ਪਾਰਲੀਮੈਂਟ ਦੀ ‘ਕਾਰਵਾਈ’ ਦੇਖ ਕੇ ਉਤਰਿਆ ਚਾਅ

-ਹਰਜੋਤ ਸਿੰਘ ਸਿੱਧੂ
ਮੇਰੀ ਦਿਲੀ ਤਮੰਨਾ ਸੀ ਕਿ ਮੈਂ ਕਦੇ ਪਾਰਲੀਮੈਂਟ ਦੀ ਕਾਰਵਾਈ ਪਾਰਲੀਮੈਂਟ ਭਵਨ ਦੇ ਅੰਦਰ ਬੈਠ ਕੇ ਦੇਖ ਸਕਾਂ। ਦਿੱਲੀ ਰਹਿੰਦੇ ਮੇਰੇ ਇਕ ਮਿੱਤਰ ਨੇ 2012 ਦੇ ਮੌਨਸੂਨ ਸੈਸ਼ਨ ਦੌਰਾਨ ਇਕ ਦਿਨ ਦੀ ਕਾਰਵਾਈ ਵੇਖਣ ਲਈ ਪਾਰਲੀਮੈਂਟ ਭਵਨ ਵਿੱਚ ਦਾਖਲੇ ਵਾਸਤੇ ਮੇਰੇ ਲਈ ਪਾਸ ਦਾ ਪ੍ਰਬੰਧ ਕਰ ਦਿੱਤਾ। ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪਾਰਲੀਮੈਂਟ ਦੀ ਕਾਰਵਾਈ ਨੂੰ ਨੇੜਿਓਂ ਦੇਖ ਸਕਣ ਬਾਰੇ ਸੋਚ ਕੇ ਮੈਂ ਬਹੁਤ ਰੋਮਾਂਚਿਤ ਹੋ ਰਿਹਾ ਸੀ।
ਮੈਂ 13 ਅਗਸਤ ਦੇ ਦਿਨ ਦਿੱਲੀ ਪਹੁੰਚ ਗਿਆ। ਮੈਟਰੋ ਰਾਹੀਂ ਕੇਂਦਰੀ ਸਕੱਤਰੇਤ ਵਿਖੇ ਪਹੁੰਚਣ ਬਾਅਦ ਉਥੋਂ ਪਾਰਲੀਮੈਂਟ ਦੇ ਯਾਤਰੀ ਦੁਆਰ, ਜਿਸ ਨੂੰ ਵਿਜਿਟਰ ਗੇਟ ਕਹਿੰਦੇ ਹਨ, ਤੱਕ ਪੈਦਲ ਚਲਾ ਗਿਆ। ਇਥੇ ਸੁਰੱਖਿਆ ਦੇ ਬਹੁਤ ਸਖਤ ਪ੍ਰਬੰਧ ਸਨ। ਛੇ ਜਾਂ ਸੱਤ ਥਾਵਾਂ ਉਪਰ ਜਾਂਚ ਪੜਤਾਲ ਤੋਂ ਬਾਅਦ ਆਖਰ ਮੈਂ ਸਹੀ ਸਮੇਂ ਪਾਰਲੀਮੈਂਟ ਭਵਨ ਵਿੱਚ ਆਪਣੀ ਸੀਟ ਉਪਰ ਬੈਠ ਗਿਆ।
ਪਾਰਲੀਮੈਂਟ ਭਵਨ ਦੀ ਸ਼ਾਹਕਾਰ ਇਮਾਰਤਸਾਜ਼ੀ ਨੂੰ ਦੇਖ ਕੇ ਮੈਂ ਅਚੰਭਿਤ ਹੋ ਰਿਹਾ ਸਾਂ। ਵਿਜ਼ਟਰਜ਼ ਗੈਲਰੀ ਦੇ ਹਰ ਬੈਂਚ ਉਪਰ ਇਕ ਸੁਰੱਖਿਆ ਮੁਲਾਜ਼ਮ ਤੇ ਪੰਜ ਹੋਰ ਵਿਅਕਤੀ ਬੈਠੇ ਹੋਏ ਸਨ। ਸਾਨੂੰ ਹਦਾਇਤ ਕੀਤੀ ਗਈ ਸੀ ਕਿ ਸਿੱਧੇ ਅਤੇ ਟਿਕ ਕੇ ਬੈਠਣਾ ਹੈ। ਕਿਸੇ ਨੇ ਕਿਸੇ ਵੀ ਪਾਰਲੀਮੈਂਟ ਮੈਂਬਰ ਨੂੰ ਕੋਈ ਇਸ਼ਾਰਾ ਨਹੀਂ ਕਰਨਾ, ਲੱਤਾਂ ਨਹੀਂ ਪਸਾਰਨੀਆਂ ਅਤੇ ਨਾ ਆਪਸ ਵਿੱਚ ਕੋਈ ਗੱਲਬਾਤ ਕਰਨੀ ਹੈ। ਆਪਣੇ ਉਤਸ਼ਾਹ ਨੂੰ ਕਾਬੂ ਵਿੱਚ ਰੱਖਣਾ ਕਾਫੀ ਮੁਸ਼ਕਿਲ ਸੀ, ਪਰ ਸੁਰੱਖਿਆ ਅਮਲੇ ਵੱਲੋਂ ਗਲਤੀ ਕਰਨ Ḕਤੇ ਸਜ਼ਾ ਦੀ ਚੇਤਾਵਨੀ ਦਿੱਤੇ ਜਾਣ ਕਾਰਨ ਭਾਵਨਾਵਾਂ ਨੂੰ ਕਾਬੂ ਵਿੱਚ ਹੀ ਰੱਖਣਾ ਪਿਆ।
ਮੈਂ ਆਪਣੀ ਨਜ਼ਰ ਚਾਰੇ ਪਾਸੇ ਘੁਮਾਈ, ਸੱਤਾ ਧਿਰ ਦੇ ਬੈਂਚਾਂ ਤੋਂ ਲੈ ਕੇ ਵਿਰੋਧੀ ਧਿਰ ਦੇ ਬੈਂਚਾਂ ਤੱਕ। ਆਪਣੇ ਸੂਬੇ ਪੰਜਾਬ ਦੇ ਲਗਭਗ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਹਾਜ਼ਰ ਦੇਖ ਕੇ ਚੰਗਾ ਲੱਗਾ। ਠੀਕ 11 ਵਜੇ ਸਪੀਕਰ ਸਦਨ ਦੇ ਅੰਦਰ ਦਾਖਲ ਹੋਏ ਤੇ ਸਾਰੇ ਮੈਂਬਰ ਉਨ੍ਹਾਂ ਦੇ ਸਤਿਕਾਰ ਵਜੋਂ ਖੜੇ ਹੋ ਗਏ। ਇਹ ਆਪਣੇ ਸਕੂਲ ਦੇ ਦਿਨਾਂ ਵਾਂਗ ਲੱਗਿਆ, ਜਦੋਂ ਅਸੀਂ ਅਧਿਆਪਕ ਦੇ ਆਉਣ ਤੇ ਸਤਿਕਾਰ ਵਜੋਂ ਖੜੇ ਹੁੰਦੇ ਸੀ। ਕੁਝ ਮਿੰਟਾਂ ਦੀ ਕਾਰਵਾਈ ਬਾਅਦ, ਵਿਰੋਧੀ ਧਿਰ ਦੇ ਮੈਂਬਰਾਂ ਨੇ ਸਰਕਾਰ ਦੇ ਖਿਲਾਫ ਕਿਸੇ ਮੁੱਦੇ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਹੱਥਾਂ ਵਿੱਚ ਫੜੀਆਂ ਤਖਤੀਆ ਲਹਿਰਾਉਣ ਲੱਗ ਪਏ, ਜਿਨ੍ਹਾਂ ਉਪਰ ਲਿਖਿਆ ਹੋਇਆ ਸੀ, ‘ਕਾਲਾ ਧਨ ਵਾਪਸ ਲੈ ਕੇ ਆਓ।
