ਪਾਲਤੂ ਸ਼ੇਰ ਨੂੰ ਕਾਰ ਵਿੱਚ ਬਿਠਾ ਕੇ ਘੁੰਮਣ ਵਾਲਾ ਪੁਲਸ ਨੇ ਫੜਿਆ

lion in the car pakistan
ਕਰਾਚੀ, 17 ਜੂਨ (ਪੋਸਟ ਬਿਊਰੋ)- ਇਕ ਸ਼ਖਸ ਆਪਣੇ ਪਾਲਤੂ ਸ਼ੇਰ ਨੂੰ ਕਾਰ ‘ਚ ਬਿਠਾ ਕੇ ਪੂਰੇ ਕਰਾਚੀ ਸ਼ਹਿਰ ‘ਚ ਘੁੰਮ ਰਿਹਾ ਸੀ। ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਇਸ ਨੂੰ ਵੇਖਣ ਤੋਂ ਬਾਅਦ ਪਾਕਿਸਤਾਨੀ ਪੁਲਸ ਸਰਗਰਮ ਹੋਈ। ਪੁਲਸ ਨੇ ਲੋਕਾਂ ਦੀ ਸ਼ਿਕਾਇਤ ‘ਤੇ ਨਾ ਸਿਰਫ ਸ਼ੇਰ ਦੇ ਮਾਲਕ, ਬਲਕਿ ਸ਼ੇਰ ਨੂੰ ਵੀ ਹਿਰਾਸਤ ‘ਚ ਲੈ ਲਿਆ।
ਸਿੰਧ ਦੇ ਗ੍ਰਹਿ ਮੰਤਰੀ ਸੋਹੇਲ ਅਨਵਰ ਸਿਆਲ ਨੇ ਇਸ ਦੀ ਜਾਣਕਾਰੀ ਮਿਲਣ ‘ਤੇ ਸਰਗਰਮੀ ਵਿਖਾਉਂਦਿਆਂ ਪੁਲਸ ਨੂੰ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। ਇਸ ਪਿੱਛੋਂ ਪ੍ਰਸ਼ਾਸਨ ਨੇ ਸ਼ੇਰ ਦੇ ਮਾਲਕ ਸਕਲੈਨ ਉਰਫ ਸ਼ੇਰਵਾਲਾ ਤੇ ਉਸ ਦੇ ਸ਼ੇਰ ਨੂੰ ਹਿਰਾਸਤ ‘ਚ ਲੈ ਲਿਆ। ਗੁਲਬਰਗ ਪੁਲਸ ਸਟੇਸ਼ਨ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਸਕਲੈਨ ਨੇ ਕਿਹਾ ਕਿ ਉਸ ਕੋਲ ਸਾਰੇ ਜ਼ਰੂਰੀ ਦਸਤਾਵੇਜ਼ ਹਨ ਤੇ ਸ਼ੇਰ ਰੱਖਣ ਦਾ ਲਾਇਸੈਂਸ ਹੈ। ਜਿਸ ਵੀਡੀਓ ਨੂੰ ਲੈ ਕੇ ਸ਼ਿਕਾਇਤ ਹੋਈ ਹੈ, ਉਹ ਚਾਰ ਦਿਨ ਪੁਰਾਣੀ ਹੈ। ਉਸ ਦਾ ਸ਼ੇਰ ਬਿਮਾਰ ਸੀ ਤੇ ਉਹ ਉਸ ਨੂੰ ਕਾਰ ‘ਚ ਬਿਠਾ ਕੇ ਡਾਕਟਰ ਕੋਲ ਲੈ ਗਿਆ ਸੀ। ਜਿਸ ਸਮੇਂ ਵੀਡੀਓ ਬਣਾਈ ਗਈ, ਉਸ ਵੇਲੇ ਉਹ ਘਰ ਪਰਤ ਰਹੇ ਸਨ।
ਐਸ ਐਸ ਪੀ ਮੁਕੱਦਰ ਹੈਦਰ ਨੇ ਦੱਸਿਆ ਕਿ ਪੁਲਸ ਇਸ ਕੇਸ ਦੀ ਜਾਂਚ ਕਰ ਰਹੀ ਹੈ। ਸਕਲੈਨ ਨੇ ਪੁਲਸ ਦੇ ਸਾਹਮਣੇ ਲਾਇਸੈਂਸ ਤੇ ਸਾਰੇ ਜ਼ਰੂਰੀ ਕਾਗਜ਼ ਪੇਸ਼ ਕੀਤੇ ਹਨ। ਇਨ੍ਹਾਂ ਕਾਗਜ਼ਾਂ ਨੂੰ ਵਣਜੀਵ ਵਿਭਾਗ ਦੇ ਸਾਹਮਣੇ ਪੁਸ਼ਟੀ ਲਈ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਪੁਲਸ ਇਸ ਮਾਮਲੇ ‘ਚ ਕੋਈ ਫੈਸਲਾ ਕਰੇਗੀ।