ਪਾਬੰਦੀ ਸ਼ੁਦਾ ਦਵਾਈਆਂ ਦੀ ਮੰਡੀ ਬਣ ਰਿਹਾ ਹੈ ਭਾਰਤ

-ਹਰਪ੍ਰੀਤ ਸਿੰਘ ਬਰਾੜ
ਇਨ੍ਹੀਂ ਦਿਨੀਂ ਕਾਫੀ ਰੌਲਾ ਪਿਆ ਹੈ ਕਿ ‘ਔਕਸਿਟੋਕਸਿਨ’ ਨਾਂਅ ਦੇ ਇੱਕ ਇੰਜੈਕਸ਼ਨ ਨਾਲ ਸਬਜ਼ੀਆਂ ਤੇ ਦੁੱਧ ਨੂੰ ਜ਼ਹਿਰੀਲਾ ਬਣਾ ਕੇ ਵੇਚਿਆ ਜਾ ਰਿਹਾ ਹੈ। ਪਾਰਲੀਮੈਂਟ ਵਿੱਚ ਵੀ ਇਸ ਉੱਤੇ ਚਰਚਾ ਹੋਈ, ਪਰ ਇਹ ਕੋਈ ਨਹੀਂ ਦੱਸਦਾ ਕਿ ਇਸ ਜ਼ਹਿਰੀਲੇ ਟੀਕੇ ਦੀ ਮਨਜ਼ੂਰੀ ਇਸੇ ਸਰਕਾਰ ‘ਚ ਬੈਠੇ ਲੋਕ ਦੇ ਰਹੇ ਹਨ। ਇੰਜੈਕਸ਼ਨ ਦੇ ਕਾਰਖਾਨੇ ਗੈਰਕਾਨੂੰਨੀ ਤਾਂ ਨਹੀਂ ਚੱਲ ਰਹੇ। ਅਸਲੀਅਤ ਇਹ ਹੈ ਕਿ ਬਾਜ਼ਾਰ ‘ਚ ਵੇਚੀਆਂ ਜਾ ਰਹੀਆਂ ਦਵਾਈਆਂ ਦੇ ਮਾੜੇ ਅਸਰ ਦੀ ਜਾਂਚ ਲਈ ਕਿਸੇ ਸੰਗਠਿਤ ਵਿਵਸਥਾ ਦੇ ਨਾ ਹੋਣ ਕਾਰਨ ਭਾਰਤ ਦਾ ਬਾਜ਼ਾਰ ਪਾਬੰਦੀਸ਼ੁਦਾ ਦਵਾਈਆਂ ਦੀ ਮੰਡੀ ਬਣਦਾ ਜਾ ਰਿਹਾ ਹੈ। ਇਹ ਵੀ ਅਫਸੋਸ ਦੀ ਗੱਲ ਹੈ ਕਿ ਕਿਹੜੀ ਦਵਾਈ ਲਾਭਕਾਰੀ ਅਤੇ ਕਿਹੜੀ ਸਰੀਰ ‘ਤੇ ਮਾੜਾ ਅਸਰ ਪਾਉਂਦੀ ਹੈ, ਇਹ ਜਾਣਨ ਲਈ ਅਸੀਂ ਪੂਰੀ ਤਰ੍ਹਾਂ ਪੱਛਮੀ ਦੇਸ਼ਾਂ ‘ਤੇ ਨਿਰਭਰ ਹਾਂ। ਇਸ ਦੇ ਬਾਵਜੂਦ ਅਸੀਂ ਅਜਿਹੀਆਂ ਕਈ ਦਵਾਈਆਂ ਦੀ ਵਿਕਰੀ ਕਰ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਉੱਤੇ ਪੱਛਮੀ ਦੇਸ਼ਾਂ ਨੇ ਸਖਤ ਪਾਬੰਦੀ ਲਾਈ ਹੋਈ ਹੈ।
‘ਨੋਵਾਲਜਿਨ’ ਦੇ ਨਾਮ ਨਾਲ ਵਿਕਣ ਵਾਲੇ ਦਰਦ ਨਿਵਾਰਕ ਦਾ ਮੂਲ ਤੱਤ ‘ਐਨਾਲਜਿਨ’ ਹੈ। ਇਸ ਨੂੰ ਖਾਣ ਨਾਲ ਉਦਾਸੀ ਦੀ ਬਿਮਾਰੀ ਹੋਣ ਦਾ ਡਰ ਰਹਿੰਦਾ ਹੈ। ਇਸ ਖਤਰੇ ਕਾਰਨ ਇਸ ਦੀ ਵਿਕਰੀ ਉੱਤੇ ਪੱਛਮੀ ਦੇਸ਼ਾਂ ਵੱਲੋਂ ਪਾਬੰਦੀ ਲਾਈ ਗਈ ਹੈ, ਪਰ ਭਾਰਤ ਵਿੱਚ ਇਸ ਨੂੰ ਖਰੀਦਣ ਲਈ ਡਾਕਟਰ ਦੀ ਪਰਚੀ ਦੀ ਵੀ ਲੋੜ ਨਹੀਂ। ਏਦਾਂ ਹੀ ਐਸੀਡਿਟੀ ਅਤੇ ਕਬਜ਼ ਲਈ ਬਾਜ਼ਾਰ ਵਿੱਚ ਵਿਕਦੀ ਦਵਾਈ ‘ਸੀਜ਼ਾ’ ਅਤੇ ‘ਸਿਸਪ੍ਰਾਈਡ’ ਅਤੇ ਉਦਾਸੀ ਰੋਕੂ ਦਵਾਈ ‘ਡ੍ਰੋਪੇਰੋਲ’ ਵੀ ਪਾਬੰਦੀ ਸ਼ੁਦਾ ਦਵਾਈਆਂ ਦੀ ਸ਼੍ਰੇਣੀ ਵਿੱਚ ਹਨ, ਜਿਨ੍ਹਾਂ ਨਾਲ ਦਿਲ ਦੀ ਧੜਕਣ ਦੀ ਗੜਬੜ ਹੋਣ ਦੀ ਸੰਭਾਵਨਾ ਹੁੰਦੀ ਹੈ। ਪੱਛਮੀ ਦੇਸ਼ਾਂ ਦੇ ਵਿਗਿਆਨਕਾਂ ਵੱਲੋਂ ਕੀਤੀ ਖੋਜ ਦੱਸਦੀ ਹੈ ਕਿ ਦਸਤਾਂ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ ‘ਫਿਊਰੋਕਸਨ’ ਅਤੇ ‘ਲੋਮੋਫੈਨ’, ਬੈਕਟੀਰੀਆ ਤੋਂ ਬਚਣ ਲਈ ਲਾਈ ਜਾਂਦੀ ਕਰੀਮ ‘ਫਿਊਰਾਸਿਨ’, ਸਰੀਰਿਕ ਕਮਜ਼ੋਰੀ ਦੀ ਬਿਮਾਰੀ ਤੋਂ ਬਚਣ ਦੀ ਦਵਾਈ ‘ਫੇਨੋਲਪੈਥੇਲਿਨ’ ਦੀ ਵਰਤੋਂ ਨਾਲ ਕੈਂਸਰ ਦੀ ਸੰਭਾਵਨਾ ਵਧ ਜਾਂਦੀ ਹੈ। ਇਸੇ ਕਾਰਨ ਸਾਰੇ ਵਿਕਸਤ ਦੇਸ਼ਾਂ ਨੇ ਇਨ੍ਹਾਂ ਦਵਾਈਆਂ ਦੀ ਖਰੀਦੋ ਫਰੋਖਤ ‘ਤੇ ਰੋਕ ਲਾ ਰੱਖੀ ਹੈ, ਪਰ ਭਾਰਤ ਵਿੱਚ ਇਹ ਦਵਾਈਆਂ ਖੁੱਲ੍ਹੇਆਮ ਵਿਕ ਰਹੀਆਂ ਹਨ। ‘ਨਿਮੂਲਿਡ’ ਅਤੇ ‘ਨਾਈਸ’ ਦੇ ਨਾਂਅ ਨਾਲ ਵਿਕਣ ਵਾਲੀਆਂ ਦਰਦ ਰੋਕੂ ਦਵਾਈਆਂ ਸਾਡੇ ਦੇਸ਼ ਦੀਆਂ ਸਭ ਤੋਂ ਵੱਧ ਵਿਕਦੀਆਂ ਦਵਾਈਆਂ ਵਿੱਚੋਂ ਹਨ। ਇਨ੍ਹਾਂ ਵਿੱਚ ਮੌਜੂਦ ‘ਨਿਮੁਸਿਲਾਈਡ’ ਲੀਵਰ ਖਰਾਬ ਕਰ ਸਕਦਾ ਹੈ। ਪੇਟ ਵਿੱਚ ਕੀੜੇ ਹੋਣ ‘ਤੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਦਵਾਈ ‘ਪਿਰਾਜਿਨ’ ਨਾੜੀ ਤੰਤਰ ਉੱਤੇ ਤਬਾਹਕੁੰਨ ਅਸਰ ਪਾਉਂਦੀ ਹੈ। ਇਸ ਦੇ ਬਾਵਜੂਦ ਭਾਰਤ ਵਿੱਚ ਇਹ ਦੂਰ ਦੁਰਾਡੇ ਪਿੰਡ ਤੱਕ ਆਸਾਨੀ ਨਾਲ ਮਿਲਦ ਹੈ। ਦਿਮਾਗੀ ਕਮਜ਼ੋਰੀ ਦੇ ਇਲਾਜ ‘ਚ ਵਰਤੀਆਂ ਜਾਣ ਵਾਲੀਆਂ ਕਈ ਦਵਾਈਆਂ ਨੂੰ ਅੱਜ ਤੱਕ ਕਿਸੇ ਪ੍ਰਮਾਣਿਕ ਸੰਸਥਾ ਨੇ ਕਬੂਲਿਆ ਨਹੀਂ, ਪਰ ਇਨ੍ਹਾਂ ਦੀ ਵਰਤੋਂ ਧੜੱਲੇ ਨਾਲ ਹੋ ਰਹੀ ਹੈ। ਇਸੇ ਤਰ੍ਹਾਂ ‘ਸੇਰੇਟਮ’, ‘ਸੇਰੇਲੌਇਡ’, ‘ਹਾਈਡਰਜੀਨ’, ‘ਵੈਸੋਟੈਕ’ ਆਦਿ ਵਿੱਚ ਕੋਈ ਅਜਿਹੇ ਤੱਤ ਨਹੀਂ, ਜੋ ਮਾਨਸਿਕ ਰੋਗਾਂ ਵਿੱਚ ਫਾਇਦਾ ਦੇਣ। ਅਜਿਹੀਆਂ 30 ਤੋਂ ਜ਼ਿਆਦਾ ਦਵਾਈਆਂ ਹੋਰ ਹਨ, ਜੋ ਨਵਜੰਮੇ ਬੱਚਿਆਂ ਜਾਂ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਲਈ ਜਾਨਲੇਵਾ ਸਾਬਤ ਹੋ ਸਕਦੀਆਂ ਹਨ। ਇਨ੍ਹਾਂ ਦੀ ਵਰਤੋਂ ਦਾ ਦਿਮਾਗ ਉੱਤੇ ਅਸਰ, ਸਰੀਰ ਵਿੱਚ ਅਕੜਾਹਟ ਜਾਂ ਫਿਰ ਮੌਤ ਤੱਕ ਹੋ ਸਕਦੀ ਹੈ। ਇਨ੍ਹਾਂ ਦਵਾਈਆਂ ਨਾਲ ਮਾਨਸਿਕ ਕਾਰਜ ਪ੍ਰਣਾਲੀ ਦਾ ਨੁਕਸਾਨ ਹੋਣ ਦੀਆਂ ਅਣਗਿਣਤ ਮਿਸਾਲਾਂ ਹਨ।
ਅਮਰੀਕੀ ਸਰਕਾਰ ਨੇ ਮੋਟਾਪਾ ਘਟਾਉਣ ਵਾਲੀਆਂ ਦੋ ਸਭ ਤੋਂ ਵੱਧ ਮਸ਼ਹੂਰ ਦਵਾਈਆਂ ‘ਤੇ ਪਾਬੰਦੀ ਲਾ ਦਿੱਤੀ ਹੈ। ‘ਰੀਡੌਕਸ’ ਇਕ ਅਜਿਹੀ ਦਵਾਈ ਹੈ, ਜਿਸ ਦਾ ਸੇਵਨ ਦੁਨੀਆ ਭਰ ‘ਚ 50 ਲੱਖ ਤੋਂ ਜ਼ਿਆਦਾ ਲੋਕ ਆਪਣਾ ਸਰੀਰ ਸੁਡੌਲ ਬਣਾਉਣ ਲਈ ਕਰਦੇ ਹਨ। ਮੋਟਾਪਾ ਘਟਾਉਣ ਦੀ ਇਕ ਪ੍ਰਚੱਲਤ ਦਵਾਈ ‘ਪੌਂਡੀਮਿਨ’ ਕਾਰਨ ਦਿਲ ਦੇ ਜਾਨਲੇਵਾ ਰੋਗ ਹੋ ਸਕਦੇ ਹਨ। ਇਨ੍ਹਾਂ ਦੇ ਮਾੜੇ ਪ੍ਰਭਾਵਾਂ ਦਾ ਜਦੋਂ ਸ਼ੋਰ ਪਿਆ ਤਾਂ ‘ਰੀਡੌਕਸ’ ਅਤੇ ‘ਪੌਂਡੀਮਿਨ’ ਨੂੰ ਬਾਜ਼ਾਰ ਤੋਂ ਹਟਾ ਲਿਆ ਗਿਆ। ਇਹ ਦੋਵੇਂ ਦਵਾਈਆਂ ‘ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ’ (ਐਫ ਡੀ ਏ) ਤੋਂ ਪ੍ਰਵਾਨਗੀ ਵਾਲੀਆਂ ਹਨ। ਅਸਲ ਵਿੱਚ ਇਨ੍ਹਾਂ ਦਵਾਈਆਂ ਨੂੰ ਐਫ ਡੀ ਏ ਦੀ ਮਨਜ਼ੂਰੀ ਸਿਰਫ ਅਤਿਅੰਤ ਕਮਜ਼ੋਰ ਮਰੀਜ਼ਾਂ ਦੇ ਇਲਾਜ ਲਈ ਸੀ, ਜਦੋਂ ਕਿ ਡਾਕਟਰ ਤੇ ਸੁਡੌਲ ਬਣਾਉਣ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਨੇ ਇਸ ਦੀ ਵਰਤੋਂ ਥੋੜ੍ਹੀ ਜਿਹੀ ਚਰਬੀ ਵਧਣ ‘ਤੇ ਹੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹੀ ਨਹੀਂ ਇਸ ਚਮਤਕਾਰੀ ਦਵਾਈ ਦੀਆਂ ਅੰਨੇ੍ਹਵਾਹ ਖੁਰਾਕਾਂ ਦੇ ਦਿੱਤੀਆਂ, ਜਿਸ ਦੇ ਚੱਲਦਿਆਂ ਫਾਇਦੇ ਦੀ ਥਾਂ ਨੁਕਸਾਨ ਜ਼ਿਆਦਾ ਹੋਇਆ।
‘ਪੌਂਡੀਮਿਨ’ ਦੇ ਮਾੜੇ ਅਸਰ ਦੀ ਜਾਣਕਾਰੀ ਉਸ ਦੀ ਖੋਜ ਤੋਂ 24 ਸਾਲ ਬਾਅਦ ਪਤਾ ਲੱਗੀ। ਸਾਲ 1995 ਵਿੱਚ ‘ਰੋਡੌਕਸ’ ਦੀ ਮਨਜ਼ੂਰੀ ਲਈ ਐਫ ਡੀ ਏ ਕੋਲ ਭੇਜਦੇ ਸਮੇਂ ਪਤਾ ਚੱਲ ਗਿਆ ਕਿ ਇਸ ਦੀ ਪਰਖ ਮੌਕੇ ਜਾਨਵਰਾਂ ਦੇ ਦਿਮਾਗ ‘ਤੇ ਉਲਟ ਅਸਰ ਪਿਆ ਸੀ। ਪੈਸਾ ਕਮਾਉਣ ਦੀ ਲਾਲਸਾ ‘ਚ ਕੰਪਨੀ ਨੇ ਇਸ ਤੱਥ ਨੂੰ ਲੁਕੋ ਕੇ ਰੱਖਿਆ। ਅੱਜ ਇਕੱਲੇ ਅਮਰੀਕਾ ਵਿੱਚ 100 ਤੋਂ ਵੱਧ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਇਸ ਦਵਾਈ ਦਾ ਸੇਵਨ ਕਰਨ ਵਾਲਿਆਂ ਦੇ ਦਿਲ ਦੇ ਵਾਲਵ ਖਰਾਬ ਹੋ ਗਏ। ਦਵਾਈ ਖਾਣ ਵਾਲੇ 30 ਫੀਸਦੀ ਲੋਕਾਂ ਵਿੱਚ ਬਗੈਰ ਕਿਸੇ ਲੱਛਣ ਦੇ ਦਿਲ ਦਾ ਵਾਲਵ ਖਰਾਬ ਹੋਣ ਦੀ ਸੰਭਾਵਨਾ ਦੇਖੀ ਗਈ। ਅਜਿਹੀਆਂ ਕਈ ਦਵਾਈਆਂ ‘ਤੇ ਸਰਕਾਰ ਨੇ ਪਾਬੰਦੀ ਲਾ ਰੱਖੀ ਹੈ ਤੇ ਕਈਆਂ ਦੇ ਘਾਤਕ ਅਸਰ ਨੂੰ ਦੇਖ ਕੇ ਉਨ੍ਹਾਂ ‘ਤੇ ਰੋਕ ਲਾਉਣੀ ਜ਼ਰੂਰੀ ਹੈ। ਕੁਝ ਅਜਿਹੀਆਂ ਦਵਾਈਆਂ ਬਾਜ਼ਾਰ ‘ਚ ਵਿਕ ਰਹੀਆਂ ਹਨ ਜਿਨ੍ਹਾਂ ਦੇ ਫਾਇਦੇਮੰਦ ਹੋਣ ਦੀ ਜਾਂਚ ਅੱਜ ਤੱਕ ਕਿਸੇ ਪ੍ਰਮਾਣਿਕ ਸੰਸਥਾ ਤੋਂ ਨਹੀਂ ਹੋਈ ਹੈ।