ਪੀਸਕੀਪਿੰਗ ਲਈ ਕੈਨੇਡਾ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਦੇਣ ਦਾ ਸੰਯੁਕਤ ਰਾਸ਼ਟਰ ਨੇ ਕੀਤਾ ਇਸ਼ਾਰਾ


ਵੈਨਕੂਵਰ, 14 ਨਵੰਬਰ (ਪੋਸਟ ਬਿਊਰੋ) : ਪੀਸਕੀਪਿੰਗ ਲਈ ਕੈਨੇਡਾ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਦੇਣ ਦਾ ਸੰਯੁਕਤ ਰਾਸ਼ਟਰ ਵੱਲੋਂ ਇਸ਼ਾਰਾ ਕਰ ਦਿੱਤਾ ਗਿਆ ਹੈ। ਕੈਨੇਡਾ ਨੇ ਇੱਕ ਵੱਡੇ ਮਿਸ਼ਨ ਵਿੱਚ ਸ਼ਮੂਲੀਅਤ ਕਰਨ ਦੀ ਥਾਂ ਕਈ ਤਰ੍ਹਾਂ ਦਾ ਨਿੱਕਾ ਮੋਟਾ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ।
ਭਾਵੇਂ ਅੰਸ਼ਕ ਤੌਰ ਉੱਤੇ ਹੀ ਸਹੀ ਪਰ ਟਰੂਡੋ ਸਰਕਾਰ ਆਖਿਰਕਾਰ ਸੰਯੁਕਤ ਰਾਸ਼ਟਰ ਦੀਆਂ ਪੀਸਕੀਪਿੰਗ ਕੋਸਿ਼ਸ਼ਾਂ ਵਿੱਚ ਪਾਏ ਜਾਣ ਵਾਲੇ ਆਪਣੇ ਯੋਗਦਾਨ ਤੋਂ ਪਰਦਾ ਹਟਾਉਣ ਲਈ ਰਾਜ਼ੀ ਤਾਂ ਹੋਈ। ਲਿਬਰਲਾਂ ਵੱਲੋਂ ਇੱਕ ਸਾਲ ਪਹਿਲਾਂ 600 ਕੈਨੇਡੀਅਨ ਫੌਜੀ ਟੁਕੜੀਆਂ ਤੇ 150 ਪੁਲਿਸ ਅਧਿਕਾਰੀ ਭੇਜਣ ਦਾ ਵਾਅਦਾ ਕੀਤਾ ਗਿਆ ਸੀ। ਭਰੋਸੇਯੋਗ ਸੂਤਰਾਂ ਅਨੁਸਾਰ ਹੁਣ ਇੱਕ ਮਿਸ਼ਨ ਉੱਤੇ ਧਿਆਨ ਕੇਂਦਰਿਤ ਕਰਨ ਦੀ ਥਾਂ ਕੈਨੇਡਾ ਵੱਲੋਂ ਹੈਲੀਕਾਪਟਰਜ਼, ਟਰੇਨਰਜ਼ ਤੇ ਵੱਖ ਵੱਖ ਕਈ ਤਰ੍ਹਾਂ ਦੇ ਮਿਸ਼ਨਜ਼ ਲਈ ਸਾਜ਼ੋ ਸਮਾਨ ਮੁਹੱਈਆ ਕਰਵਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।
ਇੱਕ ਇੰਟਰਵਿਊ ਵਿੱਚ ਸੰਯੁਕਤ ਰਾਸ਼ਟਰ ਦੇ ਅੰਡਰਸੈਕਟੀ ਜਨਰਲ ਨੇ ਆਖਿਆ ਕਿ ਭਾਵੇਂ ਇਸ ਪਹੁੰਚ ਨੂੰ ਬਹੁਤਾ ਕਾਰਗਰ ਨਹੀਂ ਮੰਨਿਆ ਜਾ ਸਕਦਾ ਪਰ ਕੈਨੇਡਾ ਵਰਗੇ ਵਿਕਸਤ ਮੁਲਕ ਵੱਲੋਂ ਜਦੋਂ ਇਹੋ ਜਿਹੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਉਹ ਵੀ ਠੀਕ ਹੀ ਲੱਗਦੀ ਹੈ। ਫੀਲਡ ਵਿੱਚ ਪੀਸਕੀਪਿੰਗ ਮਿਸ਼ਨ ਦੀ ਰੋਜ਼ਾਨਾ ਕਾਰਵਾਈ ਦੀ ਨਿਗਰਾਨੀ ਕਰਨ ਵਾਲੇ ਅਤੁਲ ਖਰੇ ਨੇ ਦੱਸਿਆ ਕਿ ਕਈ ਮਿਸ਼ਨ ਲੰਮਾਂ ਸਮਾਂ ਚੱਲਣ ਵਾਲੇ ਨਹੀਂ ਹੁੰਦੇ। ਅਜਿਹੇ ਮਾਮਲੇ ਵਿੱਚ ਕੈਨੇਡਾ ਬਿਹਤਰੀਨ ਸਾਜੋ਼ ਸਮਾਨ ਤੇ ਕਰਮਚਾਰੀ ਮੁਹੱਈਆ ਕਰਵਾਕੇ ਵਧੀਆ ਯੋਗਦਾਨ ਪਾ ਸਕਦਾ ਹੈ।
ਖਰੇ ਨੇ ਆਖਿਆ ਕਿ ਉੱਚ ਤਕਨਾਲੋਜੀ ਦੇ ਖੇਤਰਾਂ, ਇੰਜੀਨੀਅਰਾਂ, ਹਸਪਤਾਲਾਂ ਤੇ ਡਾਕਟਰਾਂ ਤੋਂ ਇਲਾਵਾ ਸਟਰੈਟੇਜਿਕ ਏਅਰਲਿਫਟ ਤੇ ਟੈਕਟੀਕਲ ਏਅਰਲਿਫਟ ਦੇ ਮਾਮਲੇ ਵਿੱਚ ਵਿਕਸਤ ਦੇਸ਼ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਐਨੀ ਸਮਰੱਥਾ ਹੁੰਦੀ ਹੈ। ਫਿਲੀਪੀਨਜ਼ ਦੇ ਦੌਰੇ ਉੱਤੇ ਗਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਆਖਿਆ ਕਿ ਕੈਨੇਡਾ ਯਕੀਨੀ ਬਣਾਵੇਗਾ ਕਿ ਉਸ ਦੇ ਯੋਗਦਾਨ ਦਾ ਸਾਰਿਆਂ ਉੱਤੇ ਸਕਾਰਾਤਮਕ ਪ੍ਰਭਾਵ ਪਵੇ।