ਪਿੰਡ ਬਾਦਲ ਵਿੱਚ ਬਾਦਲਾਂ ਤੇ ਮਜੀਠੀਆ ਦੀ ਗੁਪਤ ਮੀਟਿੰਗ, ਅਫਸਰ ਸੁੱਕਣੇ ਪਏ ਰਹੇ


* ਬਰਗਾੜੀ ਕਾਂਡ ਉੱਤੇ ਵਿਚਾਰ ਕਰਨ ਬਾਰੇ ਚਰਚਾ
ਬਠਿੰਡਾ, 13 ਜੂਨ (ਪੋਸਟ ਬਿਊਰੋ)- ਪਿੰਡ ਬਾਦਲ ਵਿੱਚ ਕੱਲ੍ਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਇੱਕ ‘ਐਮਰਜੈਂਸੀ ਮੀਟਿੰਗ’ ਭੇਤ ਬਣ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਵਜ਼ੀਰ ਦਲਜੀਤ ਸਿੰਘ ਚੀਮਾ ਇਸ ਵਿਸ਼ੇਸ਼ ਮੀਟਿੰਗ ਦੇ ਲਈ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਪਿੰਡ ਬਾਦਲ ਪੁੱਜੇ ਸਨ ਅਤੇ ਇਸ ਅਚਨਚੇਤੀ ਗੁਪਤ ਗੇੜੇ ਤੋਂ ਸੀਨੀਅਰ ਅਕਾਲੀ ਆਗੂ ਅਣਜਾਣ ਹਨ। ਪੌਣੇ ਦੋ ਘੰਟੇ ਦੀ ਮੀਟਿੰਗ ਦਾ ਕੋਈ ਵੇਰਵਾ ਬਾਹਰ ਨਹੀਂ ਆ ਸਕਿਆ। ਜਦੋਂ ਇਹ ਮੀਟਿੰਗ ਹੋਈ, ਉਦੋਂ ਬਾਦਲ ਦੀ ਰਿਹਾਇਸ਼ ‘ਤੇ ਸਿਰਫ ਗਿਣਤੀ ਦੇ ਆਗੂ ਹੀ ਹਾਜ਼ਰ ਹੋਏ ਦੱਸੇ ਗਏ ਸਨ।
ਜਾਣਕਾਰ ਸੂਤਰ ਦੱਸਦੇ ਹਨ ਕਿ ਇਸ ਮੀਟਿੰਗ ਵਿੱਚ ਬਰਗਾੜੀ ਕਾਂਡ ਦੀ ਜਾਂਚ ਦੇ ਮਾਮਲੇ ਬਾਰੇ ਚਰਚਾ ਹੋਈ ਹੈ, ਪਰ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਸਿਆਸੀ ਹਲਕੇ ਇਕੋ ਸਮੇਂ ਵਿਸ਼ੇਸ਼ ਜਹਾਜ਼ ਉਤੇ ਪਿੰਡ ਬਾਦਲ ਪੁੱਜੇ ਸੀਨੀਅਰ ਆਗੂਆਂ ਦੇ ਗੇੜੇ ਤੋਂ ਹੈਰਾਨ ਹਨ। ਸੁਖਬੀਰ ਸਿੰਘ, ਬਿਕਰਮ ਸਿੰਘ ਮਜੀਠੀਆ ਤੇ ਦਲਜੀਤ ਸਿੰਘ ਚੀਮਾ ਇਕੋ ਗੱਡੀ ਵਿੱਚ ਬਠਿੰਡਾ ਦੇ ਹਵਾਈ ਅੱਡੇ ਤੋਂ ਪਿੰਡ ਬਾਦਲ ਵਿੱਚ ਸ਼ਾਮ ਛੇ ਵਜੇ ਪੁੱਜੇ। ਪਤਾ ਲੱਗਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੱਲ੍ਹ ਦਿਨ ਵੇਲੇ ਹਲਕਾ ਲੰਬੀ ਦੇ ਦੌਰੇ ਉੱਤੇ ਰਹੇ ਅਤੇ ਸ਼ਾਮ ਨੂੰ ਉਹ ਆਪਣੇ ਘਰ ਸਨ। ਸੂਤਰ ਦੱਸਦੇ ਹਨ ਕਿ ਸ਼ਾਮ ਨੂੰ 7.30 ਵਜੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਦਲਜੀਤ ਸਿੰਘ ਚੀਮਾ ਸੜਕੀ ਰਸਤੇ ਵਾਪਸ ਚੰਡੀਗੜ੍ਹ ਚਲੇ ਗਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਆਗੂ ਦਿੱਲੀ ਤੋਂ ਬਠਿੰਡੇ ਵਿਸ਼ੇਸ਼ ਜਹਾਜ਼ ਰਾਹੀਂ ਪੁੱਜੇ ਹਨ।
ਐਸ ਐਸ ਪੀ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਜੋ ਪੱਤਰ ਭੇਜਿਆ ਗਿਆ ਹੈ, ਉਸ ‘ਚ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਆਦਮਪੁਰ ਏਅਰਪੋਰਟ ਤੋਂ ਬਠਿੰਡਾ ਦੇ ਹਵਾਈ ਅੱਡੇ ‘ਤੇ ਪੁੱਜਣ ਬਾਰੇ ਲਿਖਿਆ ਹੈ। ਬਠਿੰਡਾ ਪੁਲਸ ਦੇ ਅਫਸਰ ਕੱਲ੍ਹ ਕਰੀਬ ਤਿੰਨ ਘੰਟੇ ਬਠਿੰਡਾ ਦੇ ਹਵਾਈ ਅੱਡੇ ‘ਤੇ ਸੁੱਕਣੇ ਪਏ ਰਹੇ ਸਨ ਅਤੇ ਉਨ੍ਹਾਂ ਦੋ ਐਸਕਾਰਟ ਅਤੇ ਦੋ ਪਾਇਲਟ ਗੱਡੀਆਂ ਵੀ ਵਿਰਕ ਕਲਾਂ ਵਿੱਚ ਹਵਾਈ ਅੱਡੇ ਉੱਤੇ ਭੇਜੀਆਂ ਸਨ। ਡੇਢ ਵਜੇ ਇਹ ਗੱਡੀਆਂ ਸਮੇਤ ਫੋਰਸ ਹਵਾਈ ਅੱਡੇ ਉੱਤੇ ਪੁੱਜ ਗਈਆਂ ਸਨ। ਥਾਣਾ ਸਦਰ ਦਾ ਮੁੱਖ ਅਫਸਰ ਅਤੇ ਸਬੰਧਤ ਡੀ ਐਸ ਪੀ ਕਰੀਬ ਦੋ ਵਜੇ ਹਵਾਈ ਅੱਡੇ ਕੋਲ ਪੁੱਜ ਗਏ ਸਨ। ਜਾਣਕਾਰ ਸੂਤਰ ਦੱਸਦੇ ਹਨ ਕਿ ਸੁਖਬੀਰ ਸਿੰਘ ਬਾਦਲ, ਮਜੀਠੀਆ ਤੇ ਡਾ. ਚੀਮਾ ਨੂੰ ਲੈ ਕੇ ਵਿਸ਼ੇਸ਼ ਪ੍ਰਾਈਵੇਟ ਜਹਾਜ਼ ਸ਼ਾਮ ਨੂੰ 5.20 ਵਜੇ ਪੁੱਜੇ। ਉਸ ਮਗਰੋਂ ਸੜਕੀ ਰਸਤੇ ਇਹ ਆਗੂ ਪਿੰਡ ਬਾਦਲ ਲਈ ਰਵਾਨਾ ਹੋਏ। ਮਜੀਠੀਆ ਨੇ ਖੁਦ ਗੱਡੀ ਚਲਾਈ।