ਪੀਸੀ ਪਾਰਟੀ ਨੇ ਬ੍ਰਾਊਨ ਦੇ ਕੌਂਡੋ ਦਾ ਕਿਰਾਇਆ ਦੇਣਾ ਕੀਤਾ ਬੰਦ!

ਓਨਟਾਰੀਓ, 9 ਫਰਵਰੀ (ਪੋਸਟ ਬਿਊਰੋ) : ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਸਾਬਕਾ ਆਗੂ ਪੈਟਰਿਕ ਬ੍ਰਾਊਨ ਦੇ ਪੌਸ ਬੇਅ ਸਟਰੀਟ ਕੌਂਡੋ ਦਾ ਕਿਰਾਇਆ ਦੇਣਾ ਬੰਦ ਕਰ ਦਿੱਤਾ ਹੈ। ਇਹ ਸੱਭ ਸਾਬਕਾ ਆਗੂ ਵੱਲੋਂ ਜਿਨਸੀ ਸੋਸਣ ਦੇ ਲੱਗੇ ਦੋਸਾਂ ਤੋਂ ਬਾਅਦ ਅਸਤੀਫਾ ਦਿੱਤੇ ਜਾਣ ਮਗਰੋਂ ਕੀਤਾ ਗਿਆ।
ਇੱਕ ਈਮੇਲ ਵਿੱਚ ਵੀਰਵਾਰ ਨੂੰ ਬ੍ਰਾਊਨ ਦੇ ਸਿਮਕੋਏ ਨੌਰਥ ਕੌਂਸਟੀਚੁਐਂਸੀ ਆਫਿਸ ਦੀ ਸੀਨੀਅਰ ਸਹਾਇਕ ਹੈਦਰ ਮੈਕਾਰਥੀ ਨੇ ਆਖਿਆ ਕਿ ਪਾਰਟੀ ਹੁਣ ਇਸ ਘਰ ਲਈ ਅਦਾਇਗੀ ਨਹੀਂ ਕਰੇਗੀ। ਬ੍ਰਾਊਨ ਨੂੰ ਹੁਣ ਟੈਕਸਦਾਤਾਵਾਂ ਵੱਲੋਂ ਐਮਪੀਪੀ ਲਈ ਮਿਲਣ ਵਾਲੇ ਮਹੀਨਾਵਾਰੀ ਭੱਤੇ, ਜੋ ਕਿ 1,876.50 ਡਾਲਰ ਬਣਦਾ ਹੈ, ਵਿੱਚ ਇਸ ਦਾ ਕਿਰਾਇਆ ਦੇਣਾ ਹੋਵੇਗਾ। ਇਸ ਇਲਾਕੇ ਵਿੱਚ ਸੂਈਟਸ ਦਾ ਕਿਰਾਇਆ 3000 ਡਾਲਰ ਪ੍ਰਤੀ ਮਹੀਨਾ ਵੀ ਹੋ ਸਕਦਾ ਹੈ।
ਇਹ ਫੈਸਲਾ ਪੀਸੀ ਪਾਰਟੀ ਦੇ ਅੰਤਰਿਮ ਆਗੂ ਵਿੱਕ ਫੈਡੇਲੀ ਵੱਲੋਂ ਪਾਰਟੀ ਵਿੱਚ ਹਰ ਬੁਰੇ ਸਖਸ ਨੂੰ ਬਾਹਰ ਕਰਨ ਦੇ ਪ੍ਰਗਟਾਏ ਤਹੱਈਏ ਤੋਂ ਬਾਅਦ ਹੀ ਲਿਆ ਗਿਆ। ਉਨ੍ਹਾਂ ਵੱਲੋਂ ਬ੍ਰਾਊਨ ਦੇ ਯੁੱਗ ਵਿੱਚ ਕੀਤੇ ਗਏ ਖਰਚਿਆਂ ਦੀ ਜਾਂਚ ਵੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪਾਰਟੀ ਦੀ ਮੈਂਬਰਸਿਪ ਲਿਸਟ ਦਾ ਆਡਿਟ ਵੀ ਕਰਵਾਇਆ ਜਾ ਰਿਹਾ ਹੈ।