ਪੀਲ ਵਿੱਚ ਮਕਾਨਾਂ ਦੀ ਥੋੜ ਮਾਰੂ ਪਹੁੰਚ ਜਾਰੀ

zzzzzzzz-300x1111ਪੀਲ ਰੀਜਨਲ ਕਾਉਂਸਲ ਵੱਲੋਂ ਕੱਲ ਇੱਕ ਫੈਸਲਾ ਕਰਕੇ ਉਸ ਸਹੂਲਤ ਦਾ ਖਾਤਮਾ ਕਰ ਦਿੱਤਾ ਗਿਆ ਹੈ ਜਿਸ ਤਹਿਤ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਪਹਿਲਾ ਮਕਾਨ ਖਰੀਦਣ ਲਈ ਡਾਊਨ ਪੇਅਮੈਂਟ ਦੇਣ ਵਾਸਤੇ 20 ਹਜ਼ਾਰ ਡਾਲਰ ਦਾ ਲੋਨ ਦਿੱਤਾ ਜਾਂਦਾ ਸੀ। 2008 ਵਿੱਚ ਆਰੰਭ ਕੀਤੇ ਗਏ ਇਸ ਪ੍ਰੋਗਰਾਮ ਤਹਿਤ 9.5 ਮਿਲੀਅਨ ਡਾਲਰ ਵੰਡੇ ਗਏ ਸਨ ਜਿਸ ਨਾਲ ਆਮ ਪਬਲਿਕ ਨੂੰ ਸਿਰਫ਼ ਮਕਾਨ ਖਰੀਦਣ ਵੇਲੇ ਮਦਦ ਹੀ ਨਹੀਂ ਸੀ ਮਿਲਦੀ ਸਗੋਂ ਮਕਾਨ ਖਰੀਦਣ ਵਾਸਤੇ ਇੱਕ ਖਵਾਹਿਸ਼ ਮਨ ਵਿੱਚ ਬਣੀ ਰਹਿੰਦੀ ਸੀ। ਰੀਜਨ ਦੇ ਇਸ ਸਾਲ ਦੇ ਬੱਜਟ ਵਿੱਚ 1.2 ਮਿਲੀਅਨ ਡਾਲਰ ਇਸ ਪ੍ਰੋਗਰਾਮ ਤਹਿਤ ਰੱਖੇ ਜਾਣੇ ਸੰਭਵ ਸਨ ਪਰ ਪੀਲ ਰੀਜਨਲ ਕਾਉਂਸਲਰਾਂ ਨੇ ਆਪਣੀ ਮੱਤ ਨਾਲੋਂ ਸਿਟੀ ਸਟਾਫ਼ ਦੀ ਗੱਲ ਨੂੰ ਵਧੇਰੇ ਅਮਲੀ ਅਤੇ ਚੰਗੀ ਸਮਝ ਕੇ ਇਸ ਪ੍ਰੋਗਰਾਮ ਦਾ ਭੋਗ ਪਾ ਦਿੱਤਾ ਹੈ। ਸਟਾਫ ਵੱਲੋਂ ਤਰਕ ਦਿੱਤਾ ਗਿਆ ਸੀ ਕਿ ਅੱਜ ਕੱਲ ਮਕਾਨਾਂ ਦੀਆਂ ਕੀਮਤਾਂ ਐਨੀਆਂ ਵੱਧ ਗਈਆਂ ਹਨ ਕਿ ਇਸ ਪ੍ਰੋਗਰਾਮ ਲਈ ਯੋਗ ਹੋਣ ਵਾਸਤੇ 3 ਲੱਖ 30 ਹਜ਼ਾਰ ਡਾਲਰ ਦਾ ਅਪਾਰਟਮੈਂਟ ਜਾਂ ਮਕਾਨ ਲੱਭਣਾ ਨਾਮੁਮਕਿਨ ਹੈ। ਗਰੀਬ ਨੂੰ ਗਰੀਬੀ ਦੀ ਹੋਰ ਮਾਰ ਮਾਰਨ ਦੀ ਸਪੱਸ਼ਟ ਉਦਾਹਰਣ ਹੈ ਇਹ ਪਹੁੰਚ।