ਸਪੀਕਰ ਨੇ ਸ਼ੋਰ ਸ਼ਰਾਬਾ ਕਰਦੇ ਮੈਂਬਰਾਂ ਨੂੰ ਅਧਿਆਪਕ ਦੀ ਤਰ੍ਹਾਂ ਆਪੋ ਆਪਣੀ ਜਗ੍ਹਾ ਬੈਠਣ ਲਈ ਕਿਹਾ। ਮੈਂ ਜੋ ਕੁਝ ਟੈਲੀਵਿਜ਼ਨ ਤੇ ਦੇਖਦਾ ਤੇ ਅਖਬਾਰਾਂ ਵਿੱਚ ਪੜ੍ਹਦਾ ਹੁੰਦਾ ਸੀ, ਅੱਜ ਮੈਂ ਉਹ ਆਪਣੀਆਂ ਅੱਖਾਂ ਸਾਹਮਣੇ ਵਾਪਰਦਾ ਦੇਖ ਰਿਹਾ ਸੀ। ‘ਬੈਠ ਜਾਈਏ, ਬੈਠ ਜਾਈਏ, ਆਪ ਸਭ ਚੁੱਪ ਚਾਪ ਬੈਠ ਜਾਈਏ, ਸਪੀਕਰ ਨੇ ਅਨੇਕਾਂ ਵਾਰ ਦੁਹਰਾਇਆ ਤਾਂ ਜੋ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚੱਲ ਸਕੇ, ਪ੍ਰੰਤੂ ਵਿਰੋਧੀ ਧਿਰ ਦੇ ਕਿਸੇ ਮੈਂਬਰ ਤੇ ਬਹੁਤਾ ਅਸਰ ਨਹੀਂ ਹੋਇਆ। ਆਖਰ ਸਪੀਕਰ ਨੂੰ ਸਦਨ ਦੀ ਕਾਰਵਾਈ ਕੁਝ ਸਮਾਂ ਰੱਦ ਕਰਨੀ ਪਈ। ਕਾਰਵਾਈ ਦੁਬਾਰਾ ਸ਼ੁਰੂ ਕਰਨ ਤੇ ਵੀ ਹਾਲ ਉਹੀ ਰਿਹਾ ਤੇ ਰੌਲਾ ਰੱਪਾ ਬੰਦ ਨਾ ਹੁੰਦਾ ਦੇਖ ਸਪੀਕਰ ਨੇ ਸਦਨ ਦੀ ਕਾਰਵਾਈ ਅਗਲੇ ਦਿਨ ਤੱਕ ਮੁਲਤਵੀ ਕਰ ਦਿੱਤੀ।
ਮੇਰੇ ਕੋਲ 11 ਵਜੇ ਤੋਂ ਦੁਪਹਿਰ ਤੱਕ ਸਦਨ ਦੀ ਕਰਵਾਈ ਦੇਖਣ ਦੀ ਇਜਾਜ਼ਤ ਸੀ, ਪਰ ਸਦਨ ਸਿਰਫ 15 ਮਿੰਟ ਹੀ ਚੱਲ ਸਕਿਆ। ਕਾਰਵਾਈ ਵੇਖਣ ਆਏ ਲੋਕ ਉਠ ਕੇ ਜਾ ਰਹੇ ਸਨ। ਸਭ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਸਨ ਕਿਉਂਕਿ ਉਹ ਲੋਕਤੰਤਰ ਦੇ ਮੰਦਰ ਵਿੱਚ ਲੋਕਤੰਤਰ ਦੀ ਮਹਿਮਾ ਦੇਖਣ ਆਏ ਸਨ। ਮੈਂ ਵੀ ਨਿਰਾਸ਼ ਹੀ ਪਰਤ ਰਿਹਾ ਸਾਂ। ਲੋਕਤੰਤਰ ਦੇ ਮੰਦਰ ਨੇ ਮੇਰੀ ਝੋਲੀ ਉਦਾਸੀ ਹੀ ਪਾਈ ਸੀ। ਇਹ ਬਿਲਕੁਲ ਨਹੀਂ ਲੱਗ ਰਿਹਾ ਸੀ ਕਿ ਸਾਡੇ ਚੁਣੇ ਹੋਏ ਪ੍ਰਤੀਨਿਧੀ ਲੋਕ ਸਭਾ ਸਦਨ ਵਿੱਚ ਲੋਕਾਂ ਦੇ ਗੰਭੀਰ ਮਸਲਿਆਂ ਉਪਰ ਗੰਭੀਰ ਵਿਚਾਰ ਚਰਚਾ ਵੀ ਕਰਦੇ ਹੋਣਗੇ।