ਪਿਕਰਿੰਗ ਰਿੱਬਫੈਸਟ ਨੇੜੇ ਚੱਲੀਆਂ ਗੋਲੀਆਂ, ਚਾਰ ਜ਼ਖ਼ਮੀ


ਪਿਕਰਿੰਗ, 3 ਜੂਨ (ਪੋਸਟ ਬਿਊਰੋ) : ਸ਼ਨਿੱਚਰਵਾਰ ਰਾਤ ਨੂੰ ਪਿਕਰਿੰਗ ਰਿੱਬਫੈਸਟ ਨੇੜੇ ਗੋਲੀਆਂ ਚੱਲਣ ਤੋਂ ਬਾਅਦ ਚਾਰ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਸਟਾਫ ਸਾਰਜੈਂਟ ਪਾਲ ਕਿਊਮਿਨਜ਼ ਨੇ ਆਖਿਆ ਕਿ ਇਸ ਸਾਲਾਨਾ ਸਮਾਰੋਹ ਵਿੱਚ ਹਿੱਸਾ ਲੈਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ ਜਦੋਂ ਰਾਤੀਂ 11:00 ਵਜੇ ਗੋਲੀ ਚੱਲੀ। ਇਹ ਈਵੈਂਟ ਐਸਲੇਨੇਡ ਪਾਰਕ ਤੇ ਪਿਕਰਿੰਗ ਸਿਵਿਕ ਕਾਂਪਲੈਕਸ ਐਂਡ ਲਾਇਬ੍ਰੇਰੀ ਦੇ ਬਾਹਰ ਹੋ ਰਿਹਾ ਸੀ। ਕਿਊਮਿਨਜ਼ ਨੇ ਆਖਿਆ ਕਿ ਜਿਨ੍ਹਾਂ ਚਾਰ ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਉਨ੍ਹਾਂ ਦੀ ਹਾਲਤ ਸਥਿਰ ਹੈ।
ਜਿਨ੍ਹਾਂ ਚਾਰ ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਉਨ੍ਹਾਂ ਵਿੱਚੋਂ ਐਜੈਕਸ ਤੋਂ ਦੋ ਨੌਜਵਾਨ ਕ੍ਰਮਵਾਰ 16 ਤੇ 17 ਸਾਲ, ਪਿਕਰਿੰਗ ਤੋਂ 20 ਸਾਲਾ ਤੇ ਨੌਰਥ ਯੌਰਕ ਤੋਂ 30 ਸਾਲਾ ਵਿਅਕਤੀ ਦੱਸੇ ਜਾਂਦੇ ਹਨ। ਤਿੰਨਾਂ ਵਿਅਕਤੀਆਂ ਨੂੰ ਤਾਂ ਹਸਪਤਾਲ ਲਿਜਾਇਆ ਗਿਆ ਜਦਕਿ ਚੌਥਾ ਖੁਦ ਹਸਪਤਾਲ ਪਹੁੰਚਿਆ। ਚਾਰਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪੁਲਿਸ ਮਸ਼ਕੂਕ ਦੀ ਭਾਲ ਕਰ ਰਹੀ ਹੈ।