ਪਾਸਪੋਰਟ ਵੈਰੀਫਿਕੇਸ਼ਨ ਲਈ ਅੱਗੇ ਤੋਂ ਪੁਲਸ ਘਰ ਨਹੀਂ ਆਵੇਗੀ


ਚੰਡੀਗੜ੍ਹ, 13 ਜੂਨ (ਪੋਸਟ ਬਿਊਰੋ)- ਖੇਤਰੀ ਪਾਸਪੋਰਟ ਕੇਦਰ ਚੰਡੀਗੜ੍ਹ ਵੱਲੋਂ ਕੱਲ੍ਹ ਐੱਮ ਪਾਸਪੋਰਟ ਸੇਵਾ ਐਪ ਨਾਮੀ ਇੱਕ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਜਿਸ ਦਾ ਮਨੋਰਥ ਪਾਸਪੋਰਟ ਸੇਵਾ ਨੂੰ ਸਰਲ ਤੇ ਭਿ੍ਰਸ਼ਟਾਚਾਰ ਮੁਕਤ ਬਣਾਉਣਾ ਹੈ। ਪਾਸਪੋਰਟ ਅਧਿਕਾਰੀ ਸਿਬਾਕਸ ਕਬੀਰਾਜ ਨੇ ਦੱਸਿਆ ਕਿ ਇਸ ਐਪ ਰਾਹੀਂ ਕੋਈ ਵੀ ਵਿਅਕਤੀ ਕਿਤੇ ਵੀ ਤੇ ਕਦੇ ਵੀ ਪਾਸਪੋਰਟ ਲਈ ਅਪਾਇੰਟਮੈਂਟ ਬੁੱਕ ਕਰ ਸਕਦਾ ਹੈ।
ਸਿਬਾਕਸ ਕਬੀਰਾਜ ਨੇ ਦੱਸਿਆ ਕਿ ਪਾਸਪੋਰਟ ਲਈ ਬਿਨੈ ਕਰਨ ਵਾਲੇ ਵਿਅਕਤੀ ਦੀ ਪਛਾਣ ਤੇ ਹੋਰ ਜਾਣਕਾਰੀ ਦੀ ਪੁਸ਼ਟੀ ਪਾਸਪੋਰਟ ਦਫਤਰ ਵਿੱਚ ਹੀ ਅਤੇ ਉਸ ਦੀ ਰਿਹਾਇਸ਼ ਜਾਂ ਪੱਕੇ ਪਤੇ ਦੀ ਪੁਸ਼ਟੀ ਭਾਰਤੀ ਡਾਕ ਤਾਰ ਪ੍ਰਣਾਲੀ ਰਾਹੀਂ ਪਾਸਪੋਰਟ ਪਤੇ ਉਤੇ ਪਹੁੰਚ ਗਿਆ ਹੋਣ ਵਜੋਂ ਕੀਤੀ ਜਾਵੇਗੀ। ਇਸ ਕੰਮ ਲਈ ਬਿਨੈਕਰਤਾ ਨੂੰ ਆਪਣੇ ਇਲਾਕੇ ਦੀ ਪੁਲਸ ਉਤੇ ਨਿਰਭਰ ਨਹੀਂ ਰਹਿਣਾ ਪਵੇਗਾ ਤੇ ਨਾ ਪਹਿਲਾਂ ਵਾਂਗ ਪੁਲਸ ਨੂੰ ਵੈਰੀਫਿਕੇਸ਼ਨ ਲਈ ਬਿਨੈਕਰਤਾ ਦੇ ਘਰ ਜਾਣਾ ਹੋਵੇਗਾ ਕਿਉਂਕਿ ਪੁਲਸ ਕੋਲੋਂ ਪੁਲਸ ਵਿਭਾਗ ਦੇ ਰਿਕਾਰਡ ਵਿੱਚੋਂ ਬਿਨੈਕਰਤਾ ਵਿਰੁੱਧ ਕੋਈ ਅਪਰਾਧਕ ਕੇਸ ਹੋਣ, ਰਿਹਾਅ ਹੋਣ, ਕੋਈ ਸੰਮਨ ਜਾਰੀ ਹੋਣ ਜਿਹੀ ਜਾਣਕਾਰੀ ਹੀ ਮੰਗਵਾਈ ਜਾਵੇਗੀ।