ਪਿਤਾਪੁਣੇ ਦੀ ਛੁੱਟੀ ਨਾ ਦੇਣ ਵਾਲੇ 90 ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ


ਯੂ ਐੱਨ ਓ, 15 ਜੂਨ (ਪੋਸਟ ਬਿਊਰੋ)- ਯੂ ਐੱਨ ਓ ਦੀ ਇੱਕ ਸੰਸਥਾ ਯੂਨੀਸੇਫ ਨੇ ਕਿਹਾ ਹੈ ਕਿ ਭਾਰਤ ਦੁਨੀਆ ਦੇ ਉਨ੍ਹਾਂ ਲਗਭਗ ਨੱਬੇ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਪਿਤਾਪੁਣੇ ਦੀ ਛੁੱਟੀ ਲਈ ਕੋਈ ਕੌਮੀ ਨੀਤੀ ਨਹੀਂ ਹੈ।
ਇਸ ਸੰਬੰਧ ਵਿੱਚ ਯੂ ਐੱਨ ਓ ਦੀ ਏਜੰਸੀ ਨੇ ਕਿਹਾ ਹੈ ਕਿ ਇੱਕ ਸਾਲ ਤੋਂ ਘੱਟ ਉਮਰ ਦੇ ਲਗਭਗ ਦੋ ਤਿਹਾਈ ਬੱਚੇ ਉਨ੍ਹਾਂ ਦੇਸ਼ਾਂ ਵਿੱਚ ਰਹਿੰਦੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦੇ ਨਾਲ ਇਕ ਵੀ ਦਿਨ ਰਹਿਣ ਦੀ ਕਾਨੂੰਨੀ ਰੂਪ ਤੋਂ ਛੁੱਟੀ ਨਹੀਂ ਮਿਲਦੀ। ਭਾਰਤ ਅਤੇ ਨਾਈਜੀਰੀਆ ਵਿੱਚ ਬੱਚਿਆਂ ਦੀ ਆਬਾਦੀ ਬਹੁਤ ਵੱਧ ਹੈ, ਪ੍ਰੰਤੂ ਇਨ੍ਹਾਂ ਦੋਵਾਂ ਦੇਸ਼ਾਂ ਨੇ ਇਸ ਤਰ੍ਹਾਂ ਦੀ ਕੋਈ ਕੌਮੀ ਨੀਤੀ ਨਹੀਂ ਬਣਾਈ ਕਿ ਨਵੇਂ ਪਿਤਾ ਬਣੇ ਲੋਕਾਂ ਨੂੰ ਆਪਣੇ ਨਵਜਾਤ ਬੱਚੇ ਨਾਲ ਰਹਿਣ ਦਾ ਮੌਕਾ ਮਿਲ ਸਕੇ। ਇਸ ਸੰਸਥਾ ਨੇ ਕਿਹਾ ਹੈ ਕਿ ਪੂਰੀ ਦੁਨੀਆ ਵਿੱਚ ਪਰਵਾਰਾਂ ਲਈ ਪ੍ਰਮੁੱਖ ਨੀਤੀਆਂ ਬਣਾਉਣ ਦਾ ਰੁਝਾਨ ਵਧਿਆ ਹੈ। ਮਿਸਾਲ ਵਜੋਂ ਭਾਰਤ ਸਰਕਾਰ ਅਗਲੇ ਪਾਰਲੀਮੈਂਟ ਸੈਸ਼ਨ ਵਿੱਚ ਪਿਤਾਪੁਣੇ ਦੇ ਲਾਭ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਤਿੰਨ ਮਹੀਨੇ ਦੀ ਪਿਤਾਪੁਣੇ ਦੀ ਛੁੱਟੀ ਮਿਲ ਸਕੇਗੀ।
ਯੂਨੀਸੇਫ ਨੇ ਕਿਹਾ ਹੈ ਕਿ ਇਸ ਪਾਸੇ ਅਜੇ ਕਾਫੀ ਕੰਮ ਕੀਤੇ ਜਾਣ ਦੀ ਲੋੜ ਹੈ। ਅਮਰੀਕਾ ਸਮੇਤ ਦੁਨੀਆ ਦੇ ਅੱਠ ਦੇਸ਼ ਅਜਿਹੇ ਹਨ, ਜਿੱਥੇ ਜਣੇਪਾ ਛੁੱਟੀ ਜਾਂ ਪਿਤਾਪੁਣੇ ਦੀ ਛੁੱਟੀ ਦੀ ਕੋਈ ਕੌਮੀ ਨੀਤੀ ਨਹੀਂ ਹੈ।