ਪਾਰਲੀਮੈਂਟ ਮੈਂਬਰਾਂ ਦੀ ਗੈਰ ਹਾਜ਼ਰੀ ਤੋਂ ਨਰਿੰਦਰ ਮੋਦੀ ਗੁੱਸੇ ਵਿੱਚ ਆਏ

narendra modi
ਨਵੀਂ ਦਿੱਲੀ, 11 ਅਗਸਤ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਪਾਰਲੀਮੈਂਟਰੀ ਪਾਰਟੀ ਦੀ ਬੈਠਕ ਵਿੱਚ ਕੱਲ੍ਹ ਭਾਜਪਾ ਪਾਰਲੀਮੈਂਟ ਮੈਂਬਰਾਂ ਦੀ ਖੁੱਲ੍ਹ ਕੇ ਕਲਾਸ ਲਈ। ਪਾਰਲੀਮੈਂਟ ਮੈਂਬਰਾਂ ਦੀ ਗੈਰ ਹਾਜ਼ਰੀ ਉੱਤੇ ਪ੍ਰਧਾਨ ਮੰਤਰੀ ਨੂੰ ਗੁੱਸਾ ਚੜ੍ਹ ਗਿਆ। ਉਹ ਭਾਜਪਾ ਪਾਰਲੀਮੈਂਟ ਮੈਂਬਰਾਂ ‘ਤੇ ਖੁੱਲ੍ਹ ਕੇ ਵਰ੍ਹੇ ਅਤੇ ਸਾਫ ਚਿਤਾਵਨੀ ਦਿੱਤੀ ਕਿ ਜੇ ਇਹੀ ਰਵੱਈਆ ਰਿਹਾ ਤਾਂ 2019 ਵਿੱਚ ਟਿਕਟ ਮਿਲਣੀ ਔਖੀ ਹੋ ਜਾਵੇਗੀ। ਭਾਜਪਾ ਪਾਰਲੀਮੈਂਟ ਮੈਂਬਰਾਂ ਦੀ ਗੈਰ ਮੌਜੂਦਗੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਵੀ ਚਿੰਤਾ ਪ੍ਰਗਟਾ ਚੁੱਕੇ ਹਨ।
ਪ੍ਰਧਾਨ ਮੰਤਰੀ ਦੀ ਗੱਲ ਵਿੱਚ ਸਾਫ ਚਿਤਾਵਨੀ ਸੀ ਕਿ ਹੁਣ ਜੇ ਕੋਈ ਪਾਰਲੀਮੈਂਟ ਮੈਂਬਰ ਗੈਰ-ਹਾਜ਼ਰ ਰਿਹਾ ਤਾਂ ਪਾਰਟੀ ਉਸ ਨਾਲ ਸਖਤੀ ਨਾਲ ਪੇਸ਼ ਆਵੇਗੀ। ਪ੍ਰਧਾਨ ਮੰਤਰੀ ਨੇ ਖਾਸ ਕਰ ਕੇ ਰਾਜ ਸਭਾ ਦਾ ਜ਼ਿਕਰ ਕੀਤਾ ਅਤੇ ਇਹ ਦੱਸਣ ਤੋਂ ਗੁਰੇਜ਼ ਨਹੀਂ ਕੀਤਾ ਕਿ ਅਮਿਤ ਸ਼ਾਹ ਹੁਣ ਪਾਰਲੀਮੈਂਟ ਮੈਂਬਰਾਂ ਦੀ ਮੌਜਮਸਤੀ ‘ਤੇ ਲਗਾਮ ਲਾਉਣ ਆ ਰਹੇ ਹਨ। ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਤੋਂ ਭਾਜਪਾ ਦੇ ਮੈਂਬਰ ਗੈਰ ਹਾਜ਼ਰ ਸਨ ਤਾਂ ਕਾਂਗਰਸ ਨੇ ਲਾਭ ਉਠਾ ਕੇ ਓਥੇ ਓ ਬੀ ਸੀ ਬਿੱਲ ਵਿੱਚ ਸੋਧ ਪਾਸ ਕਰਵਾ ਲਈ ਸੀ। ਨਰਿੰਦਰ ਮੋਦੀ ਨੇ ਕੱਲ੍ਹ ਕਿਹਾ ਕਿ ਸਦਨ ਵਿੱਚ ਪਾਰਲੀਮੈਂਟ ਮੈਂਬਰਾਂ ਨੂੰ ਹਾਜ਼ਰ ਰਹਿਣਾ ਚਾਹੀਦਾ ਹੈ। ਹੁਣ ਪਾਰਟੀ ਪ੍ਰਧਾਨ ਰਾਜ ਸਭਾ ਵਿੱਚ ਆ ਗਏ ਹਨ, ਤੁਹਾਡੇ ਮੌਜ ਮਸਤੀ ਦੇ ਦਿਨ ਬੰਦ ਹੋ ਜਾਣਗੇ। ਹਾਜ਼ਰੀ ਲਈ ਕਿਉਂ ਕਿਹਾ ਜਾਵੇ। ਤੁਸੀਂ ਲੋਕ ਆਪਣੇ ਆਪ ਨੂੰ ਕੀ ਸਮਝਦੇ ਹੋ, ਤੁਸੀਂ ਅਤੇ ਮੈਂ ਕੁਝ ਨਹੀਂ ਹਾਂ, ਜੋ ਹੈ ਉਹ ਪਾਰਟੀ ਹੈ। ਵਾਰ-ਵਾਰ ਵ੍ਹਿਪ ਕਿਉਂ ਦੇਣਾ ਪੈਂਦਾ ਹੈ, ਤੁਸੀਂ ਜੋ ਕਰਨਾ ਹੈ ਕਰੋ।