ਪਾਰਲੀਆਮੈਂਟ ਹਿੱਲ ਉੱਤੇ ਸ਼ੱਕੀ ਬੈਗ ਰੱਖਣ ਵਾਲਾ ਵਿਅਕਤੀ ਨਜ਼ਰਬੰਦ

bagਓਟਵਾ, 18 ਅਪਰੈਲ (ਪੋਸਟ ਬਿਊਰੋ) : ਓਟਵਾ ਵਿੱਚ ਪਾਰਲੀਆਮੈਂਟ ਹਿੱਲ ਦੇ ਪੀਸ ਟਾਵਰ ਵੱਲ ਇੱਕ ਬੈਗ ਸੁੱਟ ਕੇ ਭੱਜਣ ਵਾਲੇ ਵਿਅਕਤੀ ਨੂੰ ਸ਼ਰਾਰਤ ਕਰਨ ਸਬੰਧੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਬੰਧਤ ਵਿਅਕਤੀ ਨੂੰ ਸਵੇਰੇ 11:00 ਵਜੇ ਦੇ ਨੇੜੇ ਤੇੜੇ ਨਜ਼ਰਬੰਦ ਕਰ ਲਿਆ ਗਿਆ। ਮੰਗਲਵਾਰ ਸਵੇਰੇ ਹੀ ਪੁਲਿਸ ਨੇ ਬੈਗ ਦੇ ਨੇੜਲੀ ਥਾਂ ਦੀ ਘੇਰਾਬੰਦੀ ਕਰ ਲਈ ਤੇ ਬੈਗ ਦੀ ਤਲਾਸ਼ੀ ਲਈ ਗਈ। ਪੁਲਿਸ ਨੇ ਇਹ ਤਾਂ ਨਹੀਂ ਦੱਸਿਆ ਕਿ ਬੈਗ ਵਿੱਚ ਕੀ ਸੀ ਪਰ ਕੁੱਝ ਸ਼ੱਕੀ ਜ਼ਰੂਰ ਸੀ।
ਇਸ ਘਟਨਾਕ੍ਰਮ ਕਾਰਨ ਥੋੜ੍ਹੇ ਸਮੇਂ ਲਈ ਸੈਂਟਰ ਬਲਾਕ, ਸੈਨੇਟ ਚੈਂਬਰਜ਼ ਤੇ ਹਾਊਸ ਆਫ ਕਾਮਨਜ਼ ਵਾਲੀਆਂ ਇਮਾਰਤਾਂ ਖਾਲੀ ਕਰਵਾ ਲਈਆਂ ਗਈਆਂ। ਪਰ ਥੋੜ੍ਹੀ ਦੇਰ ਬਾਅਦ ਹੀ ਅਧਿਕਾਰੀਆਂ ਨੇ ਆਖਿਆ ਕਿ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਤੇ ਮੰਗਲਵਾਰ ਦੁਪਹਿਰ ਤੱਕ ਇੱਥੇ ਆਮ ਵਾਂਗ ਕੰਮਕਾਜ ਹੋਣ ਲੱਗਿਆ। ਇਹ ਇਲਾਕਾ ਵੈਸੇ ਵੀ ਕੁੱਝ ਸਮੇਂ ਲਈ ਸ਼ਾਂਤ ਬਣਿਆ ਹੋਇਆ ਹੈ ਕਿਉਂਕਿ ਪਹਿਲੀ ਮਈ ਤੱਕ ਐਮਪੀਜ਼ ਦੀਆਂ ਛੁੱਟੀਆਂ ਹਨ।