ਬੋਤਲਾਂ ਮਿਲੀਆਂ ਹਨ। ਦੋਸ਼ੀ ਥਾਣੇਦਾਰ ਸੀ ਆਈ ਡੀ ਜ਼ੋਨਲ ਵਿੱਚ ਤਾਇਨਾਤ ਸੀ। ਉਹ 1994 ਵਿੱਚ ਸਿਪਾਹੀ ਭਰਤੀ ਹੋਇਆ ਸੀ ਅਤੇ ਪੀ ਏ ਪੀ ਵਿੱਚ ਪਰਵਾਰ ਸਮੇਤ ਰਹਿ ਰਿਹਾ ਸੀ। ਇਹ ਕਾਰਵਾਈ ਪੀ ਏ ਪੀ ਦੇ ਸਕਿਓਰਿਟੀ ਡੀ ਐੱਸ ਪੀ ਤਰਸੇਮ ਸਿੰਘ ਨੇ ਖੁਦ ਛਾਪਾ ਮਾਰ ਕੇ ਕਰਵਾਈ ਹੈ।
ਮਿਲੀ ਜਾਣਕਾਰੀ ਅਨੁਸਾਰ ਜਾਂਚ ਵਿੱਚ ਪਤਾ ਲੱਗਾ ਕਿ ਉਹ ਪਿਛਲੇ ਚਾਰ ਮਹੀਨੇ ਤੋਂ ਪੀ ਏ ਪੀ ਕੰਪਲੈਕਸ ਵਿੱਚ ਚੌਥਾ ਦਰਜਾ ਅਤੇ ਟਰੇਨੀ ਮੁਲਾਜ਼ਮਾਂ ਨੂੰ ਮਹਿੰਗੇ ਮੁੱਲ ਨਾਜਾਇਜ਼ ਸ਼ਰਾਬ ਵੇਚ ਰਿਹਾ ਸੀ। ਐੱਸ ਐੱਚ ਓ ਕੈਂਟ ਰਾਮਪਾਲ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਟਾਂਡਾ ਥਾਣੇ ਦੇ ਮੈਨੀ ਪਿੰਡ ਦਾ ਜਸਪਾਲ ਸਿੰਘ ਸੀ ਆਈ ਡੀ ਜਲੰਧਰ ਜ਼ੋਨ ਦਫਤਰ ਵਿੱਚ ਤਾਇਨਾਤ ਹੈ। ਪਿਛਲੇ ਸਾਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਐਲਾਨ ਪਿੱਛੋਂ ਉਸ ਨੂੰ ਲੋਕਲ ਰੈਂਕ ਨਾਲ ਏ ਐੱਸ ਆਈ ਬਣਾਇਆ ਗਿਆ ਸੀ। ਪੁੱਛਗਿੱਛ ਵਿੱਚ ਉਸ ਨੇ ਮੰਨਿਆ ਕਿ ਉਹ ਚਾਰ ਮਹੀਨੇ ਤੋਂ ਨਾਜਾਇਜ਼ ਸ਼ਰਾਬ ਵੇਚ ਰਿਹਾ ਸੀ। ਉਹ ਆਪਣੀ ਸੈਂਟਰੋ ਕਾਰ ਵਿੱਚ ਬੇਗੋਵਾਲ ਤੋਂ ਸ਼ਰਾਬ ਖਰੀਦ ਕੇ ਲਿਆਉਂਦਾ ਸੀ। ਵਰਦੀ ਹੋਣ ਦੇ ਕਾਰਨ ਉਸ ਨੂੰ ਕੋਈ ਰੋਕਦਾ ਨਹੀਂ ਸੀ। ਟਰੇਨੀ ਮੁਲਾਜ਼ਮਾਂ ਨੂੰ ਪੀ ਏ ਪੀ ਕੰਪਲੈਕਸ ਦੇ ਬਾਹਰ ਨਹੀਂ ਜਾਣ ਦਿੱਤਾ ਜਾਂਦਾ। ਇਸ ਕਾਰਨ ਜਸਪਾਲ ਉਨ੍ਹਾਂ ਤੋਂ ਮਨਮਰਜ਼ੀ ਦੇ ਪੈਸੇ ਵਸੂਲਦਾ ਸੀ। ਪੀ ਏ ਪੀ ਦੇ ਸਕਿਓਰਿਟੀ ਇੰਚਾਰਜ ਡੀ ਐੱਸ ਪੀ ਤਰਸੇਮ ਸਿੰਘ ਨੇ ਪਿਛਲੇ ਦਿਨੀਂ ਸ਼ਰਾਬ ਦੀਆਂ ਬੋਤਲਾਂ ਦੀ ਆਪਣੇ ਤੌਰ ਉੱਤੇ ਜਾਂਚ ਕਰਵਾਈ ਸੀ। ਇਸ ਦੇ ਬਾਅਦ ਕੈਂਟ ਪੁਲਸ ਦੇ ਨਾਲ ਪਹਿਲਾਂ ਜਸਪਾਲ ਸਿੰਘ ਦੇ ਕੁਆਰਟਰ ਦੀ ਤਲਾਸ਼ੀ ਲਈ, ਜਿੱਥੋਂ ਕੁਝ ਨਹੀਂ ਮਿਲਿਆ, ਪਰ ਉਸ ਦੀ ਕਾਰ ਦੀ ਡਿੱਗੀ ਵਿੱਚੋਂ ਸ਼ਰਾਬ ਦੀਆਂ ਨੌਂ ਬੋਤਲਾਂ ਮਿਲ ਗਈਆਂ।