ਹਾਲੇ ਇੱਕ ਹਫ਼ਤਾ ਪਹਿਲਾਂ ਹੋਈ ਕਾਉਂਸਲ ਦੀ ਮੀਟਿੰਗ ਵਿੱਚ ਰੀਜਨਲ ਕਾਉਂਸਲਰ ਕੈਰੋਲਿਨ ਪੈਰਿਸ਼ ਨੂੰ ਛੱਡ ਕੇ ਸਾਰੇ ਦੇ ਸਾਰੇ ਕਾਉਂਸਲਰ ਸਹਿਮਤ ਸਨ ਕਿ 20 ਹਜ਼ਾਰ ਡਾਲਰ ਦਾ ਲੋਨ ਦੇਣ ਦੀ ਸਹੂਲਤ ਨੂੰ ਜਾਰੀ ਰੱਖਣਾ ਬਹੁਤ ਚੰਗੀ ਗੱਲ ਹੈ। ਜੇਕਰ ਚੁਣੇ ਨੁਮਾਇੰਦਿਆਂ ਦੇ ਮਨ ਇੱਕ ਹਫ਼ਤੇ ਵਿੱਚ ‘ਯੂ ਟਰਨ’ ਮਾਰਦੇ ਹਨ ਤਾਂ ਆਮ ਆਦਮੀ ਕੀ ਕਰ ਸਕਦਾ ਹੈ? ਪੀਲ ਰੀਜਨ ਵਿੱਚ 17% ਅਜਿਹੇ ਲੋਕ ਹਨ ਜੋ ਗਰੀਬੀ ਦੀ ਰੇਖਾ ਤੋਂ ਥੱਲੇ ਵੱਸਦੇ ਹਨ। ਜੁਲਾਈ 2016 ਵਿੱਚ 12 ਹਜ਼ਾਰ 580 ਲੋਕ ਸਬਸਿਡੀ ਵਾਲੇ ਮਕਾਨ ਹਾਸਲ ਕਰਨ ਦੀ ਉਡੀਕ ਸੂਚੀ ਵਿੱਚ ਸ਼ਾਮਲ ਸਨ। ਇਸਦਾ ਅਰਥ ਹੈ ਕਿ ਜੇਕਰ ਮਕਾਨ ਲੈਣ ਲਈ ਕੋਈ ਪਰਿਵਾਰ ਅੱਜ ਲਾਈਨ ਵਿੱਚ ਲੱਗਿਆ ਹੈ ਤਾਂ ਉਸਨੂੰ ਸਰਕਾਰੀ ਸਬਸਿਡੀ ਵਾਲੇ ਮਕਾਨ ਵਿੱਚ ਰਹਿਣ ਲਈ 7 ਸਾਲ ਦੀ ਇੰਤਜ਼ਾਰ ਕਰਨੀ ਹੋਵੇਗੀ। ਸੁਆਲ ਹੈ ਕਿ ਜਿਸ ਵਿਅਕਤੀ ਨੂੰ ਅੱਜ ਮਕਾਨ ਦੀ ਲੋੜ ਹੈ, ਉਹ 7 ਸਾਲ ਤੱਕ ਕਿੱਥੇ ਗੁਜ਼ਰ ਕਰੇਗਾ ਅਤੇ 7 ਸਾਲ ਵਿੱਚ ਇਸ ਪਰਿਵਾਰ ਦਾ ਕੀ ਹਸ਼ਰ ਹੋ ਚੁੱਕਾ ਹੋਵੇਗਾ? ਹਰ ਸਾਲ 20 ਹਜ਼ਾਰ ਤੋਂ ਵੱਧ ਨਵੇਂ ਲੋਕ ਆ ਕੇ ਪੀਲ ਵਿੱਚ ਵੱਸਦੇ ਹਨ ਜਿਹਨਾਂ ਵਿੱਚੋਂ 80% ਤੋਂ ਵੱਧ ਨਵੇਂ ਪਰਵਾਸੀ ਹੁੰਦੇ ਹਨ। ਇਹਨਾਂ ਦੇ ਆਉਣ ਨਾਲ ਹਾਊਸਿੰਗ ਉੱਤੇ ਪਰੈਸ਼ਰ ਵੱਧਦਾ ਜਾ ਰਿਹਾ ਹੈ ਜਿਸਦਾ ਲਾਭ ਸਿਰਫ ਅਤੇ ਸਿਰਫ ਬਿਲਡਰਾਂ ਅਤੇ ਸਿਟੀ ਟੈਕਸਾਂ ਨੂੰ ਹੁੰਦਾ ਹੈ।

ਸਰਕਾਰੀ ਹਿਸਾਬ ਕਿਤਾਬ ਮੁਤਾਬਕ ਜਿਸ ਪਰਿਵਾਰ ਦੀ 30% ਤੋਂ ਵੱਧ ਆਮਦਨ ਰਿਹਾਇਸ਼ ਉੱਤੇ ਖਰਚ ਹੁੰਦੀ ਹੈ, ਉਸਨੂੰ ਸੁਤੰਤਰ ਰਿਹਾਇਸ਼ ਦਾ ਇੰਤਜ਼ਾਮ ਕਰਨਾ ਔਖਾ ਹੁੰਦਾ ਹੈ। ਜੇਕਰ ਪੰਜਾਬੀ ਕਮਿਉਨਿਟੀ ਦੀ ਗੱਲ ਕਰੀਏ ਤਾਂ ਬਹੁ-ਗਿਣਤੀ ਪਰਿਵਾਰ ਆਪਣੀ ਆਮਦਨ ਦਾ 50% ਤੋਂ ਵੀ ਵੱਧ ਹਿੱਸਾ ਮੌਰਗੇਜ ਵਿੱਚ ਪਾ ਕੇ ਆਪਣਾ ਮਕਾਨ ਖਰੀਦਣ ਨੂੰ ਤਰਜੀਹ ਦੇਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਸਿਰ ਉੱਤੇ ਛੱਤ ਤਾਂ ਹੁੰਦੀ ਹੈ ਪਰ ਜਿੰ਼ਦਗੀ ਦੀਆਂ ਲੋੜਾਂ ਖਾਸ ਕਰਕੇ ਬੱਚਿਆਂ ਦੀ ਸਖ਼ਸਿ਼ਅਤ ਵਿਕਾਸ ਦੀਆਂ ਗਤੀਵਿਧੀਆਂ, ਸਿਹਤ ਵਾਸਤੇ ਸਹੀ ਭੋਜਨ, ਬੁਨਿਆਦੀ ਮਨੋਰੰਜਨ ਦਾ ਮੁਕਾਮ ਅਤੇ ਬਜ਼ੁਰਗਾਂ ਦੀ ਸੰਭਾਲ ਦਾ ਚਿੱਤ ਚੇਤਾ ਹੀ ਭੁੱਲਿਆ ਰਹਿੰਦਾ ਹੈ। ਇੱਕ ਮਕਾਨ ਵਿੱਚ ਡੇਢ ਤੋਂ ਦੋ ਗੁਣਾ ਵੱਧ ਲੋਕਾਂ ਦਾ ਰਿਹਾਇਸ਼ ਆਮ ਗੱਲ ਹੈ, ਬੇਸਮੈਂਟਾਂ ਭਰੀਆਂ ਪਈਆਂ ਹਨ। ਇੰਟਰਨੈਸ਼ਨਲ ਸਟੂਡੈਂਟਾਂ ਵੱਲੋਂ ਕਿਰਾਏ ਉੱਤੇ ਲਏ ਜਾਂਦੇ ਮਕਾਨਾਂ ਵਿੱਚ ਨਫ਼ਰੀ ਮਨੁੱਖੀ ਲੋੜ ਤੋਂ ਕਿਤੇ ਵੱਧ ਹੁੰਦੀ ਹੈ।

ਮਕਾਨਾਂ ਦੀ ਥੋੜ ਕਾਰਣ ਪੀਲ ਰੀਜਨ ਵਿੱਚ ਸਥਿਤੀ ਸੱਚਮੁੱਚ ਬਹੁਤ ਨਾਜ਼ੁਕ ਹੈ ਜਿਸਦਾ ਵਿਸਫੋਟਕ ਨਤੀਜਾ ਉਸ ਵੇਲੇ ਸਾਹਮਣੇ ਆਵੇਗਾ ਜਦੋਂ ਸਿਟੀ ਅਧਿਕਾਰੀ ਗੈਰਕਨੂੰਨੀ ਬਣੀਆਂ ਬੇਸਮੈਂਟਾਂ ਉੱਤੇ ਹਮਲੇ ਕਰਨਗੇ। ਇੱਕਲੇ ਬਰੈਂਪਟਨ ਵਿੱਚ 30 ਹਜ਼ਾਰ ਤੋਂ ਵੱਧ ਗੈਰਕਨੂੰਨੀ ਬੇਸਮੈਂਟਾਂ ਹਨ ਜਦੋਂ ਕਿ ਲੀਗਲ ਤਾਂ ਮਹਿਜ਼ 3000 ਹੀ ਹਨ। ਸਿਟੀ ਅਧਿਕਾਰੀ ਅਤੇ ਚੁਣੇ ਨੁਮਾਇੰਦੇ ਇੱਕ ਕਿਸਮ ਨਾਲ ਬਰੂਦ ਉੱਤੇ ਸੁੱਤੇ ਪਏ ਹਨ ਜਿਸਦਾ ਫੱਟਣਾ ਭਿਆਨਕ ਹੋਵੇਗਾ।