ਪਿਸਤੌਲ ਦਿਖਾ ਕੇ ਭੈਣ ਨੂੰ ਇਕ ਹਜ਼ਾਰ ਪੌਂਡ ਮੰਗਣ ਵਾਲੇ ਪੰਜਾਬੀ ਨੂੰ 30 ਮਹੀਨੇ ਕੈਦ

jailed
ਲੰਡਨ, 23 ਸਤੰਬਰ (ਪੋਸਟ ਬਿਊਰੋ)- ਲੈਸਟਰ ਕਰਾਊਨ ਕੋਰਟ ਵਿੱਚ 22 ਸਾਲਾ ਮਨਵੀਰ ਪਨੇਸਰ ਨੂੰ ਆਪਣੀ ਭੈਣ ਨੂੰ ਪਿਸਤੌਲ ਵਿਖਾ ਕੇ ਇਕ ਹਜ਼ਾਰ ਪੌਂਡ ਮੰਗਣ ਦੇ ਦੋਸ਼ ਵਿੱਚ 30 ਮਹੀਨੇ ਕੈਦ ਦਿੱਤੀ ਗਈ ਹੈ।
ਮਨਵੀਰ ਨੇ 16 ਅਪ੍ਰੈਲ ਨੂੰ ਆਪਣੀ ਭੈਣ ਨੂੰ ਏਅਰ ਗੰਨ ਦਿਖਾ ਕੇ ਇਕ ਹਜ਼ਾਰ ਪੌਂਡ ਦੀ ਮੰਗ ਕੀਤੀ ਸੀ। ਪਹਿਲਾਂ ਮਨਵੀਰ ਨੇ ਆਪਣੇ ਪਿਤਾ ਤੋਂ ਪੈਸੇ ਮੰਗੇ ਤੇ ਉਸ ਨੂੰ ਧਮਕਾਇਆ। ਉਸ ਦਾ ਪਿਤਾ ਬੇਹੋਸ਼ ਹੋ ਕੇ ਡਿੱਗ ਪਿਆ ਤੇ ਉਸ ਨੂੰ ਹਸਪਤਾਲ ਲਿਜਾਣਾ ਪਿਆ। ਫਿਰ ਜਦੋਂ ਸਾਰਾ ਪਰਵਾਰ ਪਿਤਾ ਨਾਲ ਹਸਪਤਾਲ ਚਲਾ ਗਿਆ ਤਾਂ ਮਨਵੀਰ ਆਪਣੀ ਭੈਣ ਤੋਂ ਪੈਸੇ ਮੰਗਣ ਲੱਗਾ। ਐਡਵਰਡ ਐਵੇਨਿਊ ਬੌਨਸਟੌਨ ਵਿਖੇ ਉਨ੍ਹਾਂ ਦੇ ਘਰ ‘ਚ ਕੁਝ ਬੰਦੇ ਮਨਵੀਰ ਤੋਂ ਆਪਣਾ ਕਰਜ਼ਾ ਵਾਪਸ ਮੰਗਣ ਵੀ ਆਏ। ਮਨਵੀਰ ਨੇ ਉਨ੍ਹਾਂ ‘ਚੋਂ ਇਕ ਔਰਤ ਨੂੰ ਯਕੀਨ ਦਿਵਾਇਆ ਕਿ ਉਹ 150 ਪੌਂਡ ਹੁਣੇ ਦੇ ਦਵੇਗਾ। ਮਨਵੀਰ ਨੇ ਆਪਣੀ ਭੈਣ ਤੋਂ 1000 ਪੌਂਡ ਦੀ ਮੰਗ ਕੀਤੀ ਤੇ ਇਕ ਕਮਰੇ ਦਾ ਸ਼ੀਸ਼ਾ ਭੰਨਿਆ ਤੇ ਇਕ ਏਅਰ ਪਿਸਟਲ ਦੀ ਨੋਕ ‘ਤੇ ਭੈਣ ਕੋਲੋਂ ਇਕ ਹਜ਼ਾਰ ਪੌਂਡ ਮੰਗੇ। ਸਹਿਮੀ ਹੋਈ ਭੈਣ ਨੇ ਬੈਂਕ ਵਿੱਚੋਂ 150 ਪੌਂਡ ਕਢਵਾ ਕੇ ਮਨਵੀਰ ਨੂੰ ਦੇ ਦਿੱਤੇ। ਭੈਣ ਨੇ ਆਪਣੇ ਦੂਜੇ ਭਰਾ ਨੂੰ ਦੱਸਿਆ ਤਾਂ ਮਾਮਲਾ ਪੁਲਸ ਕੋਲ ਪਹੁੰਚਿਆ। ਮਨਵੀਰ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ। ਉਸ ਦੇ ਪਰਵਾਰ ਨੇ ਨਰਮੀ ਵਰਤਣ ਦੀ ਬੇਨਤੀ ਕੀਤੀ, ਪਰ ਅਦਾਲਤ ਨੇ ਮਨਵੀਰ ਨੂੰ 30 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।