ਪਿਛਲੇ ਸਾਲ ਦੇ ਤਖਤ ਪਲਟ ਦੀ ਕੋਸਿ਼ਸ਼ ਲਈ ਹੁਣ 115 ਜਣੇ ਹੋਰ ਗ੍ਰਿਫਤਾਰ

arrested
ਅੰਕਾਰਾ, 17 ਜੁਲਾਈ (ਪੋਸਟ ਬਿਊਰੋ)- ਤੁਰਕੀ ਸਰਕਾਰ ਨੇ ਪਿਛਲੇ ਸਾਲ ਦੇ ਤਖਤਾ ਪਲਟ ਦੀ ਕੋਸ਼ਿਸ਼ ਦੇ ਦੋਸ਼ੀ 127 ਹੋਰ ਲੋਕਾਂ ਨੂੰ ਹਿਰਾਸਤ ਵਿਚ ਲੈਣ ਦਾ ਹੁਕਮ ਦਿੱਤਾ ਹੈ।
ਇਕ ਸਮਾਚਾਰ ਏਜੰਸੀ ਮੁਤਾਬਕ ਤੁਰਕੀ ਪ੍ਰਸ਼ਾਸਨ ਦੀ ਕੱਲ੍ਹ ਆਈ ਰਿਪੋਰਟ ਮੁਤਾਬਕ ਦੇਸ਼ ਦੇ ਉੱਤਰੀ-ਪੱਛਮੀ ਪ੍ਰਾਂਤ ਤੇਕਿਰਦਾਗ ਤੋਂ 115 ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਨ੍ਹਾਂ ਵਿਚ ਕਾਰੋਬਾਰੀ ਅਤੇ ਪੱਤਰਕਾਰ ਵੀ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲਸ ਬਾਕੀ ਬਚੇ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਤੁਰਕੀ ਦੇ ਅਧਿਕਾਰੀਆਂ ਨੇ ਇਸ ਤਖਤਾ ਪਲਟ ਦੀ ਕੋਸ਼ਿਸ਼ ਲਈ ਮੁਸਲਿਮ ਧਰਮ ਗੁਰੂ ਫਤੇਉੱਲਾਹ ਗੁਲੇਨ ਉੱਤੇ ਦੋਸ਼ ਲਾਇਆ ਸੀ, ਜਿਸ ਦੌਰਾਨ ਜੁਲਾਈ 2016 ਵਿਚ ਰਾਸ਼ਟਰਪਤੀ ਤੈਯੱਪ ਏਦੋਰਗਨ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਅਮਰੀਕਾ ਵਿਚ ਰਹਿੰਦੇ ਗੁਲੇਨ ਨੇ ਉਸ ਤਖਤਾ ਪਲਟ ਵਿਚ ਕਿਸੇ ਤਰ੍ਹਾਂ ਦੀ ਵੀ ਭੂਮਿਕਾ ਤੋਂ ਇਨਕਾਰ ਕੀਤਾ ਸੀ।
ਤੁਰਕੀ ਨੇ ਬੀਤੇ ਸਾਲ ਹੋਏ ਅਸਫਲ ਫੌਜੀ ਤਖਤਾ ਪਲਟ ਦੀਆਂ ਕੋਸ਼ਿਸ਼ਾਂ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਲਗਭਗ 15 ਹਜ਼ਾਰ ਸਰਕਾਰੀ ਅਤੇ ਨਿੱਜੀ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਅਤੇ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਤੁਰਕੀ ਵਿਚ ਅਸਫਲ ਸੈਨਿਕ ਤਖਤਾ ਪਲਟ ਦੀ ਪਹਿਲੀ ਬਰਸੀ ਮੌਕੇ ਸ਼ਨੀਵਾਰ ਨੂੰ ਇਕ ਰੈਲੀ ਕੱਢੀ ਗਈ, ਜਿਸ ਵਿਚ ਰਾਸ਼ਟਰਪਤੀ ਦੇ ਸਮਰਥਨ ਵਿਚ ਲੱਖਾਂ ਲੋਕਾਂ ਨੇ ਇਕਜੁੱਟਤਾ ਦਿਖਾਈ।