ਪਾਦਰੀ ਦੇ ਕਤਲ ਤੋਂ ਭੜਕੇ ਈਸਾਈ ਭਾਈਚਾਰੇ ਨੇ ਲੁਧਿਆਣਾ ਜਾਮ ਕੀਤਾ

ludhiana jam

pestor killed
* ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਦੇਹ ਨੂੰ ਦਫ਼ਨਾਉਣ ਤੋਂ ਇਨਕਾਰ
ਲੁਧਿਆਣਾ, 16 ਜੁਲਾਈ, (ਪੋਸਟ ਬਿਊਰੋ)- ਇਸ ਸ਼ਹਿਰ ਦੇ ਸਲੇਮ ਟਾਬਰੀ ਦੇ ਪੀਰੂਬੰਦਾ ਖੇਤਰ ਦੇ ਇੱਕ ਪਾਦਰੀ ਸੁਲਤਾਨ ਮਸੀਹ ਦੇ ਕਤਲ ਤੋਂ ਗੁੱਸੇ ਵਿੱਚ ਆਏ ਈਸਾਈ ਭਾਈਚਾਰੇ ਨੇ ਅੱਜ ਦੁਪਹਿਰੇ ਨੈਸ਼ਨਲ ਹਾਈਵੇ ਨੰਬਰ ਨੰਬਰ ਇਕ ਦੇ ਜਲੰਧਰ ਬਾਈਪਾਸ ਉਪਰ ਜਾਮ ਲਾ ਦਿੱਤਾ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਚਰਚ ਦੇ ਨਾਲ ਜੁੜਵੇਂ ਘਰ ਵਿੱਚ ਰਹਿੰਦੇ ਪਾਦਰੀ ਸੁਲਤਾਨ ਮਸੀਹ ਦਾ ਸ਼ਨਿੱਚਰਵਾਰ ਰਾਤ ਕਰੀਬ ਪੌਣੇ ਨੌਂ ਵਜੇ ਓਦੋਂ ਕਤਲ ਕਰ ਦਿੱਤਾ ਗਿਆ, ਜਦੋਂ ਉਹ ਫੋਨ ਸੁਣਦੇ ਹੋਏ ਘਰ ਤੋਂ ਬਾਹਰ ਆ ਗਏ।
ਅੱਜ ਐਤਵਾਰ ਨੂੰ ਗੁੱਸੇ ਵਿੱਚ ਆਏ ਈਸਾਈ ਭਾਈਚਾਰੇ ਨੇ ਜਲੰਧਰ ਬਾਈਪਾਸ ਉੱਤੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ, ਜਿਸ ਨਾਲ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਉਨ੍ਹਾ ਨੇ ਕਿਸੇ ਵੀ ਵਾਹਨ ਨੂੰ ਨਹੀਂ ਅੱਗੇ ਨਹੀਂ ਜਾਣ ਦਿੱਤਾ। ਪੁਲੀਸ ਨੇ ਥਾਣਾ ਬਸਤੀ ਜੋਧੇਵਾਲ ਅਤੇ ਹੋਟਲ ਅਮਲਤਾਸ ਨੇੜੇ ਬੈਰੀਕੇਡ ਲਾ ਕੇ ਟਰੈਫਿਕ ਰੋਕ ਦਿੱਤਾ, ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ। ਰੋਸ ਪ੍ਰਦਰਸ਼ਨ ਕਾਰਨ ਸ਼ਹਿਰ ਦੀ ਟਰੈਫਿਕ ਵਿਵਸਥਾ ਵਿਗੜ ਗਈ। ਇਸ ਦੌਰਾਨ ਰੋਸ ਕਰਦੇ ਲੋਕ ਨੈਸ਼ਨਲ ਹਾਈਵੇ ਨਾਲ ਸਰਵਿਸ ਲੇਨ ਉੱਤੇ ਵੀ ਬੈਠ ਗਏ। ਉਹ ਕਿਸੇ ਵੀ ਵਾਹਨ ਨੂੰ ਨਹੀਂ ਲੰਘਣ ਦੇ ਰਹੇ ਸਨ। ਇਕ ਪੁਲੀਸ ਅਧਿਕਾਰੀ ਨੇ ਉਨ੍ਹਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦੀ ਤਿੱਖੀ ਬਹਿਸ ਹੋ ਗਈ। ਮੌਕੇ ਉਤੇ ਮੌਜੂਦ ਹੋਰ ਪੁਲੀਸ ਵਾਲਿਆਂ ਨੇ ਲੋਕਾਂ ਨੂੰ ਸਮਝਾਇਆ ਤੇ ਆਪਣੇ ਅਫਸਰਾਂ ਨੂੰ ਉਥੋਂ ਲੈ ਗਏ।
ਪੁਲੀਸ ਕਮਿਸ਼ਨਰ ਆਰ ਐਨ ਢੋਕੇ ਅਤੇ ਹੋਰ ਪੁਲੀਸ ਅਧਿਕਾਰੀ ਇਸ ਦੌਰਾਨ ਜਲੰਧਰ ਬਾਈਪਾਸ ਪੁੱਜੇ ਤੇ ਉਨ੍ਹਾਂ ਨੇ ਵਿਧਾਇਕਾਂ ਨੂੰ ਨਾਲ ਲੈ ਕੇ ਈਸਾਈ ਭਾਈਚਾਰੇ ਦੇ ਇੱਕ ਵਫ਼ਦ ਨਾਲ ਮੀਟਿੰਗ ਕੀਤੀ, ਜਿਸ ਵਿੱਚ ਪੁਲੀਸ ਕਮਿਸ਼ਨਰ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਈਸਾਈ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਪਿੱਛੋਂ ਧਰਨਾ ਸਮਾਪਤ ਹੋਇਆ।
ਪਾਦਰੀ ਸੁਲਤਾਨ ਮਸੀਹ ਦੇ ਭਰਾ ਰਾਜੂ ਮਸੀਹ ਅਤੇ ਕ੍ਰਿਸ਼ਚਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲੀਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਉਦੋਂ ਤੱਕ ਲਾਸ਼ ਨੂੰ ਦਫ਼ਨਾਇਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ 11 ਮੈਂਬਰੀ ਕਮੇਟੀ ਬਣਾਈ ਹੈ, ਜੋ ਸੰਘਰਸ਼ ਦਾ ਫੈਸਲਾ ਲਵੇਗੀ। ਪੁਲੀਸ ਕਮਿਸ਼ਨਰ ਆਰ ਐਨ ਢੋਕੇ ਨੇ ਕਤਲ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਹੈ, ਜਿਸ ਵਿੱਚ ਡੀ ਸੀ ਪੀ ਕਰਾਈਮ ਗਗਨ ਅਜੀਤ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਲ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਦਰੀ ਦੇ ਇਸ ਕਤਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਪੁਲਸ ਦੇ ਮੁਖੀ ਸੁਰੇਸ਼ ਅਰੋੜਾ ਨੂੰ ਨਿਰਦੇਸ਼ ਦਿੱਤਾ ਕਿ ਫਿਰਕੂ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ। ਮੁੱਖ ਮੰਤਰੀ ਨੇ ਪੁਲੀਸ ਤੇ ਖ਼ੁਫ਼ੀਆ ਏਜੰਸੀਆਂ ਵਿੱਚ ਤਾਲਮੇਲ ਯਕੀਨੀ ਬਣਾਉਣ ਵਾਸਤੇ ਕਿਹਾ ਤਾਂ ਜੋ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਅਗੇਤੇ ਕਦਮ ਚੁੱਕੇ ਜਾ ਸਕਣ।