ਪਾਬੰਦੀਆਂ ਹਟਾਉਣ ਦਾ ਟਰੰਪ ਨੇ ਦਿਵਾਇਆ ਭਰੋਸਾ : ਕਿੰਮ ਜੌਂਗ ਉਨ

ਪਯੌਂਗਯੈਂਗ, 13 ਜੂਨ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਤੇ ਉੱਤਰੀ ਕੋਰੀਆ ਦੇ ਹਾਕਮ ਕਿੰਮ ਜੌਂਗ ਉਨ ਦੇ ਆਪਸ ਵਿੱਚ ਹੱਥ ਮਿਲਾਉਂਦਿਆਂ ਦੀਆਂ ਉੱਤਰੀ ਕੋਰੀਆ ਦੀ ਸੱਤਾਧਾਰੀ ਵਰਕਰਜ਼ ਪਾਰਟੀ ਦੇ ਅਖਬਾਰ ਦੇ ਪਹਿਲੇ ਪੰਨੇ ਉੱਤੇ ਛਪੀਆਂ ਤਸਵੀਰਾਂ ਤੇ ਖਬਰਾਂ ਦਾ ਸਥਾਨਕ ਵਾਸੀਆਂ ਵੱਲੋਂ ਕੁੱਝ ਮਹੀਨੇ ਪਹਿਲਾਂ ਤੱਕ ਕਿਆਸ ਵੀ ਨਹੀਂ ਸੀ ਕੀਤਾ ਜਾ ਸਕਦਾ।
ਉੱਤਰੀ ਕੋਰੀਆ ਵੱਲੋਂ ਵੀ ਇਸ ਨੂੰ ਇਤਿਹਾਸਕ ਮੀਟਿੰਗ ਦੱਸਿਆ ਜਾ ਰਿਹਾ ਹੈ। ਤਕਨੀਕੀ ਤੌਰ ਉੱਤੇ ਅਜੇ ਵੀ ਜੰਗ ਦੀ ਸਥਿਤੀ ਵਿੱਚ ਫਸੇ ਹੋਏ ਅਮਰੀਕਾ ਤੇ ਉੱਤਰੀ ਕੋਰੀਆ ਦੇ ਲੋਕਾਂ ਨੂੰ ਸਰਕਾਰੀ ਅਖਬਾਰ ਰਾਹੀਂ ਦੱਸਿਆ ਗਿਆ ਕਿ ਦੱਖਣੀ ਕੋਰੀਆ ਨਾਲ ਸਾਂਝੀਆਂ ਮਸ਼ਕਾਂ ਰੋਕਣ ਲਈ ਕਿੰਮ ਦੀ ਮੰਗ ਟਰੰਪ ਵੱਲੋਂ ਮੰਨ ਲਈ ਗਈ ਹੈ। ਇਸ ਤੋਂ ਇਲਾਵਾ ਤਣਾਅ ਘੱਟ ਕਰਨ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ। ਇਹ ਵੀ ਆਖਿਆ ਗਿਆ ਕਿ ਟਰੰਪ ਨੇ ਇਹ ਭਰੋਸਾ ਦਿਵਾਇਆ ਹੈ ਕਿ ਉਹ ਉੱਤਰੀ ਕੋਰੀਆ ਉੱਤੇ ਲੱਗੀਆਂ ਪਾਬੰਦੀਆਂ ਹਟਾ ਦੇਣਗੇ।
ਜਿ਼ਕਰਯੋਗ ਹੈ ਕਿ ਨਵੇਂ ਸਾਲ ਵਾਲੇ ਦਿਨ ਕਿੰਮ ਵੱਲੋਂ ਪ੍ਰਮਾਣੂ ਸ਼ਕਤੀ ਬਣਨ ਦਾ ਦਾਅਵਾ ਕੀਤਾ ਜਾ ਰਿਹਾ ਸੀ ਤੇ ਅਮਰੀਕਾ ਨੂੰ ਮਿੱਟੀ ਵਿੱਚ ਮਿਲਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ। ਪਰ ਘਟਨਾਕ੍ਰਮ ਵਿੱਚ ਅਚਾਨਕ ਆਈ ਤਬਦੀਲੀ ਕਾਰਨ ਹੁਣ ਉੱਤਰੀ ਕੋਰੀਆ ਤੇ ਅਮਰੀਕਾ ਇੱਕ ਮੰਚ ਉੱਤੇ ਸੁਲ੍ਹਾ ਕਰਨ ਲਈ ਪਹੁੰਚ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਪਹਿਲਾਂ ਕਿੰਮ ਚੀਨ ਤੇ ਦੱਖਣੀ ਕੋਰੀਆ ਦੇ ਆਗੂਆਂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ।
ਇਹ ਵੀ ਪਤਾ ਲੱਗਿਆ ਹੈ ਕਿ ਕਿੰਮ ਜੌਂਗ ਉਨ ਤੇ ਟਰੰਪ ਦੀ ਇਹੋ ਰਾਇ ਹੈ ਕਿ ਕੋਰੀਆਈ ਪ੍ਰਾਇਦੀਪ ਵਿੱਚ ਸ਼ਾਂਤੀ ਬਹਾਲ ਕਰਨ, ਸਥਿਰਤਾ ਲਿਆਉਣ ਤੇ ਪ੍ਰਮਾਣੂ ਨਿਸ਼ਸਤਰੀਕਰਨ ਲਈ ਕਦਮ ਦਰ ਕਦਮ ਸਿਧਾਂਤਕ ਪਹੁੰਚ ਅਪਣਾਏ ਜਾਣ ਦੀ ਲੋੜ ਹੈ। ਦੋਵਾਂ ਧਿਰਾਂ ਵੱਲੋਂ ਇਸ ਪ੍ਰਕਿਰਿਆ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦਾ ਵਾਅਦਾ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਿੰਮ ਤੇ ਟਰੰਪ ਵੱਲੋਂ ਇੱਕ ਦੂਜੇ ਨੂੰ ਆਪਣੇ ਮੁਲਕ ਆਉਣ ਦਾ ਸੱਦਾ ਵੀ ਦਿੱਤਾ ਗਿਆ ਹੈ।